ਪੰਜਾਬ ਕੈਬਨਿਟ ਸਬ-ਕਮੇਟੀ ਨੇ ਮਾਸਟਰ ਕੇਡਰ ਪ੍ਰਮੋਸ਼ਨ ਕੋਟਾ ਵਧਾਉਣ ਬਾਰੇ ਦਿੱਤਾ ਹਾਂ-ਪੱਖੀ ਭਰੋਸਾ!
ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਅਹਿਮ ਮੀਟਿੰਗ; ਮਾਸਟਰ ਕੇਡਰ ਪ੍ਰਮੋਸ਼ਨ ਕੋਟਾ ਵਧਾਉਣ ਦੀ ਮੰਗ ‘ਤੇ ਮਿਲਿਆ ਹਾਂ-ਪੱਖੀ ਭਰੋਸਾ

ਜਥੇਬੰਦੀ ਨੇ ਮਾਸਟਰ ਕੇਡਰ ਪ੍ਰਮੋਸ਼ਨ ਕੋਟਾ ਵਧਾਉਣ ਅਤੇ ਪਦਉੱਨਤ ਮੁਲਾਜ਼ਮਾਂ ਲਈ ਜਲਦ ਸਟੇਸ਼ਨ ਚੋਣ ਕਰਵਾਉਣ ਦੀਆਂ ਰੱਖੀਆਂ ਮੰਗਾਂ- ਵਿੱਤ ਮੰਤਰੀ ਨੇ ਜਥੇਬੰਦੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਸਲੇ ਦੇ ਯੋਗ ਹੱਲ ਦਾ ਦਿੱਤਾ ਭਰੋਸਾ
ਚੰਡੀਗੜ੍ਹ, 27 ਜੂਨ 2026:
ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪਿਛਲੇ ਦਿਨੀਂ ‘ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ’ ਦੇ ਵਫ਼ਦ ਦੀ ਇੱਕ ਅਹਿਮ ਮੀਟਿੰਗ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ। ਇਸ ਉੱਚ ਪੱਧਰੀ ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ‘ਤੇ ਬਾਰੀਕੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨ (ਪਦਉੱਨਤੀ) ਕੋਟਾ ਵਧਾਉਣ ਦੀ ਮੁੱਖ ਮੰਗ ਨੂੰ ਪੂਰੇ ਅੰਕੜਿਆਂ ਅਤੇ ਦਲੀਲਾਂ ਸਹਿਤ ਵਿੱਤ ਮੰਤਰੀ ਸਾਹਮਣੇ ਮਜ਼ਬੂਤੀ ਨਾਲ ਪੇਸ਼ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਦਿੱਤੀਆਂ ਗਈਆਂ ਠੋਸ ਦਲੀਲਾਂ ਤੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਮੰਗਾਂ ਨਾਲ ਸਹਿਮਤ ਹੁੰਦੇ ਹੋਏ ਇਸ ਗੰਭੀਰ ਮਸਲੇ ਦਾ ਜਲਦ ਹੀ ਕੋਈ ਯੋਗ ਤੇ ਸਾਰਥਕ ਹੱਲ ਕੱਢਣ ਦਾ ਪੂਰਨ ਭਰੋਸਾ ਦਿਵਾਇਆ।
ਸੂਬਾ ਪ੍ਰਧਾਨ ਨੇ ਅੱਗੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਕੋਟਾ ਵਧਾਉਣ ਤੋਂ ਇਲਾਵਾ, ਯੂਨੀਅਨ ਨੇ ਵਿਭਾਗ ਵਿੱਚ ਪਹਿਲਾਂ ਤੋਂ ਪਦਉੱਨਤ (Promote) ਹੋ ਚੁੱਕੇ ਮੁਲਾਜ਼ਮਾਂ ਦਾ ਮੁੱਦਾ ਵੀ ਚੁੱਕਿਆ। ਜਥੇਬੰਦੀ ਨੇ ਮੰਗ ਕੀਤੀ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਲੰਬੀ ਉਡੀਕ ਤੋਂ ਰਾਹਤ ਦਿੰਦਿਆਂ ਵਿਭਾਗ ਵੱਲੋਂ ਜਲਦ ਤੋਂ ਜਲਦ ਸਟੇਸ਼ਨ ਚੋਣ ਦੀ ਪ੍ਰਕਿਰਿਆ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਨਵੇਂ ਅਹੁਦਿਆਂ ‘ਤੇ ਸੁਚਾਰੂ ਰੂਪ ਨਾਲ ਕੰਮ ਸ਼ੁਰੂ ਕਰ ਸਕਣ।
ਇਸ ਅਹਿਮ ਮੌਕੇ ‘ਤੇ ਜਥੇਬੰਦੀ ਦੀ ਤਰਫ਼ੋਂ ਸੀਨੀਅਰ ਆਗੂ ਕੁਲਦੀਪ ਸਿੰਘ ਖਿਆਲੀਵਾਲਾ, ਮਨਵਿੰਦਰ ਪਾਲ, ਲਖਵਿੰਦਰ ਸਿੰਘ ਮੌੜ, ਦਰਸ਼ਨ ਸਿੰਘ ਮਾਨਸਾ, ਪ੍ਰਦੀਪ ਕੌਰ ਬਰਾੜ ਅਤੇ ਕਰਮਜੀਤ ਕੌਰ ਮੋਗਾ ਸਮੇਤ ਹੋਰ ਕਈ ਮੁਲਾਜ਼ਮ ਆਗੂ ਹਾਜ਼ਰ ਸਨ। ਜਥੇਬੰਦੀ ਨੇ ਉਮੀਦ ਜਤਾਈ ਹੈ ਕਿ ਸਰਕਾਰ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਬਾਅਦ ਹੁਣ ਨਾਨ-ਟੀਚਿੰਗ ਵਰਗ ਨੂੰ ਜਲਦ ਹੀ ਇਨਸਾਫ਼ ਮਿਲੇਗਾ।
















