ਵੱਡੀ ਖ਼ਬਰ: ਭਾਰਤ ਸਰਕਾਰ ਨੇ 23 ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ 4 ਜੁਲਾਈ 2026 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਲਿਸਟ ਕੀਤੀ ਸਾਂਝੀ- ਅੱਤਵਾਦੀਆਂ ਦੀ ਭਰਤੀ, ਫੰਡਿੰਗ, ਹਥਿਆਰਾਂ ਦੀ ਸਪਲਾਈ ਅਤੇ ਘੁਸਪੈਠ ਕਰਵਾਉਣ ਦੇ ਲੱਗੇ ਗੰਭੀਰ ਆਰੋਪ
ਨਵੀਂ ਦਿੱਲੀ, 04 ਜੁਲਾਈ 2026- ਦੇਸ਼ ਦੀ ਸੁਰੱਖਿਆ ਅਤੇ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ (Zero Tolerance) ਦੀ ਨੀਤੀ ਤਹਿਤ ਭਾਰਤ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਦੇ ਤਹਿਤ 23 ਵਿਅਕਤੀਆਂ ਨੂੰ ਅਧਿਕਾਰਤ ਤੌਰ ‘ਤੇ ਅੱਤਵਾਦੀ ਐਲਾਨ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ 4 ਜੁਲਾਈ 2026 ਨੂੰ ਇਸ ਸਬੰਧੀ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਪਾਕਿਸਤਾਨ ਅਧਾਰਤ ਅੱਤਵਾਦੀ ਸੰਗਠਨਾਂ ਜੈਸ਼-ਏ-ਮੁਹੰਮਦ (JeM) ਅਤੇ ਲਸ਼ਕਰ-ਏ-ਤੈਯਬਾ (LeT) ਨਾਲ ਜੁੜੇ ਕਈ ਮੁੱਖ ਸਰਗਨਿਆਂ ਦੇ ਨਾਮ ਸ਼ਾਮਲ ਹਨ। ਭਾਰਤ ਸਰਕਾਰ ਅਨੁਸਾਰ ਇਹ ਸਾਰੇ ਵਿਅਕਤੀ ਭਾਰਤ ਦੇ ਖ਼ਿਲਾਫ਼ ਅੱਤਵਾਦੀਆਂ ਦੀ ਭਰਤੀ ਕਰਨ, ਉਨ੍ਹਾਂ ਨੂੰ ਸਿਖਲਾਈ ਦੇਣ, ਟੈਰਰ ਫੰਡਿੰਗ (Terror Funding) ਜੁਟਾਉਣ, ਹਥਿਆਰਾਂ ਦੀ ਸਪਲਾਈ, ਸਰਹੱਦ ਪਾਰੋਂ ਘੁਸਪੈਠ ਕਰਵਾਉਣ ਅਤੇ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਵਰਗੀਆਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਰਹੇ ਹਨ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ 23 ਅੱਤਵਾਦੀਆਂ ਦੀ ਇਸ ਸੂਚੀ ਵਿੱਚ ਜੈਸ਼-ਏ-ਮੁਹੰਮਦ ਦੇ ਮਸੂਦ ਇਲੀਆਸ ਕਸ਼ਮੀਰੀ ਦਾ ਨਾਮ ਪ੍ਰਮੁੱਖਤਾ ਨਾਲ ਸ਼ਾਮਲ ਹੈ, ਜਿਸ ਨੂੰ ਸਾਲ 2022 ਵਿੱਚ ਹੋਏ ਸੁਨਜਵਾਂ ਆਰਮੀ ਕੈਂਪ ਹਮਲੇ ਦੀ ਸਾਜ਼ਿਸ਼ ਨਾਲ ਜੋੜਿਆ ਗਿਆ ਹੈ। ਇਸੇ ਤਰ੍ਹਾਂ ਜੈਸ਼ ਦੇ ਹੀ ਮੁਹੰਮਦ ਮੁਸੱਦਿਕ ‘ਤੇ ਸੁਨਜਵਾਂ ਹਮਲੇ ਦੌਰਾਨ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਅਤੇ ਪੂਰੇ ਅੱਤਵਾਦੀ ਆਪ੍ਰੇਸ਼ਨ ਦਾ ਤਾਲਮੇਲ (Coordination) ਕਰਨ ਦੇ ਆਰੋਪ ਹਨ।
ਇਸ ਤੋਂ ਇਲਾਵਾ ਮੁਫ਼ਤੀ ਮੁਹੰਮਦ ਅਸਗਰ ਖ਼ਾਨ ਦਾ ਨਾਮ ਵੀ ਇਸ ਲਿਸਟ ਵਿੱਚ ਹੈ, ਜੋ 2016 ਦੇ ਨਾਗਰੋਟਾ ਆਰਮੀ ਕੈਂਪ ਹਮਲੇ ਨਾਲ ਜੁੜੇ ਘੁਸਪੈਠ ਨੈੱਟਵਰਕ ਦਾ ਮੁੱਖ ਸੰਚਾਲਕ (Operator) ਰਿਹਾ ਹੈ। ਇਸ ਸੂਚੀ ਵਿੱਚ ਹਾਫਿਜ਼ ਅਬਦੁਲ ਸ਼ਕੂਰ ਦਾ ਨਾਮ ਵੀ ਸ਼ਾਮਲ ਹੈ, ਜਿਸ ‘ਤੇ 2016 ਦੇ ਨਾਗਰੋਟਾ ਹਮਲੇ ਤੋਂ ਪਹਿਲਾਂ ਸਥਾਨਕ ਨੈੱਟਵਰਕ ਨਾਲ ਸੰਪਰਕ ਸਾਧਣ ਅਤੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦਾ ਆਰੋਪ ਹੈ।
ਦੂਜੇ ਪਾਸੇ ਅਬਦੁੱਲਾ ਜੇਹਾਦੀ (ਸ਼ਾਹ ਨਵਾਜ਼/ਅਲ ਹਿਜਾਮਾ) ‘ਤੇ ਨਾਗਰੋਟਾ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੀ ਮਦਦ ਕਰਨ ਅਤੇ ਜੈਸ਼-ਏ-ਮੁਹੰਮਦ ਦੇ ਕਈ ਟ੍ਰੇਨਿੰਗ ਕੈਂਪ ਚਲਾਉਣ ਦੇ ਗੰਭੀਰ ਆਰੋਪ ਹਨ। ਲਸ਼ਕਰ-ਏ-ਤੈਯਬਾ ਦੇ ਲਾਂਚਿੰਗ ਕਮਾਂਡਰ ਫਿਰਦੌਸ ਅਹਿਮਦ ਭੱਟ (LeT) ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਘੁਸਪੈਠ ਅਤੇ ਲੌਜਿਸਟਿਕ ਸਪੋਰਟ ਮੁਹੱਈਆ ਕਰਵਾਉਂਦਾ ਸੀ।
ਗ੍ਰਹਿ ਮੰਤਰਾਲੇ ਦੀ ਇਸ ਕਾਰਵਾਈ ਵਿੱਚ ਬਿਲਾਲ ਅਹਿਮਦ ਮੀਰ ਉਰਫ਼ ਅਹਿਮਦ ਭਾਈ (LeT/TRF) ਨੂੰ ਵੀ ਅੱਤਵਾਦੀ ਐਲਾਨਿਆ ਗਿਆ ਹੈ। ਉਸ ‘ਤੇ ਲਸ਼ਕਰ ਅਤੇ ਟੀ.ਆਰ.ਐੱਫ. (TRF) ਲਈ ਸਰਹੱਦ ਪਾਰੋਂ ਅੱਤਵਾਦੀ ਗਤੀਵਿਧੀਆਂ ਚਲਾਉਣ ਅਤੇ ਭਾਰਤ ਵਿੱਚ ਹਥਿਆਰਾਂ ਦੀ ਖੇਪ ਭੇਜਣ ਦੇ ਆਰੋਪ ਹਨ।
ਕੇਂਦਰ ਸਰਕਾਰ ਵੱਲੋਂ ਜਾਰੀ ਇਸ ਗਜ਼ਟ ਨੋਟੀਫਿਕੇਸ਼ਨ ਵਿੱਚ ਕੁੱਲ 23 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ, ਜਿਨ੍ਹਾਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਕਾਨੂੰਨੀ ਸ਼ਿਕੰਜਾ ਹੋਰ ਵੀ ਸਖ਼ਤ ਕੀਤਾ ਜਾਵੇਗਾ।


















