Corona Virus India Update: ਭਾਰਤ ‘ਚ ਕੋਰੋਨਾ ਦੀ ਮੁੜ ਦਸਤਕ! 2 ਲੋਕਾਂ ਦੀ ਮੌਤਾਂ, ਕਈਆਂ ਦੀ ਹਾਲਤ ਗੰਭੀਰ; ਸਰਕਾਰਾਂ ਅਲਰਟ ‘ਤੇ…!
Corona Virus India Update: ਦੇਸ਼ ਦੇ 3 ਸੂਬਿਆਂ ‘ਚ ਮਿਲੇ 10 ਸਰਗਰਮ ਕੋਰੋਨਾ ਕੇਸ, BHU ਦਾ ਵਿਦਿਆਰਥੀ ਅਤੇ ਕੁਮਾਰ ਸਾਨੂ ਦਾ ਬੇਟਾ ਕੋਵਿਡ ਦੀ ਲਪੇਟ ‘ਚ, ਸਰਕਾਰ ਦੀ ਵਧੀ ਚਿੰਤਾ
ਨਵੀਂ ਦਿੱਲੀ/ਆਂਧਰਾ ਪ੍ਰਦੇਸ਼, 13 ਜੁਲਾਈ 2026-
Corona Virus India Update: ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ, ਹਾਲਾਂਕਿ ਅਜੇ ਤੱਕ ਇਸ ਨੇ ਕੋਈ ਖ਼ਤਰਨਾਕ ਰੂਪ ਨਹੀਂ ਲਿਆ ਹੈ। ਫਿਲਹਾਲ ਦੇਸ਼ ਦੇ 3 ਰਾਜਾਂ ਵਿੱਚ ਹੀ ਕੋਰੋਨਾ ਦੇ ਸਰਗਰਮ (ਐਕਟਿਵ) ਕੇਸ ਹਨ ਅਤੇ ਇਨ੍ਹਾਂ ਦੀ ਕੁੱਲ ਗਿਣਤੀ 10 ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 8 ਕੇਸ ਆਂਧਰਾ ਪ੍ਰਦੇਸ਼ ਵਿੱਚ ਸਰਗਰਮ ਹਨ। ਇਸ ਤੋਂ ਇਲਾਵਾ ਇੱਕ ਕੇਸ ਮਹਾਰਾਸ਼ਟਰ ਦੇ ਮੁੰਬਈ ਵਿੱਚ ਸਾਹਮਣੇ ਆਇਆ ਹੈ, ਜਿੱਥੇ ਮਸ਼ਹੂਰ ਬਾਲੀਵੁੱਡ ਸਿੰਗਰ ਕੁਮਾਰ ਸਾਨੂ ਦੇ ਬੇਟੇ ਜਾਨ ਕੁਮਾਰ ਸਾਨੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਉੱਥੇ ਹੀ ਉੱਤਰ ਪ੍ਰਦੇਸ਼ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਇੱਕ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਨ੍ਹਾਂ ਨਵੇਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਦੱਸ ਦੇਈਏ ਕਿ ਮਸ਼ਹੂਰ ਬਾਲੀਵੁੱਡ ਗਾਇਕ ਕੁਮਾਰ ਸਾਨੂ ਦੇ ਬੇਟੇ ਅਤੇ ਰਿਐਲਿਟੀ ਸ਼ੋਅ ‘ਬਿਗ ਬੌਸ’ ਦੇ ਕੰਟੈਸਟੈਂਟ ਰਹੇ ਜਾਨ ਕੁਮਾਰ ਸਾਨੂ ਕੋਰੋਨਾ ਸੰਕਰਮਿਤ ਹੋ ਗਏ ਹਨ। ਉਨ੍ਹਾਂ ਨੇ ਖ਼ੁਦ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਉਹ ਇਸ ਸਮੇਂ ਹਸਪਤਾਲ ਵਿੱਚ ਭਰਤੀ ਹਨ।
ਜਾਨ ਨੇ ਹਸਪਤਾਲ ਦੇ ਅੰਦਰੋਂ ਹੀ ਇਹ ਵੀਡੀਓ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ BHU ਦੇ ਸਰ ਸੁੰਦਰਲਾਲ ਹਸਪਤਾਲ ਵਿੱਚ ਭਰਤੀ ਇੱਕ ਨੌਜਵਾਨ ਵੀ ਕੋਰੋਨਾ ਸੰਕਰਮਿਤ ਪਾਇਆ ਗਿਆ। ਆਸ਼ਾਪੁਰ ਦੇ ਰਹਿਣ ਵਾਲੇ ਇਸ 27 ਸਾਲਾ ਨੌਜਵਾਨ ਨੂੰ ਕਈ ਦਿਨਾਂ ਤੋਂ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਦੋਂ ਚੈਸਟ ਐਂਡ ਟੀਬੀ ਵਿਭਾਗ ਨੇ ਨੌਜਵਾਨ ਦਾ ਕੋਰੋਨਾ ਟੈਸਟ ਕੀਤਾ ਤਾਂ ਰਿਪੋਰਟ ਪਾਜ਼ੀਟਿਵ ਆਈ।
ਕੋਰੋਨਾ ਨੇ ਇਸ ਵਾਰ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਵਿੱਚ ਦਸਤਕ ਦਿੱਤੀ ਹੈ। ਇੱਥੋਂ ਦੇ ਕਡਪਾ ਜ਼ਿਲ੍ਹੇ ਵਿੱਚ ਕੋਰੋਨਾ ਸੰਕਰਮਿਤ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਇੱਥੇ 8 ਐਕਟਿਵ ਕੇਸ ਹਨ, ਜਿਨ੍ਹਾਂ ਨੂੰ ਆਈਸੋਲੇਟ (ਇਕਾਂਤਵਾਸ) ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਕਡਪਾ ਵਿੱਚ ‘ਰੈਪਿਡ ਰਿਸਪਾਂਸ ਟੀਮਾਂ’ ਤਾਇਨਾਤ ਕਰ ਦਿੱਤੀਆਂ ਹਨ। ਇਨ੍ਹਾਂ ਟੀਮਾਂ ਨੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚੋਂ 40 ਲੋਕਾਂ ਦੇ ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 18 ਦੀ ਰਿਪੋਰਟ ਨੈਗੇਟਿਵ ਆਈ ਹੈ। ਪਰ 2 ਮਰੀਜ਼ਾਂ ਦੀ ਮੌਤ ਹੋਣ ਕਾਰਨ ਸੂਬਾ ਸਰਕਾਰ ਚਿੰਤਾ ਵਿੱਚ ਹੈ ਅਤੇ ਸਿਹਤ ਵਿਭਾਗ ਨੂੰ ਸਖ਼ਤ ਇਹਤਿਆਤੀ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ।
ਕਡਪਾ ਜ਼ਿਲ੍ਹੇ ਦੇ ਰਾਜਮਪੇਟ ਵਿੱਚ ਇੱਕ 52 ਸਾਲਾ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਉਨ੍ਹਾਂ ਨੇ ਵੈਲੋਰ ਦੇ ਕ੍ਰਿਸਚੀਅਨ ਮੈਡੀਕਲ ਕਾਲਜ (CMC) ਵਿੱਚ ਇਲਾਜ ਦੌਰਾਨ ਦਮ ਤੋੜਿਆ। ਬੁਖਾਰ ਅਤੇ ਖਾਂਸੀ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪਾਜ਼ੀਟਿਵ ਆਈ ਸੀ। ਇਸੇ ਤਰ੍ਹਾਂ ਕਡਪਾ ਸ਼ਹਿਰ ਦੇ ਹੀ ਇੱਕ 43 ਸਾਲਾ ਵਿਅਕਤੀ ਦੀ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਸਰਕਾਰੀ ਜਨਰਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਜਾਂਚ ਦੌਰਾਨ ਕੋਵਿਡ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।
ਇਸ ਤੋਂ ਇਲਾਵਾ ਕਡਪਾ ਮੈਡੀਕਲ ਕਾਲਜ ਦੇ ਇੱਕ 25 ਸਾਲਾ ਮੈਡੀਕਲ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ ਅਤੇ ਉਹ ਫਿਲਹਾਲ ਹੋਮ ਆਈਸੋਲੇਸ਼ਨ ਵਿੱਚ ਹੈ। ਆਂਧਰਾ ਪ੍ਰਦੇਸ਼ ਦੀ ਜ਼ਿਲ੍ਹਾ ਇੰਚਾਰਜ ਮੰਤਰੀ ਸਵਿਤਾ ਨੇ ਅਧਿਕਾਰੀਆਂ ਨੂੰ ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਕਲੈਕਟਰ ਸੀ.ਐਚ. ਸ਼੍ਰੀਧਰ ਅਤੇ ਜ਼ਿਲ੍ਹਾ ਮੈਡੀਕਲ ਤੇ ਸਿਹਤ ਅਧਿਕਾਰੀ (DM&HO) ਰਵੀ ਬਾਬੂ ਨੂੰ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਇਲਾਕਿਆਂ ਵਿੱਚ ਕੋਰੋਨਾ ਸੰਕਰਮਿਤ ਮਰੀਜ਼ ਮਿਲੇ ਹਨ, ਉੱਥੇ ਕੋਵਿਡ-19 ਦੀਆਂ ਗਾਈਡਲਾਈਨਜ਼ ਨੂੰ ਤੁਰੰਤ ਪ੍ਰਭਾਵ ਨਾਲ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
















