Telegram ਨੂੰ ਵੱਡਾ ਝਟਕਾ: RE-NEET ਪ੍ਰੀਖਿਆ ਕਰਕੇ 30 ਜੂਨ ਤੱਕ ਲੱਗੀ ਪਾਬੰਦੀ ਰਹੇਗੀ ਬਰਕਰਾਰ

On: ਜੂਨ 19, 2026 1:11 ਬਾਃ ਦੁਃ

 

Telegram ਨੂੰ ਵੱਡਾ ਝਟਕਾ: RE-NEET ਪ੍ਰੀਖਿਆ ਕਰਕੇ 30 ਜੂਨ ਤੱਕ ਲੱਗੀ ਪਾਬੰਦੀ ਰਹੇਗੀ ਬਰਕਰਾਰ

ਕੇਂਦਰ ਸਰਕਾਰ ਦੇ ਫੈਸਲੇ ‘ਤੇ ਹਾਈਕੋਰਟ ਨੇ ਲਗਾਈ ਮੋਹਰ; ਐਪ ਦਾ ਮੈਸੇਜ ਐਡੀਟਿੰਗ ਫੀਚਰ ਵੀ 22 ਜੂਨ ਤੱਕ ਬਲਾਕ- 3 ਮਈ ਨੂੰ ਲੀਕ ਹੋਇਆ ਪੇਪਰ ਟੈਲੀਗ੍ਰਾਮ ਰਾਹੀਂ ਹੀ ਮੁਲਜ਼ਮਾਂ ਨੇ ਨਕਲਬਾਜ਼ਾਂ ਤੱਕ ਪਹੁੰਚਾਇਆ ਸੀ

ਨਵੀਂ ਦਿੱਲੀ, 19 ਜੂਨ 2026-

ਦਿੱਲੀ ਹਾਈ ਕੋਰਟ ਨੇ ਪਾਬੰਦੀ ਦੇ ਮਾਮਲੇ ਵਿੱਚ ਮੈਸੇਜਿੰਗ ਐਪ ਟੈਲੀਗ੍ਰਾਮ (Telegram) ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਖ਼ਿਲਾਫ਼ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਦੇ ਹੁਕਮਾਂ ਮੁਤਾਬਕ 21 ਜੂਨ (ਦਿਨ ਐਤਵਾਰ) ਨੂੰ ਹੋਣ ਵਾਲੀ RE-NEET ਪ੍ਰੀਖਿਆ ਦੇ ਮੱਦੇਨਜ਼ਰ ਟੈਲੀਗ੍ਰਾਮ ‘ਤੇ 30 ਜੂਨ ਤੱਕ ਲਗਾਈ ਗਈ ਅਸਥਾਈ ਪਾਬੰਦੀ ਜਾਰੀ ਰਹੇਗੀ। ਇਸ ਦੇ ਨਾਲ ਹੀ 22 ਜੂਨ ਤੱਕ ਐਪ ਦਾ ‘ਮੈਸੇਜ ਐਡੀਟਿੰਗ ਫੀਚਰ’ ਵੀ ਬਲਾਕ ਰਹੇਗਾ।

ਜ਼ਿਕਰਯੋਗ ਹੈ ਕਿ 3 ਮਈ ਨੂੰ ਲੀਕ ਹੋਇਆ NEET ਦਾ ਪੇਪਰ ਮੁਲਜ਼ਮਾਂ ਵੱਲੋਂ ਟੈਲੀਗ੍ਰਾਮ ਰਾਹੀਂ ਹੀ ਲਾਭਪਾਤਰੀਆਂ ਤੱਕ ਪਹੁੰਚਾਇਆ ਗਿਆ ਸੀ। ਕੇਂਦਰ ਸਰਕਾਰ ਨੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਦਿਆਂ ਦਲੀਲ ਦਿੱਤੀ ਕਿ ਟੈਲੀਗ੍ਰਾਮ ਦੇਸ਼ ਵਿਰੋਧੀ ਅਤੇ ਅੱਤਵਾਦੀ ਗਤੀਵਿਧੀਆਂ ਲਈ ਇੱਕ ਆਸਾਨ ਤੇ ਸੁਵਿਧਾਜਨਕ ਪਲੇਟਫਾਰਮ ਬਣ ਗਿਆ ਹੈ। ਇਸ ਐਪ ‘ਤੇ ਅਕਸਰ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਨ ਦੇ ਗੰਭੀਰ ਦੋਸ਼ ਲੱਗਦੇ ਰਹੇ ਹਨ।

ਇਸ ਤੋਂ ਇਲਾਵਾ ਜਾਲਸਾਜ਼ੀ ਅਤੇ ਸਾਈਬਰ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵੀ ਇਸ ਪਲੇਟਫਾਰਮ ਦੀ ਵੱਡੀ ਵਰਤੋਂ ਕੀਤੀ ਜਾਂਦੀ ਹੈ। ਸਾਲੀਸਿਟਰ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਐਪ ‘ਤੇ ਪਾਬੰਦੀ ਲਗਾਉਣ ਤੋਂ ਪਹਿਲਾਂ ਟੈਲੀਗ੍ਰਾਮ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣਿਆ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਕੈਬਨਿਟ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੂੰ ਸੌਂਪੀ ਗਈ ਸੀ।

ਜਸਟਿਸ ਤੇਜਸ ਕਾਰੀਆ ਨੇ ਫੈਸਲਾ ਸੁਣਾਉਂਦੇ ਹੋਏ ‘ਸੂਚਨਾ ਤਕਨਾਲੋਜੀ ਐਕਟ 2000’ (IT Act) ਦੀ ਧਾਰਾ 69ਏ ਤਹਿਤ ਜਾਰੀ ਸਰਕਾਰੀ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਕਾਰੀਆ ਨੇ ਟਿੱਪਣੀ ਕੀਤੀ ਕਿ ਕੇਂਦਰ ਸਰਕਾਰ ਨੇ ਇਹ ਪਾਬੰਦੀ ਸਥਾਈ ਤੌਰ ‘ਤੇ ਨਹੀਂ, ਬਲਕਿ ਬਹੁਤ ਹੀ ਘੱਟ ਸਮੇਂ ਲਈ ਅਸਥਾਈ ਰੂਪ ਵਿੱਚ ਲਗਾਈ ਹੈ। ਇਸ ਫੈਸਲੇ ਨੂੰ ਗ਼ੈਰ-ਸੰਗਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਕਦਮ ਦੇਸ਼ ਦੀਆਂ ਅਹਿਮ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਇਸ ਲਈ ਕੇਂਦਰ ਸਰਕਾਰ ਦਾ ਫੈਸਲਾ ਬਰਕਰਾਰ ਰਹੇਗਾ ਅਤੇ ਟੈਲੀਗ੍ਰਾਮ ਨੂੰ ਇਸ ਜਾਂਚ ਵਿੱਚ ਸਹਿਯੋਗ ਕਰਨਾ ਹੀ ਪਵੇਗਾ। ਟੈਲੀਗ੍ਰਾਮ ਐਪ ਦੇ ਆਪਣੇ ਕੁਝ ਖ਼ਾਸ ਫੀਚਰਜ਼ ਹੀ ਇਸ ‘ਤੇ ਪਾਬੰਦੀ ਲੱਗਣ ਦਾ ਮੁੱਖ ਕਾਰਨ ਬਣੇ ਹਨ। ਦਰਅਸਲ, ਟੈਲੀਗ੍ਰਾਮ ਦੇ ਇੱਕ ਸਿੰਗਲ ਗਰੁੱਪ ਵਿੱਚ ਕਰੀਬ 2 ਲੱਖ ਲੋਕਾਂ ਨੂੰ ਜੋੜਿਆ ਜਾ ਸਕਦਾ ਹੈ, ਜਦਕਿ ਇਸ ‘ਤੇ ਵੱਡੀਆਂ ਤੋਂ ਵੱਡੀਆਂ (Heavy) ਫਾਈਲਾਂ ਨੂੰ ਆਸਾਨੀ ਨਾਲ ਸੇਵ ਅਤੇ ਸ਼ੇਅਰ ਕੀਤਾ ਜਾ ਸਕਦਾ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਬਾਈਲ ਨੰਬਰ ਉਜਾਗਰ ਕੀਤੇ ਬਿਨਾਂ (ਯੂਜ਼ਰਨੇਮ ਦੀ ਮਦਦ ਨਾਲ) ਵੀ ਟੈਲੀਗ੍ਰਾਮ ‘ਤੇ ਅਕਾਊਂਟ ਬਣਾਇਆ ਜਾ ਸਕਦਾ ਹੈ। ਹਾਲਾਂਕਿ ਵਟਸਐਪ (Whatsapp) ਵੀ ਇੱਕ ਮੈਸੇਜਿੰਗ ਐਪ ਹੈ, ਪਰ ਪ੍ਰਾਈਵੇਸੀ ਅਤੇ ਯੂਜ਼ਰ ਦੀ ਪਛਾਣ ਛੁਪਾਉਣ ਦੇ ਮਾਮਲੇ ਵਿੱਚ ਟੈਲੀਗ੍ਰਾਮ ਵਟਸਐਪ ਨਾਲੋਂ ਬਹੁਤ ਅੱਗੇ ਹੈ, ਜਿਸ ਦਾ ਫਾਇਦਾ ਅਪਰਾਧੀ ਤੱਤ ਚੁੱਕਦੇ ਹਨ।

 

Join WhatsApp

Join Now

Leave a Comment