Teachers Transfer News: ਅਧਿਆਪਕਾਂ ਦੇ ਤਬਾਦਲੇ ਸਬੰਧੀ ਸਿੱਖਿਆ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ, ਅੱਜ ਰਾਤ ਤੱਕ ਦਾ ਹੈ ਮੌਕਾ (ਪੜ੍ਹੋ ਪੱਤਰ)
ਪੰਜਾਬ ਨੈੱਟਵਰਕ
Teachers Transfer News: ਚੰਡੀਗੜ੍ਹ, 14 ਜੂਨ 2026: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ ਦੇ ਤਬਾਦਲਿਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ, ਜ਼ਿਲ੍ਹੇ ਦੇ ਅੰਦਰ (Within District) ਤਬਾਦਲੇ ਕਰਵਾਉਣ ਦੇ ਚਾਹਵਾਨ ਮੁਲਾਜ਼ਮਾਂ ਲਈ ‘ਸਟੇਸ਼ਨ ਚੁਣਨ’ (Station Choice) ਦੀ ਪ੍ਰਕਿਰਿਆ ਅੱਜ ਯਾਨੀ 14 ਜੂਨ 2026 ਦੀ ਰਾਤ 12:00 ਵਜੇ ਤੱਕ ਖੁੱਲ੍ਹੀ ਰਹੇਗੀ।
ਪੱਤਰ ਮੁਤਾਬਕ, ਜਿਨ੍ਹਾਂ ਅਧਿਆਪਕਾਂ ਜਾਂ ਕਰਮਚਾਰੀਆਂ ਨੇ ਪਹਿਲਾਂ ਤਬਾਦਲੇ ਲਈ ਅਰਜ਼ੀ ਦਿੱਤੀ ਸੀ, ਉਹ ਹੁਣ ‘ਈ-ਪੰਜਾਬ ਪੋਰਟਲ’ (ePunjab Portal) ‘ਤੇ ਲੌਗ-ਇਨ ਕਰਕੇ ‘Transfer Menu’ ਵਿੱਚ ਜਾ ਕੇ ਆਪਣੀ ਪਸੰਦ ਦੇ ਖਾਲੀ ਸਟੇਸ਼ਨਾਂ ਦੀ ਚੋਣ ਕਰ ਸਕਦੇ ਹਨ।
ਵਿਭਾਗ ਨੇ ਅੱਗੇ ਸਪੱਸ਼ਟ ਕੀਤਾ ਹੈ ਕਿ ਇੱਕ ਵਾਰ ਤਬਾਦਲਾ ਹੋਣ ਤੋਂ ਬਾਅਦ ਉਸ ਨੂੰ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤਾ ਜਾਵੇਗਾ। ਇਸ ਲਈ, ਸਟੇਸ਼ਨ ਚੋਣ ਕਰਨ ਸਮੇਂ ਬਹੁਤ ਹੀ ਧਿਆਨ ਅਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਤਬਾਦਲਾ ਹੋਣ ਦੀ ਸੂਰਤ ਵਿੱਚ ਨਵੇਂ ਸਟੇਸ਼ਨ ‘ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ।
ਜੇਕਰ ਕਿਸੇ ਮੁਲਾਜ਼ਮ ਨੂੰ ਆਨਲਾਈਨ ਸਟੇਸ਼ਨ ਚੋਣ ਵਿੱਚ ਕੋਈ ਤਕਨੀਕੀ ਦਿੱਕਤ ਆਉਂਦੀ ਹੈ, ਤਾਂ ਉਹ ਆਪਣੇ ਸਬੰਧਿਤ ਜ਼ਿਲ੍ਹੇ ਦੇ MIS ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦਾ ਹੈ। ਕੋਆਰਡੀਨੇਟਰਾਂ ਦੇ ਫ਼ੋਨ ਨੰਬਰਾਂ ਦੀ ਸੂਚੀ ‘ePunjab’ ਪੋਰਟਲ ‘ਤੇ ਉਪਲਬਧ ਕਰਵਾ ਦਿੱਤੀ ਗਈ ਹੈ।

ਦੱਸ ਦਈਏ ਕਿ ਵਿਭਾਗ ਪਹਿਲਾਂ ਹੀ ਅਧਿਆਪਕਾਂ ਦੀ ‘Teachers Transfer Policy-2019’ ਅਤੇ ਬਾਅਦ ਵਿੱਚ ਹੋਈਆਂ ਸੋਧਾਂ ਅਨੁਸਾਰ ਆਨਲਾਈਨ ਅਰਜ਼ੀਆਂ ਪ੍ਰਾਪਤ ਕਰ ਚੁੱਕਾ ਹੈ। ਇਨ੍ਹਾਂ ਅਰਜ਼ੀਆਂ ਦੀ ਤਸਦੀਕ ਸਕੂਲ ਮੁਖੀਆਂ/ਡੀ.ਡੀ.ਓਜ਼ ਵੱਲੋਂ 25 ਮਈ ਤੋਂ 28 ਮਈ 2026 ਦੇ ਵਿਚਕਾਰ ਮੁਕੰਮਲ ਕਰ ਲਈ ਗਈ ਸੀ। ਹੁਣ ਇਹ ਪ੍ਰਕਿਰਿਆ ਤਬਾਦਲੇ ਦੇ ਪਹਿਲੇ ਪੜਾਅ ਵਜੋਂ ਜ਼ਿਲ੍ਹੇ ਦੇ ਅੰਦਰ ਤਬਾਦਲਿਆਂ ਲਈ ਚਲਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਨੇ ਸਾਰੇ ਸਬੰਧਿਤ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਆਪਣੀ ਪ੍ਰਕਿਰਿਆ ਪੂਰੀ ਕਰ ਲੈਣ।
















