ਲੋਕਤੰਤਰ ਦੇ ਚੌਥੇ ਥੰਮ Media ਦੀ ਜ਼ੁਬਾਨਬੰਦੀ! DTF ਵੱਲੋਂ ਸਰਕਾਰੀ ਤਾਨਾਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਐਲਾਨ
ਸਥਾਨਕ ਮੀਡੀਏ ਦੀ ਅਵਾਜ਼ ਬਿਨਾਂ ਲੋਕਤੰਤਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ : ਮਲਕੀਤ ਹਰਾਜ / ਗੁਰਵਿੰਦਰ ਖੋਸਾ
Punjab Network
ਫ਼ਿਰੋਜ਼ਪੁਰ, 20 Jan 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF) ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਵਿੱਤ ਸਕੱਤਰ ਅਮਿਤ ਸ਼ਰਮਾ, ਪ੍ਰੈਸ ਸਕੱਤਰ ਹੀਰਾ ਸਿੰਘ ਤੂਤ ਅਤੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਜ਼ਿਲ੍ਹਾ ਕਮੇਟੀ ਦੇ ਆਗੂਆਂ ਸਮੇਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕ ਆਵਾਜ਼ ਟੀਵੀ (Lok Awaz TV) ਦਾ 9 ਲੱਖ 37 ਹਜ਼ਾਰ ਫੋਲੋਅਰ ਵਾਲਾ ਸੋਸ਼ਲ Media ਪੇਜ਼ ਬੰਦ ਕਰਨਾ ਸਿੱਧੇ ਤੌਰ ‘ਤੇ ਲੋਕਤੰਤਰ ਅਤੇ ਪ੍ਰੈਸ ਦੀ ਆਜ਼ਾਦੀ ‘ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ‘ਚ ਡੁੱਬੀ ਸਰਕਾਰ ਸਵਾਲ ਪੁੱਛਣ ਵਾਲੀ ਆਵਾਜ਼ ਨੂੰ ਕੁਚਲਣ ਲਈ ਪਹਿਲਾਂ ਪੱਤਰਕਾਰਾਂ ‘ਤੇ ਪਰਚੇ ਦਰਜ ਕਰਦੀ ਹੈ ਅਤੇ ਹੁਣ ਚੈਨਲਾਂ ਨੂੰ ਬੰਦ ਕਰਕੇ ਮੀਡੀਆ ਦੀ ਜ਼ੁਬਾਨਬੰਦੀ ਕਰਨ ਦੇ ਹਥਕੰਡੇ ਅਪਣਾ ਰਹੀ ਹੈ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤਯੋਗ ਨਹੀਂ।
ਦਵਿੰਦਰ ਨਾਥ, ਰਾਜ ਕੁਮਾਰ ਮਹਿਰੋਕ, ਰਾਮ ਕੁਮਾਰ, ਨੇ ਕਿਹਾ ਕਿ ਮੀਡੀਆ ਲੋਕਾਂ ਦੀ ਆਵਾਜ਼ ਹੁੰਦਾ ਹੈ ਅਤੇ ਜਦੋਂ ਸਰਕਾਰਾਂ ਲੋਕ ਆਵਾਜ਼ ਨੂੰ ਹੀ ਦਬਾਉਣ ‘ਤੇ ਉਤਾਰੂ ਹੋ ਜਾਣ ਤਾਂ ਇਹ ਫਾਸਿਸਟ ਸੋਚ ਦਾ ਸਪਸ਼ਟ ਸਬੂਤ ਹੁੰਦਾ ਹੈ। ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ, ਸਵਾਲ ਕਰਨ ਦੇ ਹੱਕ ਅਤੇ ਲੋਕਤੰਤਰਕ ਮੁੱਲਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ, ਜੋ ਮੌਕੇ ਦੀ ਸਰਕਾਰ ਨੂੰ ਜਰਮਨੀ ਦੇ ਤਾਨਾਸ਼ਾਹ ਹਿਟਲਰ ਦੀ ਨਾਜ਼ੀਵਾਦ ਅਤੇ ਫਾਸੀਵਾਦ ਸੋਚ ਦੇ ਬਰਾਬਰ ਖੜ੍ਹਾ ਕਰਦੀ ਹੈ। ਡੀਟੀਐੱਫ ਆਗੂਆਂ ਨੇ ਕਿਹਾ ਕਿ ਲੋਕ ਆਵਾਜ਼ ਟੀਵੀ ਖ਼ਿਲਾਫ਼ ਕੀਤੀ ਗਈ ਕਾਰਵਾਈ ਤੁਰੰਤ ਰੱਦ ਕੀਤੀ ਜਾਵੇ ਅਤੇ Media ‘ਤੇ ਥੋਪੀਆਂ ਜਾ ਰਹੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ।
ਅਮਿਤ ਕੰਬੋਜ, ਸਵਰਨ ਸਿੰਘ ਜੋਸਨ, ਅਨਿਲ ਧਵਨ, ਕਿਰਪਾਲ ਸਿੰਘ, ਮਨੋਜ ਕੁਮਾਰ, ਬਿਕਰਮਜੀਤ ਸਿੰਘ ਨੇ ਮੀਡੀਏ ਦੀ ਅਵਾਜ਼ ਨੂੰ ਬੰਦ ਕਰਨ ਨੂੰ ਲੋਕਤੰਤਰ ਦੀ ਹੱਤਿਆ ਦੱਸਿਆ ਅਤੇ ਇਸ ਨੂੰ ਸਰਕਾਰ ਦੀ ਕਾਇਰਾਨਾ ਹਰਕਤ ਕਰਾਰ ਕਰਦਿਆਂ ਮਾਣਯੋਗ ਹਾਈਕੋਰਟ ਵੱਲੋਂ RTI ਐਕਟੀਵਿਸਟ ਮਾਣਿਕ ਗੋਇਲ ਵਾਲੇ ਕੇਸ ਵਿੱਚ ਸਰਕਾਰ ਨੂੰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਾਰ ਦਿੱਤਾ।
ਇਸ ਮੌਕੇ ਹਾਜ਼ਰ ਵਰਿੰਦਰਪਾਲ ਸਿੰਘ, ਹਰਜਿੰਦਰ ਸਿੰਘ, ਸੰਦੀਪ ਕੁਮਾਰ, ਨਰਿੰਦਰ ਹਰਵਿੰਦਰ ਸਿੱਧੂ, ਗਗਨ ਮਿੱਤਲ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਦਬਾਅ ਵਾਲਾ ਰਵੱਈਆ ਨਾ ਛੱਡਿਆ ਤਾਂ ਅਧਿਆਪਕ ਵਰਗ, ਵਿਦਿਆਰਥੀ ਅਤੇ ਲੋਕਤੰਤਰ ‘ਚ ਯਕੀਨ ਰੱਖਣ ਵਾਲੀਆਂ ਜਥੇਬੰਦੀਆਂ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੀਆਂ। ਇਸ ਮੌਕੇ ਡੀਟੀਐੱਫ ਫ਼ਿਰੋਜ਼ਪੁਰ ਵੱਲੋਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਗਈ ਕਿ ਮੀਡੀਆ ਦੀ ਜ਼ੁਬਾਨਬੰਦੀ ਖ਼ਿਲਾਫ਼ 24 ਜਨਵਰੀ ਨੂੰ ਵਹੀਰਾਂ ਘੱਤ ਕੇ ਬਠਿੰਡਾ ਵਿੱਚ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਪਹੁੰਚ ਕੇ ਲੋਕਤੰਤਰ ਦੀ ਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇ।






