NEET ਪ੍ਰੀਖਿਆ ਖਿਲਾਫ਼ ਮਰਨ ਵਰਤ ‘ਤੇ ਬੈਠੇ ਸੋਨਮ ਵਾਂਗਚੁਕ ਦਿੱਲੀ ਪੁਲਿਸ ਨੇ ਧੱਕੇ ਨਾਲ ਲਿਆ ਹਿਰਾਸਤ ‘ਚ; ਹਸਪਤਾਲ ਕਰਵਾਇਆ ਦਾਖਲ
ਨਵੀਂ ਦਿੱਲੀ, 18 ਜੁਲਾਈ 2026- ਦਿੱਲੀ ਦੇ ਜੰਤਰ-ਮੰਤਰ ‘ਤੇ ਨੀਟ (NEET) ਪ੍ਰੀਖਿਆ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਅਤੇ ਘੁਟਾਲਿਆਂ ਦੇ ਵਿਰੋਧ ਵਿੱਚ ਪਿਛਲੇ 20 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਦੇਸ਼ ਦੇ ਮਸ਼ਹੂਰ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਦਿੱਲੀ ਪੁਲਿਸ ਨੇ ਸ਼ਨੀਵਾਰ ਤੜਕੇ ਧਰਨਾ ਵਾਲੀ ਥਾਂ ਤੋਂ ਜ਼ਬਰਦਸਤੀ ਹਟਾ ਦਿੱਤਾ ਹੈ। ਪੁਲਿਸ ਦੀ ਇੱਕ ਬਹੁਤ ਵੱਡੀ ਟੀਮ ਨੇ ਸਵੇਰੇ-ਸਵੇਰੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਅਤੇ ਤੁਰੰਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ।
ਸੋਨਮ ਵਾਂਗਚੁਕ ਨੂੰ ਉਠਾਉਣ ਤੋਂ ਬਾਅਦ ਪੁਲਿਸ ਨੇ ਜੰਤਰ-ਮੰਤਰ ‘ਤੇ ਡਟੇ ਕਾਕਰੋਚ ਜਨਤਾ ਪਾਰਟੀ (CJP) ਦੇ ਕਾਰਕੁਨਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਵੀ ਉਥੋਂ ਖਦੇੜ ਦਿੱਤਾ, ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਗੁਪਤ ਆਪ੍ਰੇਸ਼ਨ ਲਈ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਪੂਰੀ ਤਿਆਰੀ ਕਰ ਲਈ ਸੀ। ਰਾਤ ਦੇ ਸਮੇਂ ਤੋਂ ਹੀ ਜੰਤਰ-ਮੰਤਰ ਧਰਨਾ ਸਥਾਨ ‘ਤੇ ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਨੂੰ ਭਾਰੀ ਮਾਤਰਾ ਵਿੱਚ ਵਧਾ ਦਿੱਤਾ ਗਿਆ ਸੀ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸੋਨਮ ਵਾਂਗਚੁਕ ਦੀ ਲਗਾਤਾਰ ਵਿਗੜ ਰਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸ਼ੁੱਕਰਵਾਰ ਰਾਤ ਨੂੰ ਹੀ ਇਹ ਫੈਸਲਾ ਕਰ ਲਿਆ ਸੀ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਬੇਹੱਦ ਜ਼ਰੂਰੀ ਹੈ।
ਪਰ ਉੱਥੇ ਮੌਜੂਦ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਭੀੜ ਦੇ ਵਿਚਕਾਰੋਂ ਵਾਂਗਚੁਕ ਨੂੰ ਚੁੱਕਣਾ ਪੁਲਿਸ ਲਈ ਆਸਾਨ ਕੰਮ ਨਹੀਂ ਸੀ। ਇਸ ਲਈ ਨਵੀਂ ਦਿੱਲੀ ਜ਼ਿਲ੍ਹੇ ਦੀ ਪੁਲਿਸ ਨੇ ਰਾਤ ਦੇ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਰਿਜ਼ਰਵ ਰੱਖਿਆ ਅਤੇ ਤੜਕੇ ਲਗਭਗ ਤਿੰਨ ਵਜੇ ਉਨ੍ਹਾਂ ਨੂੰ ਜੰਤਰ-ਮੰਤਰ ਬੁਲਾਇਆ ਗਿਆ, ਜਦੋਂ ਜ਼ਿਆਦਾਤਰ ਪ੍ਰਦਰਸ਼ਨਕਾਰੀ ਸੌ ਰਹੇ ਸਨ। ਪੁਲਿਸ ਨੇ ਲੰਬੇ ਸਮੇਂ ਤੱਕ ਉੱਥੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਤਾਂ ਜੋ ਬਿਨਾਂ ਕਿਸੇ ਵੱਡੇ ਟਕਰਾਅ ਦੇ ਸੋਨਮ ਵਾਂਗਚੁਕ ਨੂੰ ਲਿਜਾਇਆ ਜਾ ਸਕੇ।
ਸਵੇਰੇ ਲਗਭਗ 7:15 ਵਜੇ ਜਦੋਂ ਮੰਚ ਤੋਂ ਅਭਿਜੀਤ ਦੀਪਕੇ ਹੇਠਾਂ ਉੱਤਰੇ, ਤਾਂ ਉਸੇ ਵੇਲੇ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸਟੇਜ ਦੇ ਅੱਗੇ ਇੱਕ ਵੱਡਾ ਪਰਦਾ ਤਾਣ ਦਿੱਤਾ ਤਾਂ ਜੋ ਬਾਹਰ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਅੰਦਰ ਦੀ ਗਤੀਵਿਧੀ ਦਿਖਾਈ ਨਾ ਦੇ ਸਕੇ। ਇਸ ਦੌਰਾਨ ਪੁਲਿਸ ਦੀ ਟੀਮ ਨੇ ਮੰਚ ‘ਤੇ ਜਾ ਕੇ ਸੋਨਮ ਵਾਂਗਚੁਕ ਨੂੰ ਚੁੱਕਿਆ ਅਤੇ ਪਿਛਲੇ ਪਾਸੇ ਲੈ ਗਈ, ਜਿੱਥੋਂ ਉਨ੍ਹਾਂ ਨੂੰ ਸਿੱਧਾ ਸਫਦਰਜੰਗ ਹਸਪਤਾਲ ਰਵਾਨਾ ਕਰ ਦਿੱਤਾ ਗਿਆ। ਜਿਵੇਂ ਹੀ ਪ੍ਰਦਰਸ਼ਨਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ, ਉਨ੍ਹਾਂ ਨੇ ਮੌਕੇ ‘ਤੇ ਜ਼ਬਰਦਸਤ ਹੰਗਾਮਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਪਰ ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਸਖਤ ਰੁਖ ਅਖਤਿਆਰ ਕੀਤਾ।
ਦੂਜੇ ਪਾਸੇ, ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ (DCP) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਇਹ ਕਾਰਵਾਈ ਦਿੱਲੀ ਹਾਈਕੋਰਟ ਦੇ ਹੁਕਮਾਂ ਅਤੇ ਮੈਡੀਕਲ ਮਾਹਰਾਂ ਦੀ ਸਲਾਹ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਦੀ ਲੋੜ ਸੀ। ਇਸ ਗੱਲ ਨੂੰ ਮੁੱਖ ਰੱਖਦਿਆਂ ਹੀ ਉਨ੍ਹਾਂ ਨੂੰ ਸਵੇਰੇ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਹੁਣ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਤਰ-ਮੰਤਰ ਖਾਲੀ ਕਰ ਦੇਣ। ਇਸ ਦੌਰਾਨ ਕਾਕਰੋਚ ਜਨਤਾ ਪਾਰਟੀ (CJP) ਦੇ ਵਰਕਰਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਅਤੇ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਹਾਈਕੋਰਟ ਨੇ ਵਾਂਗਚੁਕ ਦੀ ਵਿਗੜਦੀ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਸੀ ਅਤੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਸਨ ਕਿ ਉਨ੍ਹਾਂ ਦੀ ਸਿਹਤ ਦੀ ਰੋਜ਼ਾਨਾ ਕਲੀਨਿਕਲ ਜਾਂਚ ਕੀਤੀ ਜਾਵੇ। ਅਦਾਲਤ ਨੇ ਸਪੱਸ਼ਟ ਕਿਹਾ ਸੀ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਜਾਨ ਸਭ ਤੋਂ ਕੀਮਤੀ ਹੈ, ਇਸ ਲਈ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਵੇ ਅਤੇ ਲੋੜ ਪੈਣ ‘ਤੇ ਡਾਕਟਰੀ ਦਖਲ ਦਿੱਤਾ ਜਾਵੇ।
ਸ਼ੁੱਕਰਵਾਰ ਨੂੰ ਸੋਨਮ ਵਾਂਗਚੁਕ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਉਨ੍ਹਾਂ ਦੀ ਸਥਿਤੀ ਨੂੰ ਬੇਹੱਦ ਨਾਜ਼ੁਕ ਅਤੇ ‘ਮੈਡੀਕਲ ਐਮਰਜੈਂਸੀ’ ਕਰਾਰ ਦਿੱਤਾ ਸੀ। ਡਾਕਟਰਾਂ ਮੁਤਾਬਕ, 20 ਦਿਨਾਂ ਤੱਕ ਅੰਨ ਦਾ ਇੱਕ ਵੀ ਦਾਣਾ ਨਾ ਲੈਣ ਕਾਰਨ ਵਾਂਗਚੁਕ ਦਾ ਵਜ਼ਨ 9 ਕਿਲੋਗ੍ਰਾਮ ਤੋਂ ਵੱਧ ਘਟ ਚੁੱਕਾ ਸੀ। ਸਰੀਰ ਵਿੱਚ ਗਲੂਕੋਜ਼ ਤੇ ਫੈਟ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਾਅਦ ਹੁਣ ਮਾਸਪੇਸ਼ੀਆਂ ਗਲਣ ਲੱਗ ਪਈਆਂ ਸਨ।
ਡਾਕਟਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਵਰਤ ਤੁਰੰਤ ਨਾ ਖੋਲ੍ਹਿਆ ਗਿਆ ਤਾਂ ਉਨ੍ਹਾਂ ਦੇ ਮੁੱਖ ਅੰਗ (Organs) ਕੰਮ ਕਰਨਾ ਬੰਦ ਕਰ ਸਕਦੇ ਹਨ, ਜਿਸ ਨਾਲ ਜਾਨ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਇਸੇ ਗੰਭੀਰ ਰਿਪੋਰਟ ਅਤੇ ਕੋਰਟ ਦੇ ਸਖ਼ਤ ਰੁਖ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ, ਵਾਂਗਚੁਕ ਦੇ ਸਮਰਥਕਾਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ 20 ਜੁਲਾਈ ਨੂੰ ਪ੍ਰਸਤਾਵਿਤ ‘ਸੰਸਦ ਚਲੋ ਮਾਰਚ’ ਦੇ ਆਪਣੇ ਫੈਸਲੇ ‘ਤੇ ਅਟੱਲ ਹਨ।
















