ਸਿੱਖਿਆ ਵਿਭਾਗ ਦੀ ਸਾਈਟ ਤੋਂ ਅਧਿਆਪਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ? ਮਿਲ ਰਹੀਆਂ ਅਜਿਹੀਆਂ ਧਮਕੀਆਂ!
ਗ੍ਰਾਂਟ ਵਿੱਚ ਗਬਨ ਦਾ ਝੂਠਾ ਦੋਸ਼ ਲਗਾ ਕੇ ਅਤੇ ਸਸਪੈਂਡ ਕਰਨ ਦੀ ਧਮਕੀ ਦੇ ਕੇ ਮਾਰੀ ਠੱਗੀ- ਡਰ ਕੇ ਪੀੜਤ ਔਰਤ ਨੇ ਦੋ ਵਾਰਾਂ ਵਿੱਚ ਟ੍ਰਾਂਸਫਰ ਕੀਤੇ 25-25 ਹਜ਼ਾਰ ਰੁਪਏ; ਸਾਈਬਰ ਥਾਣਾ ਬਠਿੰਡਾ ਵੱਲੋਂ ਕੇਸ ਦਰਜ
ਬਠਿੰਡਾ, 25 ਜੂਨ 2026- ਪੰਜਾਬ ਵਿੱਚ ਨੌਸਰਬਾਜ਼ਾਂ ਨੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਅਤੇ ਠੱਗੀ ਮਾਰਨ ਦਾ ਇੱਕ ਬਿਲਕੁਲ ਨਵਾਂ ਅਤੇ ਅਨੋਖਾ ਹੱਥ-ਕੰਡਾ ਲੱਭ ਲਿਆ ਹੈ। ਸ਼ਾਤਰ ਠੱਗਾਂ ਨੇ ਇਸ ਵਾਰ ਸਿੱਖਿਆ ਵਿਭਾਗ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ (ਮੁੱਖ ਅਧਿਆਪਕਾ) ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਠੱਗਾਂ ਨੇ ਸਕੂਲ ਦੀ ਗ੍ਰਾਂਟ ਵਿੱਚ ਗਬਨ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਮੁਅੱਤਲ (ਸਸਪੈਂਡ) ਕਰਨ ਦੀ ਧਮਕੀ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਬਠਿੰਡਾ ਦੇ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਸਾਈਬਰ ਕ੍ਰਾਈਮ ਥਾਣੇ ਦੀ ਇੰਚਾਰਜ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੀੜਤਾ ਅਧਿਆਪਕਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗ ਨੇ ਇਹ ਫ਼ੋਨ ਮੱਧ ਪ੍ਰਦੇਸ਼ (MP) ਤੋਂ ਕੀਤਾ ਸੀ, ਜਦੋਂ ਕਿ ਜਿਸ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਵਾਏ ਗਏ ਹਨ, ਉਹ ਲੁਧਿਆਣਾ ਦਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਦਾ ਸਿੱਖਿਆ ਵਿਭਾਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਇੱਕ ਵੱਡਾ ਖ਼ਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਸਿੱਖਿਆ ਵਿਭਾਗ ਦੇ ਲੀਕ ਹੋਏ ਡਾਟੇ ਵਿੱਚੋਂ ਅਧਿਆਪਕਾ, ਸਕੂਲ ਅਤੇ ਮਿਲੀ ਗ੍ਰਾਂਟ ਦੀ ਸਾਰੀ ਗੁਪਤ ਜਾਣਕਾਰੀ ਹਾਸਲ ਕੀਤੀ ਹੋ ਸਕਦੀ ਹੈ, ਜਿਸ ਦੀ ਵਰਤੋਂ ਉਨ੍ਹਾਂ ਨੇ ਠੱਗੀ ਲਈ ਕੀਤੀ। ਪੁਲਿਸ ਵੱਲੋਂ ਬੈਂਕ ਖਾਤੇ ਅਤੇ ਫ਼ੋਨ ਨੰਬਰ ਦੇ ਆਧਾਰ ‘ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਾਈਬਰ ਐਕਸਪਰਟ ਨੇ ਦੱਸਿਆ ਕਿ ਅਧਿਆਪਕਾਂ ਦੇ ਡਾਟਾ ਲੀਕ ਹੋਣ ਦੀਆਂ ਘਟਨਾਵਾਂ ਵਿੱਚ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ, ਫ਼ੋਨ ਨੰਬਰ, ਈਮੇਲ ਅਤੇ ਠਿਕਾਣੇ ਆਦਿ ਸਾਈਬਰ ਅਪਰਾਧੀਆਂ ਦੇ ਹੱਥਾਂ ਵਿੱਚ ਆ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ, ਵਿਭਾਗ ਦੇ ਪੋਰਟਲ ‘ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਜੀ ਡਾਟਾ ਲੀਕ ਹੋਣ ਦਾ ਵੱਡਾ ਖ਼ਦਸ਼ਾ 2024 ਵਿੱਚ ਸਾਹਮਣੇ ਆਇਆ ਸੀ। ਹਾਲਾਂਕਿ ਸਾਈਬਰ ਐਕਸਪਰਟ ਦੱਸਦੇ ਨੇ ਕਿ ਤਕਨੀਕੀ ਖਾਮੀਆਂ ਅਤੇ ਸੁਰੱਖਿਆ ਨੁਕਸ ਕਾਰਨ ਨਿੱਜੀ ਜਾਣਕਾਰੀ ਜਨਤਕ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਪਣੇ ਖਾਤਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕੋ… ਆਪਣੇ ਸਾਰੇ ਵਿਦਿਅਕ ਪੋਰਟਲ, ਈਮੇਲ (Email) ਅਤੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਤੁਰੰਤ ਬਦਲੋ। ਸਾਰੇ ਜ਼ਰੂਰੀ ਆਨਲਾਈਨ ਖਾਤਿਆਂ ਉੱਤੇ 2FA ਨੂੰ ਸਮਰੱਥ ਕਰੋ। ਅਣਜਾਣ ਨੰਬਰਾਂ ਤੋਂ ਆਉਣ ਵਾਲੇ ਫ਼ੋਨ ਕਾਲ, ਸੁਨੇਹਿਆਂ ਅਤੇ ਈਮੇਲ ਵਿੱਚ ਦਿੱਤੇ ਗਏ ਲਿੰਕਾਂ ਉੱਤੇ ਕਲਿੱਕ ਨਾ ਕਰੋ।
ਖ਼ੁਦ ਨੂੰ ਦੱਸਿਆ ‘CM ਹਾਊਸ’ ਦਾ ਅਧਿਕਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੇਲਬਰਾਹ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਰਮਨਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 23 ਜੂਨ ਨੂੰ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਧੌਂਸ ਜਮਾਉਂਦੇ ਹੋਏ ਖ਼ੁਦ ਨੂੰ ਮੁੱਖ ਮੰਤਰੀ ਦੇ ਘਰ (CM ਹਾਊਸ) ਤੋਂ ਬੋਲਣ ਵਾਲਾ ਉੱਚ ਅਧਿਕਾਰੀ ਦੱਸਿਆ।
ਉਸਨੇ ਧਮਕਾਉਂਦੇ ਹੋਏ ਕਿਹਾ, “ਤੁਹਾਡੇ ਸਕੂਲ ਨੂੰ 50 ਹਜ਼ਾਰ ਰੁਪਏ ਦੀ ਕੰਪੋਜ਼ਿਟ ਗ੍ਰਾਂਟ ਭੇਜੀ ਗਈ ਸੀ, ਜਿਸ ਵਿੱਚੋਂ ਤੁਸੀਂ ਸਿਰਫ਼ 50 ਫ਼ੀਸਦੀ ਹਿੱਸਾ ਹੀ ਖ਼ਰਚ ਕੀਤਾ ਹੈ ਅਤੇ ਬਾਕੀ ਦੇ 50 ਫ਼ੀਸਦੀ (25 ਹਜ਼ਾਰ ਰੁਪਏ) ਦਾ ਗਬਨ ਕੀਤਾ ਹੈ, ਜਿਸ ਕਾਰਨ ਤੁਹਾਡੇ ਖ਼ਿਲਾਫ਼ ਉੱਚ ਪੱਧਰੀ ਜਾਂਚ (ਇਨਕੁਆਰੀ) ਲੱਗੀ ਹੋਈ ਹੈ।” ਠੱਗ ਨੇ ਅੱਗੇ ਡਰਾਉਂਦਿਆਂ ਕਿਹਾ ਕਿ ਜੇਕਰ ਤੁਸੀਂ ਨੌਕਰੀ ‘ਤੇ ਰਹਿੰਦੇ ਹੋਏ ਇਸ ਜਾਂਚ ਅਤੇ ਬਦਨਾਮੀ ਤੋਂ ਬਚਣਾ ਚਾਹੁੰਦੇ ਹੋ, ਤਾਂ ਗਬਨ ਕੀਤੀ ਗਈ ਰਾਸ਼ੀ ਤੁਰੰਤ ਦਿੱਤੇ ਗਏ ਖਾਤਾ ਨੰਬਰ ਵਿੱਚ ਜਮ੍ਹਾਂ ਕਰਵਾ ਦਿਓ, ਨਹੀਂ ਤਾਂ ਡੀਡੀਓ (DDO) ਦਫ਼ਤਰ ਤੋਂ ਆਪਣਾ ਸਸਪੈਂਸ਼ਨ ਆਰਡਰ ਲੈ ਲੈਣਾ।
ਡਰ ਕੇ ਦੋ ਵਾਰਾਂ ਵਿੱਚ ਟ੍ਰਾਂਸਫਰ ਕੀਤੇ 25-25 ਹਜ਼ਾਰ ਰੁਪਏ
ਸਰਕਾਰੀ ਕਾਰਵਾਈ ਅਤੇ ਮੁਅੱਤਲੀ ਦੀ ਧਮਕੀ ਸੁਣ ਕੇ ਹੈੱਡ ਟੀਚਰ ਰਮਨਪ੍ਰੀਤ ਕੌਰ ਬੁਰੀ ਤਰ੍ਹਾਂ ਘਬਰਾ ਗਈ। ਉਨ੍ਹਾਂ ਨੇ ਤੁਰੰਤ ਆਪਣੇ ਬੇਟੇ ਦੇ ਬੈਂਕ ਖਾਤੇ ਵਿੱਚੋਂ ਉਕਤ ਵਿਅਕਤੀ ਦੁਆਰਾ ਦਿੱਤੇ ਗਏ ਖਾਤੇ ਵਿੱਚ 25 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ।
ਇਸ ਤੋਂ ਕੁਝ ਦੇਰ ਬਾਅਦ ਮੁੜ ਉਸੇ ਨੰਬਰ ਤੋਂ ਫ਼ੋਨ ਆਇਆ ਅਤੇ ਠੱਗ ਨੇ ਇੱਕ ਹੋਰ ਪੈਂਤੜਾ ਖੇਡਦਿਆਂ ਕਿਹਾ ਕਿ ਤੁਸੀਂ ਤਾਂ ਇੱਥੇ ਡੈਪੂਟੇਸ਼ਨ ‘ਤੇ ਹੋ, ਇਸ ਲਈ ਤੁਹਾਨੂੰ ਜਾਂਚ ਤੋਂ ਬਚਣ ਲਈ 25 ਹਜ਼ਾਰ ਰੁਪਏ ਹੋਰ ਜਮ੍ਹਾਂ ਕਰਵਾਉਣੇ ਪੈਣਗੇ। ਡਰ ਦੇ ਮਾਰੇ ਰਮਨਪ੍ਰੀਤ ਕੌਰ ਨੇ ਦੂਜੀ ਵਾਰ ਵੀ 25 ਹਜ਼ਾਰ ਰੁਪਏ ਉਸਦੇ ਖਾਤੇ ਵਿੱਚ ਪਾ ਦਿੱਤੇ।
ਪੀੜਤ ਟੀਚਰ ਨੇ ਦੱਸਿਆ ਕਿ ਅਗਲੇ ਦਿਨ ਉਕਤ ਨੌਸਰਬਾਜ਼ ਦਾ ਫਿਰ ਫ਼ੋਨ ਆਇਆ ਅਤੇ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 50 ਹਜ਼ਾਰ ਰੁਪਏ ਠੱਗਣ ਤੋਂ ਬਾਅਦ ਵੀ ਮੁਲਜ਼ਮ ਲਗਾਤਾਰ ਫ਼ੋਨ ਕਰਕੇ ਹੋਰ ਪੈਸੇ ਮੰਗ ਰਿਹਾ ਸੀ।



















