Join WhatsApp

Join Now

ਵੱਡੀ ਖ਼ਬਰ: ਸਾਬਕਾ ਉਪ ਮੁੱਖ ਮੰਤਰੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

On: ਅਗਸਤ 4, 2026 12:23 ਬਾਃ ਦੁਃ
ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ!

 

ਵੱਡੀ ਖ਼ਬਰ: ਸਾਬਕਾ ਉਪ ਮੁੱਖ ਮੰਤਰੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਤਾਮਿਲਨਾਡੂ ‘ਚ ਸਿਆਸੀ ਭੂਚਾਲ: ਮੁੱਖ ਮੰਤਰੀ ਵਿਜੇ ਅਤੇ ਅਦਾਕਾਰਾ ਤ੍ਰਿਸ਼ਾ ‘ਤੇ ਅਭੱਦਰ ਟਿੱਪਣੀ ਮਾਮਲੇ ‘ਚ ਉਧਯਾਨਿਧੀ ਸਟਾਲਿਨ ਹਿਰਾਸਤ ‘ਚ

ਚੇਨਈ (ਤਾਮਿਲਨਾਡੂ), 4 ਅਗਸਤ 2026- ਤਾਮਿਲਨਾਡੂ ਦੀ ਰਾਜਨੀਤੀ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਡੀਐੱਮਕੇ (DMK) ਦੇ ਸੀਨੀਅਰ ਆਗੂ/ਸਾਬਕਾ ਡਿਪਟੀ ਮੁੱਖ ਮੰਤਰੀ ਉਧਯਾਨਿਧੀ ਸਟਾਲਿਨ ਨੂੰ ਰਾਜ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੀ ਟੀਮ ਨੇ ਉਧਯਾਨਿਧੀ ਸਟਾਲਿਨ ਨੂੰ ਚੇਨਈ ਸਥਿਤ ਉਨ੍ਹਾਂ ਦੀ ਨੀਲਾਂਕਰਈ (Neelankarai) ਰਿਹਾਇਸ਼ ਤੋਂ ਇੱਕ ਬੱਸ ਰਾਹੀਂ ਹਿਰਾਸਤ ਵਿੱਚ ਲਿਆ। ਇਹ ਕਾਰਵਾਈ ਉਨ੍ਹਾਂ ਵਿਰੁੱਧ ਦਰਜ ਹੋਈ ਉਸ ਐੱਫ.ਆਈ.ਆਰ. (FIR) ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ ਵਿਜੇ ਅਤੇ ਮਸ਼ਹੂਰ ਫਿਲਮ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਵਿਰੁੱਧ ਕਥਿਤ ਤੌਰ ‘ਤੇ “ਅਭੱਦਰ” ਅਤੇ ਦੋ-ਅਰਥੀ ਟਿੱਪਣੀਆਂ ਕਰਨ ਦੇ ਦੋਸ਼ ਲਗਾਏ ਗਏ ਹਨ।

ਜਾਣਕਾਰੀ ਅਨੁਸਾਰ, ਇਹ ਵਿਵਾਦ ਸੋਮਵਾਰ ਨੂੰ ਕਾਵੇਰੀ ਨਦੀ ਦੇ ਪਾਣੀ ਦੇ ਵਿਵਾਦ ਨੂੰ ਲੈ ਕੇ ਤੰਜਾਵੁਰ (Thanjavur) ਵਿੱਚ ਆਯੋਜਿਤ ਇੱਕ ਜਨਤਕ ਰੈਲੀ ਤੋਂ ਸ਼ੁਰੂ ਹੋਇਆ। ਰੈਲੀ ਦੌਰਾਨ ਜਦੋਂ ਉਧਯਾਨਿਧੀ ਸਟਾਲਿਨ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ, ਤਾਂ ਭੀੜ ਵਿੱਚੋਂ ਕੁੱਝ ਲੋਕਾਂ ਨੇ “ਤ੍ਰਿਸ਼ਾ, ਤ੍ਰਿਸ਼ਾ” ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ‘ਤੇ ਭਾਸ਼ਣ ਰੋਕ ਕੇ ਉਧਯਾਨਿਧੀ ਨੇ ਕਥਿਤ ਤੌਰ ‘ਤੇ ਟਿੱਪਣੀ ਕੀਤੀ, “ਪਾਣੀ ਹੋਰ ਕਿਤੇ ਪਹੁੰਚੇ ਜਾਂ ਨਾ ਪਹੁੰਚੇ, ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ।” ਹਾਲਾਂਕਿ ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਕਾਵੇਰੀ ਦੇ ਪਾਣੀ ਦੀ ਗੱਲ ਕਰ ਰਹੇ ਸਨ, ਪਰ ਉਨ੍ਹਾਂ ਦੇ ਇਸ ਬਿਆਨ ਨੂੰ ਦੋਅਰਥੀ ਅਤੇ ਮਹਿਲਾ ਵਿਰੋਧੀ ਮੰਨਦਿਆਂ ਸਿਆਸੀ ਗਲਿਆਰਿਆਂ ‘ਚ ਤਿੱਖਾ ਵਿਰੋਧ ਸ਼ੁਰੂ ਹੋ ਗਿਆ।

ਉਧਯਾਨਿਧੀ ਦੇ ਇਸ ਬਿਆਨ ਤੋਂ ਬਾਅਦ ਸੱਤਾਧਾਰੀ ਤਾਮਿਲਗਾ ਵੈਟਰੀ ਕਜ਼ਾਗਮ (TVK) ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਰੋਸ ਫੈਲ ਗਿਆ। ਕੋਇੰਬਟੂਰ ਸਮੇਤ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਟੀਵੀਕੇ ਵਰਕਰਾਂ ਨੇ ਉਧਯਾਨਿਧੀ ਸਟਾਲਿਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤੇ। ਟੀਵੀਕੇ ਦੀ ਮਹਿਲਾ ਵਿੰਗ ਨੇ ਤੰਜਾਵੁਰ ਪੁਲਿਸ ਸਟੇਸ਼ਨ ਵਿੱਚ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਡੀਐੱਮਕੇ ਨੇਤਾ ਨੇ ਅਦਾਕਾਰਾ ਤ੍ਰਿਸ਼ਾ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ।

ਟੀਵੀਕੇ ਦੇ ਵਿਧਾਇਕ ਰੇਵੰਤ ਚਰਨ ਨੇ ਉਧਯਾਨਿਧੀ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ “ਸ਼ਰਮਨਾਕ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਕਿਸੇ ਵੀ ਵਿਅਕਤੀ ਵਿਰੁੱਧ ਅਜਿਹੀਆਂ ਘਟੀਆ ਟਿੱਪਣੀਆਂ ਕਰਨੀਆਂ ਬਿਲਕੁਲ ਅਸਵੀਕਾਰਨਯੋਗ ਹਨ। ਇਹ ਡੀਐੱਮਕੇ ਦੀ ਰਾਜਨੀਤਿਕ ਸੰਸਕ੍ਰਿਤੀ ਅਤੇ ਡਿੱਗ ਰਹੇ ਮਿਆਰ ਨੂੰ ਦਰਸਾਉਂਦਾ ਹੈ। ਜਦੋਂ ਤੁਹਾਡਾ ਪ੍ਰਦਰਸ਼ਨ ਫਲਾਪ ਹੋ ਗਿਆ, ਤਾਂ ਤੁਸੀਂ ਸਸਤੀ ਸ਼ੋਹਰਤ ਹਾਸਲ ਕਰਨ ਲਈ ਅਜਿਹੀ ਉਤੇਜਕ ਭਾਸ਼ਾ ‘ਤੇ ਉਤਰ ਆਏ ਹੋ। ਤਾਮਿਲਨਾਡੂ ਦੇ ਲੋਕ ਤੁਹਾਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਅਤੇ ਜੇਕਰ ਇਹ ਬਦਤਮੀਜ਼ੀ ਜਾਰੀ ਰਹੀ ਤਾਂ ਤੁਹਾਡਾ ਵਜੂਦ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।”

ਇਸ ਤੋਂ ਇਲਾਵਾ ਐੱਮਡੀਐੱਮਕੇ (MDMK) ਦੇ ਪ੍ਰਮੁੱਖ ਸਕੱਤਰ ਅਤੇ ਰਾਜ ਸਭਾ ਮੈਂਬਰ ਦੁਰਈ ਵਾਈਕੋ ਨੇ ਵੀ ਇਸ ਟਿੱਪਣੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਮੁੱਦਾ ਕਾਵੇਰੀ ਜਲ ਵਿਵਾਦ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੋਣਾ ਚਾਹੀਦਾ ਸੀ। ਕਿਸੇ ਜਨਤਕ ਮੰਚ ‘ਤੇ ਨਿੱਜੀ ਰੰਗਤ ਦੇ ਕੇ ਔਰਤਾਂ ਵਿਰੁੱਧ ਅਜਿਹੀ ਸ਼ਬਦਾਵਲੀ ਵਰਤਣਾ ਬਹੁਤ ਹੀ ਮੰਦਭਾਗਾ ਹੈ।

ਦੂਜੇ ਪਾਸੇ, ਡੀਐੱਮਕੇ ਨੇ ਆਪਣੇ ਆਗੂ ਦਾ ਬਚਾਅ ਕੀਤਾ ਹੈ। ਡੀਐੱਮਕੇ ਸੰਸਦ ਮੈਂਬਰ ਟੀ.ਆਰ. ਬਾਲੂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਧਯਾਨਿਧੀ ਸਟਾਲਿਨ ਨੇ ਕਿਸੇ ਖਾਸ ਵਿਅਕਤੀ ਜਾਂ ਔਰਤ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਹਿਰਾਸਤ ਵਿੱਚ ਲਏ ਜਾਣ ਸਮੇਂ ਉਧਯਾਨਿਧੀ ਨੇ ਆਪ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਝੂਠਾ ਹੈ ਅਤੇ ਉਹ ਇਸ ਦਾ ਕਾਨੂੰਨੀ ਤੌਰ ‘ਤੇ ਸਾਹਮਣਾ ਕਰਨਗੇ। ਪੁਲਿਸ ਉਧਯਾਨਿਧੀ ਸਟਾਲਿਨ ਨੂੰ ਹਿਰਾਸਤ ਵਿੱਚ ਲੈ ਕੇ ਤੰਜਾਵੁਰ ਲੈ ਕੇ ਜਾ ਰਹੀ ਹੈ, ਜਿੱਥੇ ਉਨ੍ਹਾਂ ਤੋਂ ਇਸ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ। ਇਸ ਘਟਨਾਕ੍ਰਮ ਤੋਂ ਬਾਅਦ ਤਾਮਿਲਨਾਡੂ ਵਿੱਚ ਰਾਜਨੀਤਿਕ ਪਾਰਾ ਕਾਫ਼ੀ ਚੜ੍ਹ ਗਿਆ ਹੈ।

 

Leave a Comment