India-Pakistan ਦੀ ਫਿਰ ਹੋਵੇਗੀ ਦੋਸਤੀ? ਚੰਗੇ ਸਬੰਧਾਂ ਲਈ ਦੋਵਾਂ ਦੇਸ਼ਾਂ ਦੀਆਂ 117 ਸ਼ਖ਼ਸੀਅਤਾਂ ਨੇ PM ਮੋਦੀ ਅਤੇ ਸ਼ਹਿਬਾਜ਼ ਸ਼ਰੀਫ਼ ਨੂੰ ਲਿਖੀ ਸਾਂਝੀ ਚਿੱਠੀ

On: ਜੁਲਾਈ 2, 2026 3:12 ਬਾਃ ਦੁਃ

 

ਭਾਰਤ-ਪਾਕਿਸਤਾਨ (India-Pakistan) ਦੀ ਫਿਰ ਹੋਵੇਗੀ ਦੋਸਤੀ? ਚੰਗੇ ਸਬੰਧਾਂ ਲਈ ਦੋਵਾਂ ਦੇਸ਼ਾਂ ਦੀਆਂ 117 ਸ਼ਖ਼ਸੀਅਤਾਂ ਨੇ PM ਮੋਦੀ ਅਤੇ ਸ਼ਹਿਬਾਜ਼ ਸ਼ਰੀਫ਼ ਨੂੰ ਲਿਖੀ ਸਾਂਝੀ ਚਿੱਠੀ

‘ਸੈਂਟਰ ਫਾਰ ਪੀਸ ਐਂਡ ਪ੍ਰੋਗਰੈਸ’ ਦੇ ਚੇਅਰਮੈਨ ਓ.ਪੀ. ਸ਼ਾਹ ਦੀ ਅਗਵਾਈ ਹੇਠ ਲਿਖਿਆ ਗਿਆ ਖੁੱਲ੍ਹਾ ਪੱਤਰ

ਜੰਮੂ-ਕਸ਼ਮੀਰ ਸਮੇਤ ਸਾਰੇ ਅਧੂਰੇ ਮੁੱਦਿਆਂ ‘ਤੇ ਗੱਲਬਾਤ, ਵੀਜ਼ਾ ਸੇਵਾਵਾਂ ਅਤੇ ਅਟਾਰੀ-ਵਾਗਾ ਬਾਰਡਰ ਖੋਲ੍ਹਣ ਦੀ ਵਕਾਲਤ

ਨਵੀਂ ਦਿੱਲੀ/ਇਸਲਾਮਾਬਾਦ, 2 ਜੁਲਾਈ 2026: ਭਾਰਤ ਅਤੇ ਪਾਕਿਸਤਾਨ (India-Pakistan) ਦੇ ਸਬੰਧਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਦੀਆਂ ਕਰੀਬ 117 ਪ੍ਰਮੁੱਖ ਸ਼ਖ਼ਸੀਅਤਾਂ ਨੇ ਇੱਕ ਸਾਂਝੀ ਖੁੱਲ੍ਹੀ ਚਿੱਠੀ ਲਿਖ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਦੁਵੱਲੀ ਗੱਲਬਾਤ (Bilateral Dialogue) ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

‘ਸੈਂਟਰ ਫਾਰ ਪੀਸ ਐਂਡ ਪ੍ਰੋਗਰੈਸ’ ਦੇ ਚੇਅਰਮੈਨ ਓ.ਪੀ. ਸ਼ਾਹ ਦੀ ਅਗਵਾਈ ਹੇਠ ਭੇਜੀ ਗਈ ਇਸ ਚਿੱਠੀ ਵਿੱਚ ਖੇਤਰ ਵਿੱਚ ਸਥਾਈ ਸ਼ਾਂਤੀ ਲਈ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਚਰਚਾ ਕਰਨ ਅਤੇ ਸਰਹੱਦਾਂ ‘ਤੇ ਤਣਾਅ ਘਟਾਉਣ (De-escalation) ਦੀ ਮੰਗ ਕੀਤੀ ਗਈ ਹੈ।

ਚਿੱਠੀ ਵਿੱਚ ਕੀ ਕੀਤੀਆਂ ਗਈਆਂ ਹਨ ਮੰਗਾਂ?

ਸਾਂਝੇ ਪੱਤਰ ਵਿੱਚ ਦੋਵਾਂ ਦੇਸ਼ਾਂ ਨੂੰ ਸਾਰੇ ਲੰਬਿਤ ਮੁੱਦਿਆਂ ‘ਤੇ ਵਿਆਪਕ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਚਿੱਠੀ ਮੁਤਾਬਕ, “ਜੰਮੂ-ਕਸ਼ਮੀਰ ‘ਤੇ ਸਾਲ 2004 ਤੋਂ 2007 ਦਰਮਿਆਨ ਤੈਅ ਕੀਤੇ ਗਏ ਫਰੇਮਵਰਕ ਨੂੰ ਮੁੜ ਵਿਚਾਰਦਿਆਂ ਚਰਚਾ ਸ਼ੁਰੂ ਕੀਤੀ ਜਾਵੇ। ਖੇਤਰ ਵਿੱਚ ਸਥਾਈ ਸ਼ਾਂਤੀ ਲਈ ਫ਼ੌਜੀਕਰਨ ਨੂੰ ਘਟਾਇਆ ਜਾਵੇ ਅਤੇ ਦੋਵਾਂ ਦੇਸ਼ਾਂ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ ਦਾ ਹੱਲ ਕੱਢਿਆ ਜਾਵੇ।”

ਇਸ ਤੋਂ ਇਲਾਵਾ ਚਿੱਠੀ ਵਿੱਚ ਪੂਰੇ ਡਿਪਲੋਮੈਟਿਕ ਸਬੰਧਾਂ ਨੂੰ ਬਹਾਲ ਕਰਨ, ਵੀਜ਼ਾ ਸੇਵਾਵਾਂ ਆਮ ਵਾਂਗ ਕਰਨ, ਵਪਾਰ ਅਤੇ ਯਾਤਰਾ ਲਈ ਅਟਾਰੀ-ਵਾਗਾ ਜ਼ਮੀਨੀ ਸਰਹੱਦ ਨੂੰ ਮੁੜ ਖੋਲ੍ਹਣ, ਸ਼੍ਰੀਨਗਰ-ਮੁਜ਼ੱਫਰਾਬਾਦ ਅਤੇ ਦਿੱਲੀ-ਲਾਹੌਰ ਬੱਸ ਸੇਵਾ ਸ਼ੁਰੂ ਕਰਨ ਦੇ ਨਾਲ-ਨਾਲ ਕਾਰਗਿਲ (ਲਦਾਖ)-ਸਕਰਦੂ (ਗਿਲਗਿਤ ਬਾਲਟਿਸਤਾਨ) ਰੂਟ ਖੋਲ੍ਹਣ ਦੀ ਮੰਗ ਵੀ ਕੀਤੀ ਗਈ ਹੈ।

ਇਸ ਚਿੱਠੀ ‘ਤੇ ਭਾਰਤ ਵੱਲੋਂ ਨੈਸ਼ਨਲ ਕਾਨਫਰੰਸ ਦੇ ਡਾ. ਫ਼ਾਰੂਕ ਅਬਦੁੱਲਾ, ਪੀਡੀਪੀ ਦੀ ਮਹਿਬੂਬਾ ਮੁਫਤੀ, ਕਸ਼ਮੀਰ ਦੇ ਮੁੱਖ ਧਾਰਮਿਕ ਆਗੂ ਮੀਰਵਾਈਜ਼ ਉਮਰ ਫ਼ਾਰੂਕ, ਕਾਂਗਰਸ ਦੇ ਮਨੀ ਸ਼ੰਕਰ ਅਈਅਰ, ਆਰਜੇਡੀ ਦੇ ਪ੍ਰੋ. ਮਨੋਜ ਝਾਅ, ਰਾਅ (RAW) ਦੇ ਸਾਬਕਾ ਮੁਖੀ ਏ.ਐਸ. ਦੁਲਟ ਅਤੇ ਮਾਕਪਾ (CPI-M) ਦੇ ਮੁਹੰਮਦ ਯੂਸਫ਼ ਤਾਰੀਗਾਮੀ ਸਮੇਤ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਦਸਤਖਤ ਹਨ। ਉੱਥੇ ਹੀ ਪਾਕਿਸਤਾਨ ਵੱਲੋਂ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਅਤੇ ਸਾਬਕਾ ਰਾਜਦੂਤ ਅਸ਼ਰਫ ਜਹਾਂਗੀਰ ਕਾਜ਼ੀ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਇਸ ਵਿੱਚ ਸ਼ਾਮਲ ਹਨ।

ਮੀਰਵਾਈਜ਼ ਉਮਰ ਫ਼ਾਰੂਕ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਬਹੁਤ ਦੁੱਖ ਝੱਲੇ ਹਨ ਅਤੇ ਉਹ ਹੁਣ ਸਨਮਾਨਜਨਕ ਹੱਲ ਤੇ ਸ਼ਾਂਤੀ ਦੇ ਹੱਕਦਾਰ ਹਨ। ਜਦਕਿ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਤਨਵੀਰ ਸਾਦਿਕ ਨੇ ਕਿਹਾ ਕਿ ਆਰਐਸਐਸ (RSS) ਅਤੇ ਵੱਖ-ਵੱਖ ਸਮੂਹਾਂ ਦੇ ਲੋਕਾਂ ਨੇ ਵੀ ਸਾਡੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ, ਪਰ ਇਸ ਦਾ ਜ਼ਿੰਮਾ ਪਾਕਿਸਤਾਨ ‘ਤੇ ਵੀ ਆਇਆ ਹੈ।

ਭਾਜਪਾ ਦਾ ਤਿੱਖਾ ਪਲਟਵਾਰ: ‘ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ’

ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਇਸ ਚਿੱਠੀ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਵਿਰੋਧੀ ਦੱਸਿਆ ਹੈ। ਚੁੱਘ ਨੇ ਕਿਹਾ ਕਿ ਇਹ ਚਿੱਠੀ ਪਾਕਿਸਤਾਨ (ਇਸਲਾਮਾਬਾਦ) ਦੇ ਏਜੰਡੇ ਨੂੰ ਹਵਾ ਦੇਣ ਵਾਲੀ ਅਤੇ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ।

ਉਨ੍ਹਾਂ ‘ਗੁਪਕਾਰ ਗੈਂਗ’ ਅਤੇ ਉਸ ਦੇ ਸਹਿਯੋਗੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਭਾਰਤ ਦੇ ਕੁਝ ਸਿਆਸੀ ਆਗੂ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਅਤੇ ਸਾਡੇ ਸੁਰੱਖਿਆ ਬਲਾਂ ਦੀਆਂ ਸ਼ਹਾਦਤਾਂ ਨੂੰ ਭੁੱਲ ਕੇ ਪਾਕਿਸਤਾਨ ਦੀ ਪੈਰਵੀ ਕਰ ਰਹੇ ਹਨ। ਚੁੱਘ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਨੀਤੀ ਸਪੱਸ਼ਟ ਹੈ – ‘ਅੱਤਵਾਦ ਅਤੇ ਗੱਲਬਾਤ’ ਇਕੱਠੇ ਨਹੀਂ ਹੋ ਸਕਦੇ। ਜਦੋਂ ਤੱਕ ਪਾਕਿਸਤਾਨ ਆਪਣੀ ਧਰਤੀ ਤੋਂ ਅੱਤਵਾਦੀ ਢਾਂਚੇ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਦਾ, ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ। ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”

“ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਅੱਤਵਾਦ ਨਾਲ ਨਹੀਂ, ਸਨਮਾਨ ਨਾਲ”- ਮਨੀਸ਼ ਤਿਵਾਰੀ

ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਦੋਵਾਂ ਦੇਸ਼ਾਂ ਵਿਚਾਲੇ ‘ਸ਼ਾਂਤੀ, ਆਮ ਸਥਿਤੀ ਅਤੇ ਗੱਲਬਾਤ ਬਹਾਲ ਕਰਨ’ ਲਈ ਕੁਝ ਪ੍ਰਮੁੱਖ ਨਾਗਰਿਕਾਂ ਵੱਲੋਂ ਕੀਤੀ ਗਈ ਅਪੀਲ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਤਿਵਾਰੀ ਨੇ ਇਸ ਅਪੀਲ ਨੂੰ ਸਿਰਫ਼ ਸ਼ਾਂਤੀ ਦੀ ਮੰਗ ਨਹੀਂ, ਸਗੋਂ ‘ਬਿਨਾਂ ਸ਼ਰਤ ਆਤਮ ਸਮਰਪਣ’ ਦਾ ਸਾਧਨ ਦੱਸਿਆ ਹੈ।

ਮਨੀਸ਼ ਤਿਵਾਰੀ ਨੇ ਸਵਾਲ ਉਠਾਇਆ ਕਿ ਸ਼ਾਂਤੀ ਕੌਣ ਨਹੀਂ ਚਾਹੁੰਦਾ, ਹਰ ਕੋਈ ਸ਼ਾਂਤੀ ਚਾਹੁੰਦਾ ਹੈ, ਪਰ ਸਵਾਲ ਇਹ ਹੈ ਕਿ ਸ਼ਾਂਤੀ ਕਿਸ ਕੀਮਤ ‘ਤੇ? ਉਨ੍ਹਾਂ ਕਿਹਾ, “ਸ਼ਾਂਤੀ ਉਦੋਂ ਨਹੀਂ ਆ ਸਕਦੀ ਜਦੋਂ ਕੋਈ ਤੁਹਾਡੇ ਸਿਰ ‘ਤੇ ਅੱਤਵਾਦ ਦੀ ਬੰਦੂਕ ਰੱਖ ਕੇ ਬੈਠਾ ਹੋਵੇ।” ਉਨ੍ਹਾਂ ਅਪੀਲ ਕਰਨ ਵਾਲੇ ਪ੍ਰਮੁੱਖ ਵਿਅਕਤੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਪੇਸ਼ੇਵਰ ਜੀਵਨ ਦੌਰਾਨ ਪਾਕਿਸਤਾਨੀਆਂ ਨਾਲ ਕੰਮ ਕਰ ਚੁੱਕੇ ਹਨ ਅਤੇ ਜਾਣਦੇ ਹਨ ਕਿ ਪਾਕਿਸਤਾਨ ਕਿੰਨਾ ਫ਼ਰੇਬੀ ਹੈ, ਜੋ ਕਹਿੰਦਾ ਕੁਝ ਹੋਰ ਹੈ ਅਤੇ ਕਰਦਾ ਕੁਝ ਹੋਰ।

ਤਿਵਾਰੀ ਨੇ ਯਾਦ ਦਿਵਾਇਆ ਕਿ ਪਾਕਿਸਤਾਨ ਨੇ 2002 ਵਿੱਚ ਰਾਸ਼ਟਰਪਤੀ ਮੁਸ਼ੱਰਫ਼ ਰਾਹੀਂ ਅਤੇ 2004 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਇਸਲਾਮਾਬਾਦ ਫੇਰੀ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਭਾਰਤ ਖ਼ਿਲਾਫ਼ ਅੱਤਵਾਦ ਲਈ ਨਹੀਂ ਹੋਣ ਦੇਵੇਗਾ। ਇੱਥੋਂ ਤੱਕ ਕਿ ਡਾ. ਮਨਮੋਹਨ ਸਿੰਘ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਮੇਂ ਵੀ ਇਹ ਗੱਲਾਂ ਦੁਹਰਾਈਆਂ ਗਈਆਂ, ਪਰ ਪਾਕਿਸਤਾਨ ਹਮੇਸ਼ਾ ਆਪਣੇ ਵਾਅਦਿਆਂ ਤੋਂ ਮੁਕਰਦਾ ਰਿਹਾ ਹੈ।

ਕਾਂਗਰਸੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਗੱਲਬਾਤ ਹੋਣੀ ਹੈ, ਤਾਂ ਪਾਕਿਸਤਾਨ ਨੂੰ ਪਹਿਲਾਂ 1970 ਦੇ ਦਹਾਕੇ ਤੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਆਪਣੇ ‘ਮਿਲਟਰੀ ਜਿਹਾਦੀ ਕੰਪਲੈਕਸ’ ਨੂੰ ਖ਼ਤਮ ਕਰਨਾ ਪਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤੀ ਜ਼ਰੂਰ ਚਾਹੁੰਦਾ ਹੈ, ਪਰ ਉਹ ਸ਼ਾਂਤੀ ‘ਅੱਤਵਾਦ ਮੁਕਤ’ ਅਤੇ ‘ਸਨਮਾਨਯੋਗ’ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਗੱਲਬਾਤ ਇੱਕੋ ਸਮੇਂ ਨਹੀਂ ਚੱਲ ਸਕਦੇ।

 

Join WhatsApp

Join Now

Leave a Comment