ਸਿੱਖਿਆ ਵਿਭਾਗ ਦੀ ਅਣਗਹਿਲੀ ਕਰਕੇ ਹਜ਼ਾਰਾਂ ਅਧਿਆਪਕ ਬਦਲੀਆਂ ਨੂੰ ਤਰਸੇ – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਲੰਬੇ ਸੰਘਰਸ਼ ਬਾਅਦ ਆਨਲਾਈਨ ਬਦਲੀਆਂ ਦਾ ਪੋਰਟਲ ਬਣਿਆ – ਜਸਵਿੰਦਰ ਸਿੰਘ ਸਮਾਣਾ
ਸਰਕਾਰ ਵਲੋਂ ਆਨਲਾਈਨ ਬਦਲੀਆਂ ਦੀ ਨੀਤੀ ਨੂੰ ਤੋੜਨ ਦਾ ਖਦਸ਼ਾ – ਪਰਮਜੀਤ ਸਿੰਘ ਪਟਿਆਲਾ
ਪਟਿਆਲਾ 1 ਜੁਲਾਈ 2026- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 28 ਜੂਨ ਨੂੰ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ। ਜਿਸ ਵਿੱਚ ਵੱਡੇ ਪੱਧਰ ਤੇ ਉਣਤਾਈਆਂ ਪਾਈਆਂ ਗਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਨਾ ਤੇ ਪਰਮਜੀਤ ਸਿੰਘ ਪਟਿਆਲੇ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅੰਦਰ 600 ਤੋਂ ਵੱਧ ਬਦਲੀਆਂ ਬੇਤਰਤੀਬੇ ਢੰਗ ਨਾਲ ਕੀਤੀਆਂ ਗਈਆਂ।
ਜਿਨਾਂ ਸਕੂਲਾਂ ਵਿੱਚ ਪੋਸਟਾਂ ਨਹੀਂ ਸਨ ਉਹਨਾਂ ਸਕੂਲਾਂ ਵਿੱਚ ਵੀ 5 ਤੋਂ 10 ਹੋਰ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਅਬਲੋਵਾਲ ਝੁੰਗੀਆਂ ਜਿੱਥੇ ਅਧਿਆਪਕਾਂ ਦੀ ਇੱਕ ਵੀ ਪੋਸਟ ਨਹੀਂ ਸੀ ਬਣਦੀ ਉੱਥੇ 27 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਔਰ ਸਕੂਲ ਰਸੂਲਪੁਰ ਜੋੜਾ ਵਿਖੇ 19 ਵਿਦਿਆਰਥੀਆਂ ਦੇ ਦੋ ਅਧਿਆਪਕਾਂ ਕੰਮ ਕਰ ਰਹੇ ਸਨ । ਉੱਥੇ ਵੀ ਤਿੰਨ ਹੋਰ ਅਧਿਆਪਕਾਂ ਦੀ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਹੁਣ ਉੱਥੇ ਵੀ ਕੁੱਲ 19 ਵਿਦਿਆਰਥੀਆਂ ਦੇ ਪੰਜ ਅਧਿਆਪਕ ਹੋ ਜਾਣਗੇ। ਸਰਕਾਰੀ ਪ੍ਰਾਇਮਰੀ ਸਕੂਲ ਅਲੀਪੁਰ ਵਿਖੇ 500 ਵਿਦਿਆਰਥੀਆਂ ਤੋਂ ਵੱਧ ਦੀ ਗਿਣਤੀ ਹੈ। ਉੱਥੇ ਹੁਣ ਸਿਰਫ ਦੋ ਅਧਿਆਪਕਾਂ ਦੀ ਗਿਣਤੀ ਹੀ ਸ਼ੋਅ ਹੋ ਰਹੀ ਹੈ। 500 ਵਿਦਿਆਰਥੀਆਂ ਤੇ ਦੋ ਅਧਿਆਪਕ ਹੀ ਬੱਚਿਆਂ ਨੂੰ ਪੜਾਉਣਗੇ।
ਇਸੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਮਿਰਜ਼ਾਪੁਰ ਵਿਖੇ ਕੁੱਲ 43 ਵਿਦਿਆਰਥੀ ਪੜ੍ਹ ਰਹੇ ਹਨ ਉਥੇ ਪਹਿਲਾਂ ਹੀ ਦੋ ਅਧਿਆਪਕ ਬੱਚਿਆਂ ਲਈ ਪੜ੍ਹਾਉਣ ਲਈ ਮੌਜੂਦ ਹਨ। ਉੱਥੇ ਵੀ ਤਿੰਨ ਹੋਰ ਅਧਿਆਪਕਾਂ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪਟਿਆਲੇ ਜ਼ਿਲ੍ਹੇ ਦੇ ਸੈਂਕੜੇ ਸਕੂਲ ਹਨ ਜਿੱਥੇ ਵੱਡੇ ਪੱਧਰ ਤੇ ਪੋਸਟਾਂ ਨੂੰ ਘਟਾ ਵਧਾ ਕੇ ਗਲਤ ਤਰੀਕੇ ਨਾਲ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਆਗੂਆਂ ਨੇ ਦੱਸਿਆ ਕਿ ਇਥੋਂ ਸਰਕਾਰ ਦੀ ਮਨਸ਼ਾ ਠੀਕ ਨਹੀਂ ਲੱਗਦੀ ਸਰਕਾਰ ਆਨਲਾਈਨ ਬਦਲੀਆਂ ਨੂੰ ਬੰਦ ਕਰਕੇ ਪਹਿਲਾਂ ਪਹਿਲਾਂ ਵਾਂਗ ਭ੍ਰਿਸ਼ਟਾਚਾਰ ਵਾਲੀਆਂ ਬਦਲੀਆਂ ਚਲਾਉਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਜਥੇਬੰਦੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਧਿਆਪਕਾਂ ਨੂੰ ਇੱਕ ਇਮਾਨਦਾਰ ਵਾਲੀ ਆਨਲਾਈਨ ਬਦਲੀਆਂ ਦਾ ਪੋਰਟਲ ਮਿਲਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਅੱਗੇ ਇਹ ਪੋਰਟਲ ਵੀ ਹੋ ਸਕਦਾ ਛੇਤੀ ਬੰਦ ਹੋ ਜਾਵੇ। ਉਹਨਾਂ ਕਿਹਾ ਕਿ ਸੈਂਕਸ਼ਨ ਪੋਸਟਾਂ ਦੇ ਸਬੰਧੀ ਲਿਖਤੀ ਰੂਪ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਪਰ ਕਿਸੇ ਵੀ ਉੱਚ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹਨਾਂ ਉੱਚ ਅਧਿਕਾਰੀਆਂ ਨੇ ਬਿਨਾਂ ਦੇਖੇ ਹੀ ਬਿਨਾਂ ਕੁਝ ਕੀਤੇ ਹੀ ਹਜ਼ਾਰਾਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਬੇਤਰਤੀਬੇ ਢੰਗ ਨਾਲ ਕਰ ਦਿੱਤਾ।
ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਆਨਲਾਈਨ ਬਦਲੀਆਂ ਦੀ ਨੀਤੀ ਨੂੰ ਬੰਦ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਸਰਕਾਰ ਵਿਰੋਧੀ ਸੰਘਰਸ਼ ਪੰਜਾਬ ਪੱਧਰ ਤੇ ਕੀਤੇ ਜਾਣਗੇ। ਨਾਲ ਆਗੂਆਂ ਨੇ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜ਼ਿਲੇ ਦੇ ਅੰਦਰ ਹੋਈਆਂ ਬਦਲੀਆਂ ਨੂੰ ਤੁਰੰਤ ਰੱਦ ਕਰਕੇ ਛੇਤੀ ਤੋਂ ਛੇਤੀ ਦੁਬਾਰਾ ਬਦਲੀਆਂ ਲਈ ਪੋਰਟਲ ਖੋਲਿਆ ਜਾਵੇ ਤੇ ਸਾਰੇ ਅਧਿਆਪਕਾਂ ਨੂੰ ਬਣਦੀ ਮੈਰਿਟ ਨਾਲ ਬਣਦਾ ਇਨਸਾਫ ਮਿਲ ਸਕੇ।


















