ਪੰਜਾਬ ਭਰ ‘ਚ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਹੁਕਮਾਂ ਦੀਆਂ ਅਧਿਆਪਕ ਜਥੇਬੰਦੀਆਂ ਨੇ ਸਾੜੀਆਂ ਕਾਪੀਆਂ
ਡੀ ਟੀ ਐੱਫ ਦੇ ਸੱਦੇ ‘ਤੇ ਅਧਿਆਪਕਾਂ ਨੇ ਸਕੂਲਾਂ ਅੰਦਰ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ
ਸ਼੍ਰੀ ਮੁਕਤਸਰ ਸਾਹਿਬ 13 ਜੁਲਾਈ 2026- ਪੰਜਾਬ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਸੱਦੇ ‘ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਵਿਕਰਮ ਦੇਵ ਸਿੰਘ) ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਦਿੱਗਵਿਜੇ ਪਾਲ ਸ਼ਰਮਾ) ਦੀਆਂ ਜ਼ਿਲ੍ਹਾ ਇਕਾਈਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨਾਂ ਪਵਨ ਕੁਮਾਰ ਅਤੇ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਹੇਠ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਇਕੱਤਰਤਾ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨਾਂ ਵਿੱਚ ਸਕੂਲ ਖੋਲ੍ਹੇ ਜਾਣ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ।
ਇਸ ਤੋਂ ਪਹਿਲਾਂ ਛੁੱਟੀ ਵਾਲੇ ਦਿਨ ਦੂਜੇ ਸ਼ਨੀਵਾਰ ਅਤੇ ਐਤਵਾਰ ਨੂੰ ਸਕੂਲਾਂ ਵਿੱਚ ਪਹੁੰਚੇ ਅਧਿਆਪਕਾਂ ਨੇ ਸਕੂਲਾਂ ਅੰਦਰ ਪੰਜਾਬ ਸਰਕਾਰ ਦੇ ਸਕੂਲ ਖੋਲ੍ਹਣ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ਼ ਕਰਾਇਆ। ਸਕੂਲਾਂ ਅੰਦਰ ਕਾਪੀਆਂ ਸਾੜ ਕੇ ਵਿਰੋਧ ਦਰਜ਼ ਕਰਾਉਣ ਵਿੱਚ ਸਹਸ ਖੁੰਡੇ ਹਲਾਲ, ਸਸਸਸ ਚੱਕ ਸ਼ੇਰੇਵਾਲਾ, ਸਹਸ ਭੰਗਚੜੀ, ਸਸਸਸ ਝਬੇਲਵਾਲੀ, ਸਮਿਸ ਕੋਟਲੀ ਸੰਘਰ, ਸਹਸ ਚਿੱਬੜਾਂਵਾਲੀ, ਸਪਸ ਸਿਟੀ ਸਵੇਰ, ਸੀਸ ਧੂਲਕੋਟ, ਸਪਸ ਸਿਟੀ ਸ਼ਾਮ, ਸਪਸ ਖਾਰਾ ਖੂਹ, ਸਪਸ ਸ਼ੇਖ ਫਰੀਦ, ਸ ਹ ਸ ਭੰਗੇਵਾਲਾ, ਸਹਸ ਦੂਹੇਵਾਲਾ, ਸਪਸ ਗਿੱਦੜਬਾਹਾ-3, ਸਪਸ ਚੰਨੂੰ ਆਦਿ ਸਮੇਤ 50 ਦੇ ਕਰੀਬ ਸਕੂਲਾਂ ਸ਼ਮੂਲੀਅਤ ਕੀਤੀ।
ਇਨ੍ਹਾਂ ਹੁਕਮਾਂ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਐੱਸ ਆਈ ਆਰ ਦੇ ਨਾਂ ਹੇਠ 11 ਅਤੇ 12 ਜੁਲਾਈ ਛੁੱਟੀ ਵਾਲੇ ਦਿਨ (ਦੂਜਾ ਸ਼ਨੀਵਾਰ ਅਤੇ ਐਤਵਾਰ) ਪੂਰੇ ਦੇ ਪੂਰੇ ਸਕੂਲ ਸਟਾਫ ਨੂੰ ਸਕੂਲ ਸੱਦਿਆ ਗਿਆ ਜੋ ਕਿ ਪੂਰਨ ਗੈਰ ਤਾਰਕਿਕ ਹੈ। ਇਸ ਪੱਤਰ ਰਾਹੀਂ ਉਨ੍ਹਾਂ ਸਕੂਲਾਂ ਦੇ ਸਟਾਫ ਨੂੰ ਵੀ ਸਕੂਲਾਂ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਜਿੰਨ੍ਹਾਂ ਵਿੱਚ ਬੂਥ ਨਹੀਂ ਬਣਦੇ। ਇੰਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਛੁੱਟੀ ਵਾਲੇ ਦਿਨ ਪਹਿਲਾਂ ਤੋਂ ਯੋਜਨਾ ਬੱਧ ਕੀਤੇ ਕੰਮਾਂ ਨੂੰ ਛੱਡਦੇ ਹੋਏ ਪੂਰੇ ਦੋ ਦਿਨ ਵਿਹਲੇ ਬੈਠ ਕੇ ਸਕੂਲੋਂ ਘਰ ਪਰਤਣਾ ਪਿਆ।
ਆਗੂਆਂ ਨੇ ਦੱਸਿਆ ਕਿ ਐੱਸ ਆਈ ਆਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪਹਿਲਾਂ ਹੀ ਸਕੂਲ ਵਿੱਚੋਂ ਵੱਡੀ ਗਿਣਤੀ ਵਿੱਚ ਬੀ ਐੱਲ ਓ ਅਤੇ ਸੁਪਰਵਾਈਜ਼ਰ ਇਸ ਡਿਊਟੀ ਨੂੰ ਨੇਪਰੇ ਚਾੜ੍ਹਨ ਲਈ ਲਗਾਏ ਹੋਏ ਹਨ, ਪਿਛਲੇ ਦਿਨੀਂ ਬੀ ਐੱਲ ਓ ਦੀ ਸਹਾਇਤਾ ਕਰਨ ਲਈ ਸਹਾਇਕ ਬੀ ਐੱਲ ਓ ਵੀ ਅਧਿਆਪਕ ਹੀ ਲਗਾਏ ਗਏ ਹਨ। ਇਸ ਨਾਲ ਸਕੂਲਾਂ ਵਿੱਚ ਸਟਾਫ ਦੀ ਉਪਲਬਧਤਾ ‘ਤੇ ਨਕਾਰਾਤਮਕ ਅਸਰ ਪਿਆ ਹੈ। ਕਈ ਸਕੂਲਾਂ ਦਾ ਸਾਰੇ ਦਾ ਸਾਰਾ ਸਟਾਫ ਐੱਸ ਆਈ ਆਰ ਦੇ ਕੰਮ ਵਿੱਚ ਲੱਗਾ ਹੋਣ ਕਾਰਣ ਬਾਹਰੀ ਸਕੂਲਾਂ ਦੇ ਅਧਿਆਪਕ ਉਨ੍ਹਾਂ ਸਕੂਲਾਂ ਨੂੰ ਚਲਾ ਰਹੇ ਹਨ।
ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਉੱਤੇ ਗੈਰ ਵਿੱਦਿਅਕ ਕੰਮਾਂ ਦਾ ਬੋਝ ਐਨਾ ਵਧਾ ਦਿੱਤਾ ਹੈ ਕਿ ਉਹਨਾਂ ਨੂੰ ਵਿੱਦਿਅਕ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਸਮਾਂ ਹੀ ਨਹੀਂ ਮਿਲ ਰਿਹਾ। ਆਗੂਆਂ ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਸਾੜਦਿਆਂ ਛੁੱਟੀਆਂ ਦੌਰਾਨ ਸਕੂਲ ਖੋਲ੍ਹਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਅਧਿਆਪਕਾਂ ਨੂੰ ਅਗਾਂਹ ਤੋਂ ਅਜਿਹੇ ਹੁਕਮਾਂ ਦਾ ਬਾਈਕਾਟ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਾਤਮਾ ਸਿੰਘ ਸੂਬਾ ਕਮੇਟੀ ਮੈਂਬਰ, ਜੀਵਨ ਸਿੰਘ ਬਧਾਈ ਜ਼ਿਲ੍ਹਾ ਸਕੱਤਰ, ਮਨਦੀਪ ਸਿੰਘ ਵਿੱਤ ਸਕੱਤਰ, ਰਵੀ ਕੁਮਾਰ ਬਲਾਕ ਪ੍ਰਧਾਨ, ਮੈਡਮ ਸੰਦੀਪ ਕੌਰ, ਪਰਮਿੰਦਰ ਖੋਖਰ ਮੀਤ ਪ੍ਰਧਾਨ, ਜਸਵੰਤ ਸਿੰਘ ਬਲਾਕ ਪ੍ਰਧਾਨ, ਕੁਲਵਿੰਦਰ ਅਕਾਲਗੜ੍ਹ, ਸਰਬਜੀਤ ਸਿੰਘ, ਚਰਨਜੀਤ ਅਟਵਾਲ, ਕੰਵਲਜੀਤ ਪਾਲ, ਉਪਕਾਰ ਬਰੀਵਾਲਾ, ਚਮਨ ਪ੍ਰਜਾਪਤੀ, ਬਲਵੰਤ ਸਿੰਘ, ਸੁਸ਼ੀਲ ਕੁਮਾਰ, ਸੰਦੀਪ ਕਾਠਪਾਲ, ਸ਼ਿਵ ਕੁਮਾਰ, ਮੁਕੇਸ਼ ਗੋਇਲ, ਰਾਕੇਸ਼ ਕੁਮਾਰ, ਅਦਿੱਤਿਆ ਗਰਗ, ਬੋਹੜ ਸਿੰਘ ਭੁੱਟੀਵਾਲਾ, ਨਵਲਦੀਪ ਅਹੂਜਾ, ਕੰਵਲਜੀਤ ਸਿੰਘ, ਰਮੇਸ਼ ਸ਼ਰਮਾ, ਐਨ ਐਸ ਕਿਊ ਐੱਫ ਅਧਿਆਪਕ ਮਨਵੀਰ ਸਿੰਘ ਹਾਜ਼ਰ ਸਨ।
















