Join WhatsApp

Join Now

ਪੰਜਾਬ ‘ਚ ਭਲਕੇ ਛੁੱਟੀ ਵਾਲੇ ਦਿਨ ਫਿਰ ਖੁੱਲ੍ਹਣਗੇ ਸਕੂਲ; ਲੱਗਣਗੇ SIR ਲਈ ਕੈਂਪ

On: ਜੁਲਾਈ 18, 2026 12:19 ਬਾਃ ਦੁਃ

 

ਪੰਜਾਬ ‘ਚ ਐਤਵਾਰ ਨੂੰ ਫਿਰ ਖੁੱਲ੍ਹਣਗੇ ਸਕੂਲ; ਭਲਕੇ 19 ਜੁਲਾਈ ਨੂੰ ਲੱਗਣਗੇ SIR ਲਈ ਕੈਂਪ

ਚੰਡੀਗੜ੍ਹ, 18 ਜੁਲਾਈ 2026:

ਪੰਜਾਬ ਦੇ ਅੰਦਰ ਇੱਕ ਵਾਰ ਫਿਰ ਤੋਂ ਐਤਵਾਰ (19 ਜੁਲਾਈ) ਨੂੰ ਸਕੂਲ ਖੁੱਲ੍ਹਣ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਸ ਵਾਰ ਵੀ ਐਸ.ਆਈ.ਆਰ ਕੈਂਪ ਲਾਉਣ ਦੀ ਗੱਲ ਕਹੀ ਗਈ ਹੈ। ਦੱਸਦੇ ਚੱਲੀਏ ਕਿ ਵੋਟਰ ਸੂਚੀਆਂ ਦੀ ਸੋਧ ਲਈ ਐਸ.ਆਈ.ਆਰ (SIR) ਦਾ ਕੰਮ ਜਾਰੀ ਹੈ। ਬੀਐਲਓ (BLO) 3 ਅਗਸਤ ਤੱਕ ਐਸ.ਆਈ.ਆਰ ਕਰਨਗੇ। ਇਸੇ ਨੂੰ ਲੈ ਕੇ ਪੰਜਾਬ ਦਾ ਕੋਈ ਵੀ ਵੋਟਰ ਐਸ.ਆਈ.ਆਰ ਤੋਂ ਵਾਂਝਾ ਨਾ ਰਹੇ ਅਤੇ ਕਿਸੇ ਦੀ ਵੋਟ ਕੱਟੀ ਨਾ ਜਾਵੇ, ਇਸ ਲਈ ਜਿਨ੍ਹਾਂ ਸਕੂਲਾਂ ਵਿੱਚ ਪੋਲਿੰਗ ਬੂਥ ਬਣਦੇ ਹਨ, ਉੱਥੇ ਐਸਆਈਆਰ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਮੁੱਖ ਚੋਣ ਅਫਸਰ ਪੰਜਾਬ ਅਨੰਦਿਤਾ ਮਿਤਰਾ ਵੱਲੋਂ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (SIR-2026) ਤਹਿਤ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਅਤੇ ਐਨਯੂਮਰੇਸ਼ਨ ਫਾਰਮਾਂ (EFs) ਦੀ ਡਿਜੀਟਾਈਜ਼ੇਸ਼ਨ ਲਈ 19 ਜੁਲਾਈ 2026 ਨੂੰ ਵਿਸ਼ੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਆਯੋਜਿਤ ਕੀਤੇ ਜਾਣਗੇ।

ਸਾਰੇ ਬੂਥ ਲੈਵਲ ਅਫਸਰ (BLO) ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਹਾਜ਼ਰ ਰਹਿ ਕੇ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਯਕੀਨੀ ਬਣਾਉਣਗੇ। ਜਿਨ੍ਹਾਂ ਬੀ.ਐਲ.ਓਜ਼ ਦੀ ਡਿਜੀਟਾਈਜ਼ੇਸ਼ਨ ਪੂਰੀ ਹੋ ਚੁੱਕੀ ਹੈ, ਉਹ ਤਕਨੀਕੀ ਤਰੁਟੀਆਂ (Anomalies) ਨੂੰ ਦੂਰ ਕਰਨਗੇ, ਜਦਕਿ ਬਾਕੀ ਰਹਿੰਦੇ ਫਾਰਮਾਂ ਨੂੰ ਇਕੱਠਾ ਕਰਨ ਅਤੇ ਡਿਜੀਟਾਈਜ਼ ਕਰਨ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।

ਕੈਂਪ ਵਾਲੇ ਦਿਨ ਸਕੂਲ ਅਤੇ ਹੋਰ ਅਦਾਰੇ, ਜਿੱਥੇ ਪੋਲਿੰਗ ਬੂਥ ਸਥਿਤ ਹਨ, ਖੁੱਲ੍ਹੇ ਰਹਿਣਗੇ। ਰੈਵੀਨਿਊ ਪਟਵਾਰੀ, ਆਂਗਣਵਾੜੀ ਵਰਕਰ ਅਤੇ ਨਗਰ ਕੌਂਸਲ/ਨਿਗਮ ਦਾ ਸਟਾਫ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਵੇਗਾ। ਕਮਿਸ਼ਨ ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਬੂਥ ਲੈਵਲ ਏਜੰਟਾਂ (BLAs) ਰਾਹੀਂ ਵੱਧ ਤੋਂ ਵੱਧ ਵੋਟਰਾਂ ਨੂੰ ਇਹਨਾਂ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਸਕਣ।

ਸੂਬੇ ਦੇ ਵੋਟਰਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ, ਮੁੱਖ ਚੋਣ ਅਫ਼ਸਰ (ਸੀਈਓ) ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈਏਐਸ ਨੇ ਵੋਟਰਾਂ ਨੂੰ ਅਪੀਲ ਕੀਤੀ, “ਜੇਕਰ ਤੁਸੀਂ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ, ਤਾਂ ਤੁਰੰਤ ਆਪਣੇ ਬੂਥ ਲੈਵਲ ਅਫ਼ਸਰ (ਬੀਐਲਓ) ਨਾਲ ਸੰਪਰਕ ਕਰੋ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ‘ਤੇ ਜਾਓ।

ਹਰੇਕ ਯੋਗ ਵੋਟਰ ਦਾ ਨਾਮ 13 ਅਗਸਤ, 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਬੂਥ ਲੈਵਲ ਅਫ਼ਸਰ (ਬੀਐਲਓ) ਵੋਟਰਾਂ ਦੀ ਇਸ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਾਰੇ ਨਿਰਧਾਰਤ ਪੋਲਿੰਗ ਬੂਥਾਂ ‘ਤੇ ਮੌਜੂਦ ਰਹਿਣਗੇ।

ਉਨ੍ਹਾਂ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਕੰਮ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਸੂਚੀ ਵਿੱਚ ਦਰਜ ਨਾ ਹੋਵੇ।

 

Leave a Comment