SIR starts in Chandigarh from today! ਵੱਡੀ ਖ਼ਬਰ: ਚੰਡੀਗੜ੍ਹ ‘ਚ ਅੱਜ ਤੋਂ SIR ਸ਼ੁਰੂ, ‘ਘਰ-ਘਰ’ ਜਾਣਗੇ BLO! ਇਨ੍ਹਾਂ ਲੋਕਾਂ ਦੀਆਂ ਕੱਟੀਆਂ ਜਾਣਗੀਆਂ ਵੋਟਾਂ!
SIR starts in Chandigarh from today! ਘਰ ਨੂੰ ਤਾਲਾ ਲੱਗਿਆ ਮਿਲਣ ‘ਤੇ BLO 3 ਵਾਰ ਮਾਰਨਗੇ ਗੇੜਾ, ਫਿਰ ਵੀ ਨਾ ਮਿਲੇ ਤਾਂ ਲਿਸਟ ‘ਚੋਂ ਨਾਮ ਖ਼ਾਰਜ – ਦੇਸ਼ ਦੇ 16 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਚੰਡੀਗੜ੍ਹ ਵਿੱਚ SIR ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ, 15 ਜੂਨ 2026-
SIR starts in Chandigarh from today! ਚੰਡੀਗੜ੍ਹ ਵਿੱਚ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸਹੀ, ਅਪਡੇਟਡ ਅਤੇ ਗਲਤੀ ਰਹਿਤ ਬਣਾਉਣ ਲਈ ਚੋਣ ਵਿਭਾਗ ਵੱਲੋਂ ਅੱਜ (15 ਜੂਨ) ਤੋਂ ਇੱਕ ‘ਵਿਸ਼ੇਸ਼ ਤੀਬਰ ਸੋਧ ਮੁਹਿੰਮ’ ( SIR- Special Intensive Revision) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਵੱਡੀ ਮੁਹਿੰਮ ਦੇ ਤਹਿਤ ਸ਼ਹਿਰ ਦੇ ਸਾਰੇ 5,16,427 ਵੋਟਰਾਂ ਦੀ ਦੁਬਾਰਾ ਤਸਦੀਕ (Re-verification) ਕੀਤੀ ਜਾਵੇਗੀ। ਚੋਣ ਅਧਿਕਾਰੀਆਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੋਟਰ ਨਿਰਧਾਰਤ ‘ਐਨਿਊਮਰੇਸ਼ਨ ਫਾਰਮ’ ਭਰ ਕੇ ਜਮ੍ਹਾਂ ਨਹੀਂ ਕਰਨਗੇ, ਉਨ੍ਹਾਂ ਦਾ ਨਾਮ ਆਉਣ ਵਾਲੀ ਵੋਟਰ ਲਿਸਟ ਵਿੱਚੋਂ ਕੱਟਿਆ ਜਾ ਸਕਦਾ ਹੈ।
ਮੁੱਖ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਇਹ ਵਿਸ਼ੇਸ਼ ਮੁਹਿੰਮ ਚੰਡੀਗੜ੍ਹ ਸਮੇਤ ਦੇਸ਼ ਦੇ 16 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚਲਾਈ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਵੋਟਰ ਸੂਚੀ ਵਿੱਚੋਂ ਡੁਪਲੀਕੇਟ, ਦੂਜੀ ਥਾਂ ਸ਼ਿਫਟ ਹੋ ਚੁੱਕੇ ਅਤੇ ਮ੍ਰਿਤਕ ਵੋਟਰਾਂ ਦੀ ਪਛਾਣ ਕਰਕੇ ਸੂਚੀ ਨੂੰ ਪੂਰੀ ਤਰ੍ਹਾਂ ਸ਼ੁੱਧ ਕਰਨਾ ਹੈ।
614 BLO ਘਰ-ਘਰ ਜਾ ਕੇ ਕਰਨਗੇ ਸਰਵੇਖਣ
15 ਜੂਨ ਤੋਂ 14 ਜੁਲਾਈ ਤੱਕ ਪੂਰਾ ਇੱਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਲਈ ਸ਼ਹਿਰ ਵਿੱਚ 614 ਬੂਥ ਲੈਵਲ ਅਫ਼ਸਰ (BLO) ਤਾਇਨਾਤ ਕੀਤੇ ਗਏ ਹਨ। ਇਹ ਅਫ਼ਸਰ ਹਰੇਕ ਘਰ ਵਿੱਚ ਜਾ ਕੇ ਵੋਟਰਾਂ ਨੂੰ ‘ਐਨਿਊਮਰੇਸ਼ਨ ਫਾਰਮ’ ਦੀਆਂ ਦੋ ਕਾਪੀਆਂ ਪ੍ਰਦਾਨ ਕਰਨਗੇ। ਵੋਟਰਾਂ ਨੂੰ ਇੱਕ ਕਾਪੀ ਭਰ ਕੇ ਮੌਕੇ ‘ਤੇ ਹੀ ਬੀਐਲਓ ਨੂੰ ਵਾਪਸ ਕਰਨੀ ਹੋਵੇਗੀ, ਜਦੋਂ ਕਿ ਦੂਜੀ ਕਾਪੀ ਵੋਟਰ ਕੋਲ ਰਸੀਦ ਦੇ ਤੌਰ ‘ਤੇ ਸੁਰੱਖਿਅਤ ਰਹੇਗੀ।
ਚੋਣ ਵਿਭਾਗ ਨੇ ਇਸ ਵਾਰ ਨਿਯਮ ਕਾਫੀ ਸਖ਼ਤ ਕੀਤੇ ਹਨ। ਅਧਿਕਾਰੀਆਂ ਅਨੁਸਾਰ, ਜੇਕਰ ਕਿਸੇ ਘਰ ਵਿੱਚ ਪਹਿਲੀ ਵਾਰ ਜਾਣ ‘ਤੇ ਤਾਲਾ ਲੱਗਿਆ ਮਿਲਦਾ ਹੈ, ਤਾਂ ਬੀਐਲਓ ਉਸ ਪਤੇ ਨੂੰ ਇੰਝ ਹੀ ਨਹੀਂ ਛੱਡੇਗਾ, ਬਲਕਿ ਵੱਖ-ਵੱਖ ਸਮੇਂ ‘ਤੇ ਤਿੰਨ ਵਾਰ ਉਸ ਘਰ ਦਾ ਦੌਰਾ ਕਰੇਗਾ। ਜੇਕਰ ਤਿੰਨੋਂ ਵਾਰ ਜਾਣ ਦੇ ਬਾਵਜੂਦ ਵੋਟਰ ਦੀ ਕੋਈ ਜਾਣਕਾਰੀ ਨਹੀਂ ਮਿਲਦੀ, ਤਾਂ ਉਸ ਨੂੰ ਗੈਰਹਾਜ਼ਰ, ਟ੍ਰਾਂਸਫਰ ਜਾਂ ਡੁਪਲੀਕੇਟ ਮੰਨ ਕੇ ਵੋਟਰ ਸੂਚੀ ਵਿੱਚੋਂ ਉਸ ਦਾ ਨਾਮ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਚੋਣ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਵਿਸ਼ੇਸ਼ ਸੋਧ ਮੁਹਿੰਮ ਦੌਰਾਨ ਗਣਨਾ ਫਾਰਮ ਜਮ੍ਹਾ ਕਰਨਾ ਬੇਹੱਦ ਲਾਜ਼ਮੀ ਹੋਵੇਗਾ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਆਉਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਪ੍ਰਮਾਣਿਤ ਵੋਟਰ ਮੰਨਿਆ ਜਾਵੇਗਾ, ਜੋ ਇਹ ਫਾਰਮ ਭਰ ਕੇ ਜਮ੍ਹਾਂ ਕਰਵਾਉਣਗੇ। ਵਿਭਾਗ ਨੇ ਸ਼ਹਿਰ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਰ ਸੂਚੀ ਨੂੰ ਸ਼ੁੱਧ ਬਣਾਉਣ ਲਈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ।

















