ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਮਹਾਬੀਰ ਸਿੰਘ ਸਿੰਧੂ ਦਾ ਦੇਹਾਂਤ
59 ਸਾਲਾਂ ਦੇ ਜਸਟਿਸ ਸਿੰਧੂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਲਏ ਆਖ਼ਰੀ ਸਾਹ
ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਸਨ ਬਿਮਾਰ; ਤੜਕੇ 2:50 ਵਜੇ ਹੋਇਆ ਦੇਹਾਂਤ
ਚੰਡੀਗੜ੍ਹ, 28 ਜੂਨ 2026- ਨਿਆਇਕ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਅੱਜ ਤੜਕੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ।
ਹਾਈਕੋਰਟ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਸਟਿਸ ਸਿੰਧੂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਤੜਕੇ 2:50 ਵਜੇ ਆਖ਼ਰੀ ਸਾਹ ਲਏ।
ਜਸਟਿਸ ਮਹਾਬੀਰ ਸਿੰਘ ਸਿੰਧੂ ਦੇ ਅਚਨਚੇਤ ਦੇਹਾਂਤ ਦੀ ਖ਼ਬਰ ਨਾਲ ਕਾਨੂੰਨੀ ਅਤੇ ਨਿਆਇਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਾਈ ਕੋਰਟ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਹਰਿਆਣਾ ਦੇ ਹਾਂਸੀ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਸੂਦਪੁਰ ਵਿਖੇ ਪੂਰੇ ਸਨਮਾਨਾਂ ਨਾਲ ਕੀਤਾ ਜਾਵੇਗਾ।
ਜਿਸ ਵਿੱਚ ਨਿਆਇਕ ਜਗਤ ਦੇ ਕਈ ਉੱਘੇ ਚਿਹਰੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਣਗੇ। ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਹਾਈ ਕੋਰਟ ਵਿੱਚ ਬਤੌਰ ਜੱਜ ਸਫ਼ਰ ਬੇਹੱਦ ਸ਼ਾਨਦਾਰ ਅਤੇ ਮਿਸਾਲੀ ਰਿਹਾ। ਉਨ੍ਹਾਂ ਨੂੰ 10 ਜੁਲਾਈ 2017 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ (Additional) ਜੱਜ ਵਜੋਂ ਤਾਇਨਾਤ ਕੀਤਾ ਗਿਆ ਸੀ।
ਉਨ੍ਹਾਂ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਕਾਨੂੰਨੀ ਮਾਹਰਤਾ ਨੂੰ ਦੇਖਦਿਆਂ, ਅਗਲੇ ਹੀ ਸਾਲ ਯਾਨੀ 3 ਦਸੰਬਰ 2018 ਨੂੰ ਉਨ੍ਹਾਂ ਨੂੰ ਹਾਈ ਕੋਰਟ ਦੇ ਸਥਾਈ (Permanent) ਜੱਜ ਵਜੋਂ ਨਿਯੁਕਤ ਕਰ ਦਿੱਤਾ ਗਿਆ ਸੀ।
ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਸੁਣਾਏ, ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਦੇਹਾਂਤ ‘ਤੇ ਵੱਖ-ਵੱਖ ਜੱਜਾਂ, ਵਕੀਲਾਂ ਅਤੇ ਕਾਨੂੰਨੀ ਮਾਹਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

















