ਵੱਡੀ ਖ਼ਬਰ: ਕੋਚਿੰਗ ਸੈਂਟਰ ਨੂੰ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ

On: ਜੂਨ 22, 2026 6:05 ਬਾਃ ਦੁਃ

 

ਵੱਡੀ ਖ਼ਬਰ: ਕੋਚਿੰਗ ਸੈਂਟਰ ਨੂੰ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ

ਪੂਰੀ ਇਮਾਰਤ ਸੜ ਕੇ ਸੁਆਹ! ਪੁਲਸ ਵਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ; ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ/ਲਖਨਊ, 22 ਜੂਨ 2026:

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਸੋਮਵਾਰ ਨੂੰ ਇੱਕ ਬਿਲਡਿੰਗ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕੋਚਿੰਗ ਸੈਂਟਰ ਦੇ 14 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਪਸਰ ਗਿਆ।

ਮਿਲੀ ਜਾਣਕਾਰੀ ਅਨੁਸਾਰ ਬਿਲਡਿੰਗ ਵਿੱਚ ਲੱਗੀ ਅੱਗ ਕੁਝ ਹੀ ਪਲਾਂ ਵਿੱਚ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਉਸਨੇ ਪੂਰੇ ਢਾਂਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸਥਿਤੀ ਉਸ ਸਮੇਂ ਹੋਰ ਵੀ ਭਿਆਨਕ ਹੋ ਗਈ ਜਦੋਂ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਸੰਘਣੇ ਗੁਬਾਰ ਬਿਲਡਿੰਗ ਦੀ ਉੱਪਰਲੀ ਮੰਜ਼ਿਲ ‘ਤੇ ਸਥਿਤ ਇੱਕ ਕੋਚਿੰਗ ਸੈਂਟਰ ਤੱਕ ਪਹੁੰਚ ਗਏ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਅੱਗ ਇੰਨੀ ਜ਼ਬਰਦਸਤ ਸੀ ਕਿ ਮਿੰਟਾਂ ਵਿੱਚ ਹੀ ਪੂਰੀ ਇਮਾਰਤ ਸੰਘਣੇ ਕਾਲੇ ਧੂੰਏਂ ਨਾਲ ਭਰ ਗਈ। ਕੋਚਿੰਗ ਸੈਂਟਰ ਦੇ ਅੰਦਰ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਅਤ ਬਾਹਰ ਨਿਕਲਣ ਦਾ ਰਸਤਾ ਹੀ ਨਹੀਂ ਮਿਲ ਸਕਿਆ, ਜਿਸ ਕਾਰਨ ਬੱਚੇ ਅੰਦਰ ਹੀ ਫਸ ਗਏ। ਦਹਿਸ਼ਤ ਦੇ ਇਸ ਮਾਹੌਲ ਵਿੱਚ 14 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਅਤੇ ਜਾਂਚ ਟੀਮਾਂ ਮੌਕੇ ‘ਤੇ ਬਾਰੀਕੀ ਨਾਲ ਸਬੂਤ ਇਕੱਠੇ ਕਰ ਰਹੀਆਂ ਹਨ।

ਦੂਜੇ ਪਾਸੇ ਇਸ ਦੁਖਦਾਈ ਹਾਦਸੇ ਨੇ ਇੱਕ ਵਾਰ ਫਿਰ ਵਪਾਰਕ ਇਮਾਰਤਾਂ ਅਤੇ ਕੋਚਿੰਗ ਸੈਂਟਰਾਂ ਵਿੱਚ ਫਾਇਰ ਸੇਫਟੀ ਦੇ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਨੇ ਬਿਆਨ ਦਿੰਦਿਆਂ ਹੋਇਆ ਕਿਹਾ ਕਿ, ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਪਰ ਅੱਜ ਦੀ ਇਸ ਦੁੱਖਦਾਈ ਖ਼ਬਰ ਨੇ ਮੈਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿ ਘਾਟਾ ਸਹਿਣ ਦੀ ਸ਼ਕਤੀ ਦੇਵੇ।

Join WhatsApp

Join Now

Leave a Comment