ਛੁੱਟੀਆਂ ਖ਼ਤਮ! ਪੰਜਾਬ ‘ਚ ਕੱਲ੍ਹ ਖੁੱਲ੍ਹਣਗੇ ਸਕੂਲ; ਪੜ੍ਹੋ ਪੱਤਰ

On: ਜੂਨ 30, 2026 12:23 ਬਾਃ ਦੁਃ

 

ਛੁੱਟੀਆਂ ਖ਼ਤਮ! ਪੰਜਾਬ ‘ਚ ਕੱਲ੍ਹ ਖੁੱਲ੍ਹਣਗੇ ਸਕੂਲ; ਪੜ੍ਹੋ ਪੱਤਰ

ਬਠਿੰਡਾ, 30 ਜੂਨ 2026

ਗਰਮੀ ਦੀਆਂ ਛੁੱਟੀਆਂ ਦੇ ਖ਼ਤਮ ਹੋਣ ਤੋਂ ਬਾਅਦ 1 ਜੁਲਾਈ, 2026 ਤੋਂ ਪੰਜਾਬ ਵਿੱਚ ਸਕੂਲ ਮੁੜ ਖੁੱਲ੍ਹਣ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ), ਬਠਿੰਡਾ ਵੱਲੋਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਵਿਦਿਆਰਥੀਆਂ ਲਈ ਸਾਫ਼-ਸੁਥਰਾ, ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣ ਲਈ ਅਹਿਮ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਦਫ਼ਤਰ ਵੱਲੋਂ ਜਾਰੀ ਪੱਤਰ ਨੰਬਰ ਜੀ1/1( )/2026/3675 ਮਿਤੀ 30 ਜੂਨ, 2026 ਅਨੁਸਾਰ ਸਾਰੇ ਸਕੂਲ ਮੁਖੀਆਂ ਨੂੰ ਅੱਜ 30 ਜੂਨ ਤੱਕ ਹਰ ਹਾਲਤ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਕੂਲ ਦੇ ਸਮੂਹ ਕਮਰਿਆਂ, ਵਰਾਂਡਿਆਂ, ਛੱਤਾਂ, ਰਸਤਿਆਂ ਅਤੇ ਖੇਡ ਦੇ ਮੈਦਾਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਈ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਕੂੜਾ-ਕਰਕਟ, ਜਾਲੇ ਜਾਂ ਪਾਣੀ ਖੜ੍ਹਾ ਨਾ ਹੋਵੇ। ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਮਿਡ-ਡੇ-ਮੀਲ ਦੀ ਰਸੋਈ (ਕਿਚਨ), ਬਰਤਨਾਂ ਅਤੇ ਰਾਸ਼ਨ ਸਟੋਰ ਦੀ ਬਾਰੀਕੀ ਨਾਲ ਸਫ਼ਾਈ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਪੌਸ਼ਟਿਕ ਖਾਣਾ ਮਿਲ ਸਕੇ। ਸਕੂਲਾਂ ਵਿੱਚ ਲੱਗੇ ਵਾਟਰ ਕੂਲਰਾਂ, ਪਾਣੀ ਵਾਲੀਆਂ ਟੈਂਕੀਆਂ ਅਤੇ ਆਰ.ਓ. (R.O.) ਸਿਸਟਮਾਂ ਦੀ ਸਰਵਿਸ ਅਤੇ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਸ਼ੁੱਧ ਪਾਣੀ ਮਿਲ ਸਕੇ।

ਜਮਾਤਾਂ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਬੈਂਚਾਂ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਅਤੇ ਬੈਂਚਾਂ ਉੱਪਰ ਜੰਮੀ ਧੂੜ-ਮਿੱਟੀ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾਇਆ ਜਾਵੇ। ਗਰਮੀ ਦੇ ਮੌਸਮ ਨੂੰ ਦੇਖਦਿਆਂ ਕਲਾਸ ਰੂਮਾਂ ਦੇ ਪੱਖਿਆਂ, ਟਿਊਬ-ਲਾਈਟਾਂ ਅਤੇ ਬਿਜਲੀ ਦੇ ਬੋਰਡਾਂ ਦੀ ਚੈਕਿੰਗ ਕਰਵਾਈ ਜਾਵੇ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ। ਸਮੂਹ ਜਮਾਤ ਇੰਚਾਰਜਾਂ ਵੱਲੋਂ ਵਟਸਐਪ (WhatsApp) ਗਰੁੱਪਾਂ ਰਾਹੀਂ ਮਾਪਿਆਂ ਅਤੇ ਬੱਚਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਸਕੂਲ ਵਿੱਚ ਹਾਜ਼ਰ ਹੋਣ ਲਈ ਪ੍ਰੇਰਿਤ ਕੀਤਾ ਜਾਵੇ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਬਠਿੰਡਾ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਅੱਜ ਹੀ ਮੁਕੰਮਲ ਕੀਤੀ ਜਾਵੇ ਤਾਂ ਜੋ 1 ਜੁਲਾਈ ਨੂੰ ਸਕੂਲ ਖੁੱਲ੍ਹਣ ਸਾਰ ਹੀ ਬੱਚੇ ਸੁਖਾਵੇਂ ਮਾਹੌਲ ਵਿੱਚ ਪੜ੍ਹਾਈ ਸ਼ੁਰੂ ਕਰ ਸਕਣ। ਪੱਤਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਪ੍ਰਬੰਧਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਪੱਤਰ ਦੀ ਕਾਪੀ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ (ਐ.ਸਿ.), ਐੱਸ.ਏ.ਐੱਸ. ਨਗਰ ਨੂੰ ਵੀ ਸੂਚਨਾ ਹਿਤ ਭੇਜੀ ਗਈ ਹੈ।

 

Join WhatsApp

Join Now

Leave a Comment