ਕਥਿਤ ਫੋਰੈਂਸਿਕ ਰਿਪੋਰਟ ਰਾਹੀਂ CM ਮਾਨ ਨੂੰ ਬਦਨਾਮ ਕਰਨ ਦੀ ਚਾਲ ਨਾਕਾਮ; ਜਥੇਦਾਰ ਅਕਾਲੀ ਦਲ ਦੇ ਸਿਆਸੀ ਮੋਹਰੇ ਵਜੋਂ ਕੰਮ ਨਾ ਕਰਨ- ਬਲਤੇਜ ਪੰਨੂ ਦਾ ਬਾਦਲਾਂ ‘ਤੇ ਵੱਡਾ ਹਮਲਾ
‘ਆਪ’ ਨੇ ਜਥੇਦਾਰ ਵੱਲੋਂ ਜਾਰੀ ਕਥਿਤ ਫੋਰੈਂਸਿਕ ਰਿਪੋਰਟ ‘ਤੇ ਚੁੱਕੇ ਸਵਾਲ; ਕਿਹਾ- ਰਿਪੋਰਟ ਇਹ ਦੱਸਣ ‘ਚ ਨਾਕਾਮ ਕਿ ਵੀਡੀਓ ਵਿੱਚ ਅਸਲ ‘ਚ ਕੌਣ ਹੈ
ਅਕਾਲੀ ਦਲ ਨੇ ਆਪਣੀ ਖ਼ਤਮ ਹੋ ਰਹੀ ਪ੍ਰਸੰਗਿਕਤਾ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਣਾਇਆ ਸਿਆਸੀ ਅਖਾੜਾ: ਬਲਤੇਜ ਪੰਨੂ
ਮਾਨ ਸਰਕਾਰ ਵੱਲੋਂ ਬੇਅਦਬੀ ਖ਼ਿਲਾਫ਼ ਲਿਆਂਦਾ ਗਿਆ ਦੇਸ਼ ਦਾ ਸਭ ਤੋਂ ਸਖ਼ਤ ‘ਸਤਿਕਾਰ ਐਕਟ’ ਬਾਦਲ ਪਰਿਵਾਰ ਨੂੰ ਨਹੀਂ ਹੋ ਰਿਹਾ ਹਜ਼ਮ
ਚੰਡੀਗੜ੍ਹ, 15 ਜੂਨ 2026-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ, ਬਾਦਲ ਪਰਿਵਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਪੰਨੂ ਨੇ ਕਿਹਾ ਕਿ ਸਿਆਸਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਖੁੱਲ੍ਹੇਆਮ ਇੱਕ ਖਾਸ ਸਿਆਸੀ ਪਾਰਟੀ ਦੇ ਪੱਖ ਵਿੱਚ ਖੜ੍ਹੇ ਹੋ ਕੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਜਥੇਦਾਰ ਨੂੰ ਅਕਾਲੀ ਦਲ ਦੇ ਸਿਆਸੀ ਮੋਹਰੇ ਵਜੋਂ ਕੰਮ ਨਾ ਕਰਨ ਦੀ ਸਲਾਹ ਦਿੱਤੀ।
ਮੀਡੀਆ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦਾ ਸਰਵਉੱਚ ਅਤੇ ਪੂਜਣਯੋਗ ਅਸਥਾਨ ਹੈ, ਨਾ ਕਿ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਨਿੱਜੀ ਜਾਗੀਰ। ਉਨ੍ਹਾਂ ਦੋਸ਼ ਲਾਇਆ ਕਿ ਜੱਥੇਦਾਰ ਸਾਹਿਬ ਨੂੰ ਅੱਧੀ ਰਾਤ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ, ਬਿਨਾਂ ਕਿਸੇ ਸਿੱਖ ਸੰਪਰਦਾ ਦੀ ਰਾਇ ਲਏ ਥਾਪਿਆ ਗਿਆ ਸੀ। ਪੰਨੂ ਅਨੁਸਾਰ, ਜਥੇਦਾਰ ਦਾ ਬਾਦਲ ਪਰਿਵਾਰ ਪ੍ਰਤੀ ਵਫ਼ਾਦਾਰੀ ਨਿਭਾਉਣਾ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਖੁਦ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਦੱਸਣਾ, ਇਨ੍ਹਾਂ ਮਹਾਨ ਸਿੱਖ ਸੰਸਥਾਵਾਂ ਦੇ ਸਿਆਸੀਕਰਨ ਦਾ ਜਿਉਂਦਾ-ਜਾਗਦਾ ਸਬੂਤ ਹੈ।
ਜਥੇਦਾਰ ਵੱਲੋਂ ਜਾਰੀ ਕੀਤੀ ਗਈ ਕਥਿਤ ਫੋਰੈਂਸਿਕ ਰਿਪੋਰਟ ‘ਤੇ ਸਵਾਲ ਚੁੱਕਦਿਆਂ ਪੰਨੂ ਨੇ ਕਿਹਾ ਕਿ ਇਹ ਰਿਪੋਰਟ ਜਵਾਬ ਦੇਣ ਨਾਲੋਂ ਵੱਧ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਇਸ ਵਿੱਚ ਕਿਪੇ ਵੀ ਵੀਡੀਓ ਵਾਲੇ ਵਿਅਕਤੀ ਦੀ ਪਛਾਣ ਨਹੀਂ ਕੀਤੀ ਗਈ। ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ, “ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਵੀਡੀਓ ਏਆਈ (AI) ਨਾਲ ਨਹੀਂ ਬਣੀ, ਤਾਂ ਜੱਥੇਦਾਰ ਸਾਹਿਬ ਇਹ ਦੱਸਣ ਕਿ ਉਸ ਵੀਡੀਓ ਵਿੱਚ ਦਿਖ ਰਹੇ ਵਿਅਕਤੀ ਦਾ ਕੱਦ ਕਿੰਨਾ ਹੈ? ਕੀ ਉਸ ਦਾ ਕੱਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਲ ਖਾਂਦਾ ਹੈ? ਉਹ ਕਿਹੜਾ ਹੋਟਲ ਦਾ ਕਮਰਾ ਹੈ ਜਿੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ?” ਪੰਨੂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਇਸ ਪੂਰੇ ਮਾਮਲੇ ਦਾ ਸੱਚ ਜਨਤਾ ਦੇ ਸਾਹਮਣੇ ਲਿਆਵੇਗੀ।
ਅਕਾਲੀ ਦਲ ਦੇ ਇਤਿਹਾਸ ਨੂੰ ਕਾਲੇ ਪੰਨਿਆਂ ਨਾਲ ਭਰਿਆ ਦੱਸਦਿਆਂ ਪੰਨੂ ਨੇ ਕਿਹਾ ਕਿ ਸਾਲ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਬੀੜ ਚੋਰੀ ਹੋਣ ਅਤੇ ਬੇਅਦਬੀ ਦੇ ਮਾਮਲਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਦੇ ਰਾਜ ਦੌਰਾਨ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਦਬਾਇਆ ਗਿਆ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਅਜੇ ਵੀ ਇਨ੍ਹਾਂ ਮਾਮਲਿਆਂ ਦੇ ਇਨਸਾਫ਼ ਦੀ ਉਡੀਕ ਕਰ ਰਿਹਾ ਹੈ ਅਤੇ ਅਕਾਲੀ ਦਲ ਦੇ ਆਗੂ ਹੁਣ ਨੈਤਿਕ ਅਧਿਕਾਰ ਜਤਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।
ਬਲਤੇਜ ਪੰਨੂ ਨੇ ਮਾਨ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸੂਬੇ ਵਿੱਚ ਸਰਕਾਰ ਖਿਲਾਫ਼ ਕੋਈ ‘ਐਂਟੀ-ਇਨਕੰਬੈਂਸੀ’ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਨਹਿਰੀ ਪਾਣੀ ਦੀ ਪਹੁੰਚ 21% ਤੋਂ ਵਧ ਕੇ 80% ਹੋਈ ਹੈ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਅਤੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲਾ ਸਿਹਤ ਬੀਮਾ ਮਿਲ ਰਿਹਾ ਹੈ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਬਾਦਲ ਪਰਿਵਾਰ ਨੂੰ ਸਭ ਤੋਂ ਵੱਡੀ ਤਕਲੀਫ਼ ਇਸ ਗੱਲ ਦੀ ਹੈ ਕਿ ਜਿਸ ਭਗਵੰਤ ਮਾਨ ਨੂੰ ਉਹ ਹਮੇਸ਼ਾ ਬਦਨਾਮ ਕਰਦੇ ਸਨ, ਉਸੇ ਮਾਨ ਸਰਕਾਰ ਨੇ ਬੇਅਦਬੀ ਰੋਕਣ ਲਈ ‘ਸਤਿਕਾਰ ਐਕਟ’ ਵਿੱਚ ਇਤਿਹਾਸਕ ਸੋਧ ਕਰਕੇ ਪੰਜਾਬ ਦਾ ਸਭ ਤੋਂ ਸਖ਼ਤ ਕਾਨੂੰਨ ਲਾਗੂ ਕਰ ਦਿੱਤਾ ਹੈ। ਇਸੇ ਬੌਖਲਾਹਟ ਵਿੱਚ ਅਕਾਲੀ ਦਲ ਨੇ ਰਾਜਨੀਤੀ ਦਾ ਆਪਣਾ ਆਖਰੀ ਪੱਤਾ ਖੇਡਦਿਆਂ ਜੱਥੇਦਾਰ ਸਾਹਿਬ ਨੂੰ ਮੋਹਰਾ ਬਣਾਇਆ ਹੈ, ਪਰ ਪੰਜਾਬ ਦੀ ਜਨਤਾ ਇਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।
















