Join WhatsApp

Join Now

ਵੱਡੀ ਖ਼ਬਰ: 15 ਅਗਸਤ ਤੋਂ ਪਹਿਲਾਂ Red Alert ਜਾਰੀ! ਪੁਲਿਸ 19 ਮੋਸਟ ਵਾਂਟੇਡ ਅੱਤਵਾਦੀਆਂ ਦੇ ਪੋਸਟਰ ਕੀਤੇ ਸ਼ੇਅਰ

On: ਅਗਸਤ 11, 2026 3:01 ਬਾਃ ਦੁਃ

 

ਵੱਡੀ ਖ਼ਬਰ: 15 ਅਗਸਤ ਤੋਂ ਪਹਿਲਾਂ ਰੈੱਡ ਅਲਰਟ (Red Alert) ਜਾਰੀ! ਪੁਲਿਸ 19 ਮੋਸਟ ਵਾਂਟੇਡ ਅੱਤਵਾਦੀਆਂ ਦੇ ਪੋਸਟਰ ਕੀਤੇ ਸ਼ੇਅਰ

ਨਵੀਂ ਦਿੱਲੀ, 11 ਅਗਸਤ 2026 (Red Alert): ਆਜ਼ਾਦੀ ਦਿਵਸ ਤੋਂ ਪਹਿਲਾਂ ਕੌਮੀ ਰਾਜਧਾਨੀ ਦਿੱਲੀ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ। 15 ਅਗਸਤ ਦੇ ਮੱਦੇਨਜ਼ਰ ਦਿੱਲੀ ਵਿੱਚ ਹਾਈ ਅਲਰਟ ਐਲਾਨਿਆ ਗਿਆ ਹੈ। ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਦਿੱਲੀ ਪੁਲਿਸ ਨੇ 19 ਮੋਸਟ ਵਾਂਟੇਡ ਅੱਤਵਾਦੀਆਂ ਦੇ ਪੋਸਟਰ ਵੀ ਜਨਤਕ ਕੀਤੇ ਹਨ। ਇਹ ਪੋਸਟਰ ਪ੍ਰਮੁੱਖ ਜਨਤਕ ਥਾਵਾਂ, ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਲਗਾਏ ਜਾ ਰਹੇ ਹਨ, ਤਾਂ ਜੋ ਆਮ ਲੋਕਾਂ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।

ਪੁਲਿਸ ਵੱਲੋਂ ਜਾਰੀ ਸੂਚੀ ਵਿੱਚ ਇੰਡੀਅਨ ਮੁਜਾਹਿਦੀਨ, ਅਲ-ਕਾਇਦਾ ਅਤੇ ਵੱਖ-ਵੱਖ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਵਾਂਟੇਡ ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਸੂਚੀ ਵਿੱਚ ਇੰਡੀਅਨ ਮੁਜਾਹਿਦੀਨ ਨਾਲ ਸਬੰਧਤ ਰਿਆਜ਼ ਭਟਕਲ ਅਤੇ ਸ਼ਬਾਂਦਰੀ ਮੁਹੰਮਦ ਇਕਬਾਲ ਉਰਫ਼ ਇਕਬਾਲ ਭਟਕਲ ਦੇ ਨਾਮ ਦੱਸੇ ਗਏ ਹਨ। ਇਸ ਤੋਂ ਇਲਾਵਾ ਅਲ-ਕਾਇਦਾ ਨਾਲ ਜੁੜੇ ਮੁਹੰਮਦ ਸ਼ਰਜੀਲ ਅਖ਼ਤਰ, ਅਬੂ ਸੁਫ਼ਿਆਨ ਅਤੇ ਸੱਯਦ ਮੁਹੰਮਦ ਅਰਸ਼ਿਆਨ ਵੀ ਪੁਲਿਸ ਦੀ ਸੂਚੀ ਵਿੱਚ ਸ਼ਾਮਲ ਹਨ।

ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਰਣਜੀਤ ਸਿੰਘ ਉਰਫ਼ ਨੀਤਾ ਅਤੇ ਪਰਮਜੀਤ ਸਿੰਘ ਪੰਮਾ, ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਵਧਾਵਾ ਸਿੰਘ ਬੱਬਰ ਅਤੇ ਗੁਰਮੀਤ ਸਿੰਘ ਬੱਗਾ ਦੇ ਨਾਮ ਵੀ ਇਸ ਸੂਚੀ ਵਿੱਚ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਪਛਾਣ ਸਬੰਧੀ ਜਾਣਕਾਰੀ ਜਨਤਕ ਕਰਨ ਦਾ ਮਕਸਦ ਲੋਕਾਂ ਨੂੰ ਚੌਕਸ ਕਰਨਾ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਲਈ ਜਾਗਰੂਕ ਕਰਨਾ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਵਿੱਚੋਂ ਕਿਸੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਲਈ 112 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਇਨਾਮ ਵੀ ਦਿੱਤਾ ਜਾ ਸਕਦਾ ਹੈ।

 

Leave a Comment