Join WhatsApp

Join Now

ਹਰਗੋਬਿੰਦ ਯੂਨੀਅਨ ਨੂੰ ਵੱਡਾ ਝਟਕਾ; 150 ਵਰਕਰਾਂ ਅਤੇ ਹੈਲਪਰਾਂ ਸਰਵ ਆਂਗਨਵਾੜੀ ਯੂਨੀਅਨ ‘ਚ ਸ਼ਾਮਲ

On: ਜੁਲਾਈ 17, 2026 7:53 ਬਾਃ ਦੁਃ

 

ਹਰਗੋਬਿੰਦ ਯੂਨੀਅਨ ਨੂੰ ਵੱਡਾ ਝਟਕਾ; 150 ਵਰਕਰਾਂ ਅਤੇ ਹੈਲਪਰਾਂ ਸਰਵ ਆਂਗਨਵਾੜੀ ਯੂਨੀਅਨ ‘ਚ ਸ਼ਾਮਲ

ਅਟਾਰੀ, 17 ਜੁਲਾਈ 2026- ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਵੱਲੋਂ ਬਲਾਕ ਅਟਾਰੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਬਲਾਕ ਪ੍ਰਧਾਨ ਅੰਜੂ ਸ਼ਰਮਾ ਅਤੇ ਜਨਰਲ ਸੈਕਟਰੀ ਬਲਵਿੰਦਰ ਕੌਰ ਵੱਲੋਂ ਕੀਤੀ ਗਈ। ਅਟਾਰੀ ਬਲਾਕ ਦੀ ਮੀਟਿੰਗ ਛੇਹਰਟਾ ਸਾਹਿਬ ਗੁਰਦੁਆਰਾ ਵਿਖੇ ਕੀਤੀ ਗਈ ਜਿਸ ਵਿੱਚ ਅਟਾਰੀ ਬਲਾਕ ਦੀਆਂ ਲਗਭਗ 150 ਵਰਕਰਾਂ ਅਤੇ ਹੈਲਪਰਾਂ ਹਰਗੋਬਿੰਦ ਯੂਨੀਅਨ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਯੂਨੀਅਨ ਦਾ ਪੱਲਾ ਫੜ ਕੇ ਮੈਡਮ ਛੀਨਾ ਦੀ ਦੂਰਦਰਸ਼ੀ ਸੋਚ ਤੇ ਭਰੋਸਾ ਪ੍ਰਗਟ ਕਰਦਿਆਂ ਮੈਡਮ ਬਲਵਿੰਦਰ ਕੌਰ ਅਤੇ ਅੰਜੂ ਸ਼ਰਮਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਸਮੂਹ ਵਰਕਰਾਂ ਅਤੇ ਹੈਲਪਰਾਂ ਸਰਵ ਜਥੇਬੰਦੀ ਵਿੱਚ ਸ਼ਾਮਲ ਹੋਏ।

ਅਟਾਰੀ ਬਲਾਕ ਦੀਆਂ ਵਰਕਰਾਂ ਅਤੇ ਹੈਲਪਰਾਂ ਦਾ ਸਨਮਾਨ ਕੀਤਾ ਗਿਆ,ਅਟਾਰੀ ਬਲਾਕ ਦੇ ਮੈਂਬਰਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ।ਮੀਟਿੰਗ ਨੂੰ ਸੰਬੋਧਿਤ ਕਰਦਿਆਂ ਹੋਇਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ 2026 ਵਿੱਚ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਦਾ ਅਖੀਰਲਾ ਸਾਲ ਹੈ ਅਤੇ ਸਰਕਾਰ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲੋਂ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਮੁੱਕਰਦੀ ਨਜ਼ਰ ਆ ਰਹੀ ਹੈ ।ਅਸੀ ਸਰਕਾਰ ਕੋਲੋ ਸਰਕਾਰੀ ਮੁਲਾਜ਼ਮ ਬਣਾਉਣ ਅਤੇ ਘੱਟੋ ਘੱਟ ਉਜਰਤ ਦੇ ਦਾਇਰੇ ਅਧੀਨ ਲਿਆਉਣ ਦੀ ਮੰਗ ਕਰਦੇ ਹਾਂ।

ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਜਥੇਬੰਦੀ ਵੱਲੋਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ। ਸਾਰਿਆਂ ਨੂੰ ਇਸ ਸਬੰਧੀ ਤਿਆਰ ਰਹਿਣ ਬਾਰੇ ਕਿਹਾ ਗਿਆ ਮੈਡਮ ਛੀਨਾ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵੱਲੋਂ 12 ਅਗਸਤ 2022 ਨੂੰ ਬਾਬਾ ਬਕਾਲਾ ਵਿਖੇ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫ਼ੋਨ ਦੇਣ ਦਾ ਐਲਾਨ ਕੀਤਾ ਸੀ ਜੋ ਹੁਣ ਤੱਕ ਸਿਰਫ਼ ਇਕ ਲਾਰਾ ਹੀ ਸਾਬਤ ਹੋਇਆ ਹੈ।

ਉਹਨਾਂ ਨੇ ਕਿਹਾ ਕਿ 30.3.26 ਨੂੰ ਉਹਨਾਂ ਦੀ ਮੀਟਿੰਗ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਹੋਈ ਸੀ ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਤੱਕ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਨੂੰ ਮੋਬਾਈਲ ਫ਼ੋਨ ਦੇ ਦਿੱਤੇ ਜਾਣਗੇ ਜਦਕਿ ਇਹ ਮੋਬਾਈਲ ਪਹਿਲਾਂ ਡਰੱਗ ਜਨਗਣਨਾ ਲਈ ਵਰਤੇ ਜਾ ਰਹੇ ਹਨ। ਮੈਡਮ ਛੀਨਾ ਨੇ ਕਿਹਾ ਕਿ ਅਸੀ ਪੁਰਾਣੇ ਫ਼ੋਨ ਨਹੀਂ ਲਾਵਾਂਗੇ ,ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਕੋਲੋ ਮਾਵਾਂ ਧੀਆਂ ਸਤਕਾਰ ਯੋਜਨਾ ਦਾ ਕੰਮ ਕਰਵਾਇਆ ਹੈ ਤਾਂ ਉਨ੍ਹਾਂ ਨੂੰ ਘੱਟੋ ਘੱਟ 100 ਰੁਪਏ ਪ੍ਰਤੀ ਫਾਰਮ ਵਰਕਰ ਅਤੇ 50 ਰੁਪਏ ਹੈਲਪਰ ਨੂੰ ਦੇਣੇ ਚਾਹੀਦੇ ਹਨ ਜਿੰਨਾ ਨੇ ਆਪਣੇ ਘਰ ਬਾਹਰ ਦੀ ਪਰਵਾਹ ਕੀਤੇ ਬਿਨਾਂ ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਲੋਕਾਂ ,ਸਰਪੰਚਾਂ ,ਵਿਧਾਇਕਾ ,ਅਤੇ ਅਧਿਕਾਰੀਆਂ ਵੱਲੋਂ ਵਰਕਰਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ।ਮੋਬਾਇਲ ਭੱਤਾ ਦੁੱਗਣਾ ਕਰਨ ਦੀ ਮੰਗ ਕੀਤੀ ਗਈ ।ਮੀਟਿੰਗ ਦੌਰਾਨ ਮੁੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਜਿਸ ਵਿੱਚ ਸੁਪਰਵਾਈਜ਼ਰ ਦੀ ਭਰਤੀ ਵਿੱਚ ਦੋਵੇਂ ਕੈਟਾਗਰੀ ਦਸਵੀਂ ਅਤੇ ਗ੍ਰੈਜੂਏਸ਼ਨ ਵਿੱਚ ਸੀਟਾਂ ਵਿੱਚ ਬਰਾਬਰ ਪੋਸਟਾਂ ਦੀ ਵੰਡ ਕਰਕੇ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ ।ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਜਲਦ ਕਰਨ ਦੀ ਮੰਗ ਕੀਤੀ ਗਈ ।ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ।

ਜਿਵੇਂ 2018 ਵਿੱਚ ਆਂਗਣਵਾੜੀ ਸੈਂਟਰਾਂ ਵਿੱਚੋਂ ਬੱਚੇ ਖੋਏ ਗਏ ਸਨ ਉਹਨਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ। ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਘੱਟੋ ਘੱਟ ਉਜਰਤ ਦੇ ਦਾਇਰੇ ਅਧੀਨ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਲਿਆਂਦਾ ਜਾਵੇ। 2022 ਵਿੱਚ ਸੁਪਰੀਮ ਕੋਰਟ ਵੱਲੋਂ ਗ੍ਰੈਚੁਟੀ ਦੇਣ ਦਾ ਫ਼ੈਸਲਾ ਦਿੱਤਾ ਸੀ ਜੋ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ।

ਜੇਕਰ ਸਰਕਾਰ ਨੇ ਉਪਰੋਕਤ ਮਸਲਿਆਂ ਉੱਪਰ ਆਪਣਾ ਯੋਗ ਫੈਸਲਾ ਨਾ ਦਿੱਤਾ ਤਾਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਜਥੇਬੰਦੀ ਹਮੇਸ਼ਾ ਤਿਆਰ ਰਹੂਗੀ ਅਤੇ ਵਿਸ਼ਾਲ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਮੀਟਿੰਗ ਵਿੱਚ ਪੰਜਾਬ ਪ੍ਰਦਾਨ ਮੈਡਮ ਛੀਨਾ ਦੇ ਨਾਲ ਹਰਪ੍ਰੀਤ ਕੌਰ ਕੰਬੋ ਕੈਸ਼ੀਅਰ ਪੰਜਾਬ,ਬਲਜੀਤ ਕੌਰ ਬਲਾਕ ਪ੍ਰਧਾਨ ਚੋਗਾਵਾਂ, ਮੀਤ ਪ੍ਰਧਾਨ ਸੁਖਰਾਜ ਕੌਰ ਪੱਦਰੀ,ਪ੍ਰਚਾਰਕ ਰਮਨਦੀਪ ਕੌਰ,ਸਰਕਲ ਪ੍ਰਧਾਨ ਦਵਿੰਦਰ ਕੌਰ,ਸੁਖਵਿੰਦਰ ਕੌਰ ਖ਼ਿਆਲਾ ,ਨਿਰਮਲ ਕੌਰ,ਮੀਨੂ ਜੋਸ਼ੀ ਮੀਤ ਪ੍ਰਧਾਨ ਬਲਾਕ ਅਟਾਰੀ ਆਦਿ ਸ਼ਾਮਲ ਹੋਏ।

 

Leave a Comment