Join WhatsApp

Join Now

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ! ਮੁਲਾਜ਼ਮਾਂ ਕੀਤੀ ਮੁਕੰਮਲ ਹੜਤਾਲ

On: ਜੁਲਾਈ 16, 2026 12:36 ਬਾਃ ਦੁਃ
BREAKING: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖ਼ਬਰ

 

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੁਲਾਜ਼ਮਾਂ ਕੀਤੀ ਮੁਕੰਮਲ ਹੜਤਾਲ

ਕੰਡਕਟਰ ਦੀ ਬਰਖ਼ਾਸਤਗੀ ਖ਼ਿਲਾਫ਼ ਭੜਕੇ ਪੀਆਰਟੀਸੀ ਮੁਲਾਜ਼ਮ; ਚੰਡੀਗੜ੍ਹ, ਪਟਿਆਲਾ ਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ‘ਚ ਚੱਕਾ ਜਾਮ

ਚੰਡੀਗੜ੍ਹ/ਬਰਨਾਲਾ, 16 ਜੁਲਾਈ 2026- ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੀਆਰਟੀਸੀ ਪਨਬਸ 25/11 ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ‘ਤੇ ਅੱਜ ਪੰਜਾਬ ਭਰ ਵਿੱਚ ਟਰਾਂਸਪੋਰਟ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਦੇ ਨੌਂ ਪ੍ਰਮੁੱਖ ਪੀਆਰਟੀਸੀ ਡਿਪੂਆਂ ਵਿੱਚ ਮੁਕੰਮਲ ਹੜਤਾਲ ਕੀਤੀ ਗਈ, ਜਿਸ ਕਾਰਨ ਸਰਕਾਰੀ ਬੱਸਾਂ ਦੇ ਪਹੀਏ ਜਾਮ ਹੋ ਗਏ।

ਇਸ ਹੜਤਾਲ ਵਿੱਚ ਲਗਭਗ 1,200 ਦੇ ਕਰੀਬ ਠੇਕਾ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸਰਕਾਰ ਤੇ ਟਰਾਂਸਪੋਰਟ ਵਿਭਾਗ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੇ ਇਸ ਕਦਮ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਆਮ ਲੋਕਾਂ ਅਤੇ ਖ਼ਾਸ ਕਰਕੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਨੀਅਨ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦਾ ਅਸਰ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿੱਚ ਸਾਫ਼ ਦੇਖਣ ਨੂੰ ਮਿਲਿਆ। ਅੱਜ ਸਵੇਰ ਤੋਂ ਹੀ ਬਰਨਾਲਾ, ਬੁਢਲਾਡਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਰੀਦਕੋਟ, ਚੰਡੀਗੜ੍ਹ, ਕਪੂਰਥਲਾ ਅਤੇ ਬਠਿੰਡਾ ਦੇ ਪੀਆਰਟੀਸੀ ਡਿਪੂ ਪੂਰੀ ਤਰ੍ਹਾਂ ਬੰਦ ਰਹੇ। ਡਿਪੂਆਂ ਦੇ ਗੇਟਾਂ ਅੱਗੇ ਮੁਲਾਜ਼ਮਾਂ ਨੇ ਧਰਨੇ ਲਗਾ ਦਿੱਤੇ, ਜਿਸ ਕਾਰਨ ਕੋਈ ਵੀ ਸਰਕਾਰੀ ਬੱਸ ਡਿਪੂ ਤੋਂ ਬਾਹਰ ਨਹੀਂ ਆ ਸਕੀ।

ਬੱਸ ਸੇਵਾਵਾਂ ਵਿੱਚ ਆਏ ਇਸ ਅਚਨਚੇਤ ਵਿਘਨ ਕਾਰਨ ਬੱਸ ਸਟੈਂਡਾਂ ‘ਤੇ ਸਵਾਰੀਆਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਔਰਤਾਂ, ਬਜ਼ੁਰਗਾਂ ਅਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਵਾਹਨਾਂ ਅਤੇ ਮਹਿੰਗੀਆਂ ਟੈਕਸੀਆਂ ਦਾ ਸਹਾਰਾ ਲੈਣਾ ਪਿਆ। ਯੂਨੀਅਨ ਦੇ ਆਗੂਆਂ ਮੁਤਾਬਕ ਇਸ ਹੜਤਾਲ ਦਾ ਮੁੱਖ ਕਾਰਨ ਚੰਡੀਗੜ੍ਹ ਡਿਪੂ ਤੋਂ ਬਰਖਾਸਤ ਕੀਤੇ ਗਏ ਇੱਕ ਮੁਲਾਜ਼ਮ ਨੂੰ ਬਹਾਲ ਕਰਵਾਉਣਾ ਹੈ।

ਹੜਤਾਲ ਦੇ ਮੁੱਖ ਕਾਰਨਾਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਬਰਨਾਲਾ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਡਿਪੂ ਦੇ ਇੱਕ ਕੰਡਕਟਰ ਗੁਰਵਿੰਦਰ ਸਿੰਘ ‘ਤੇ ਸਟੇਸ਼ਨ ਸਲਿੱਪਾਂ ਨਾਲ ਛੇੜਛਾੜ ਕਰਨ ਅਤੇ ਜਾਅਲੀ ਸਟੇਸ਼ਨ ਸਲਿੱਪਾਂ ਜਾਰੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਯੂਨੀਅਨ ਦਾ ਦੋਸ਼ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਉਕਤ ਕਰਮਚਾਰੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨ੍ਹਾਂ ਅਤੇ ਬਿਨਾਂ ਕਿਸੇ ਨਿਰਪੱਖ ਜਾਂ ਪਾਰਦਰਸ਼ੀ ਜਾਂਚ ਦੇ ਸਿੱਧਾ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਜੋ ਕਿ ਸਰਾਸਰ ਨਾਇਨਸਾਫ਼ੀ ਹੈ।

ਪੀਆਰਟੀਸੀ ਪਨਬਸ 25/11 ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਸਾਥੀ ਕਰਮਚਾਰੀ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਯੂਨੀਅਨ ਦੀ ਮੁੱਖ ਮੰਗ ਹੈ ਕਿ ਬਰਖ਼ਾਸਤ ਕੀਤੇ ਗਏ ਕੰਡਕਟਰ ਗੁਰਵਿੰਦਰ ਸਿੰਘ ਨੂੰ ਤੁਰੰਤ ਨੌਕਰੀ ‘ਤੇ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਕਿਸੇ ਉੱਚ ਅਧਿਕਾਰੀ ਤੋਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਅਤੇ ਕਰਮਚਾਰੀ ਨੂੰ ਇਨਸਾਫ਼ ਨਾ ਮਿਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਪੂਰੇ ਪੰਜਾਬ ਦੇ ਸਾਰੇ ਡਿਪੂਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਕੇ ਚੱਕਾ ਜਾਮ ਕਰ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ।

 

Leave a Comment