ਅਧਿਆਪਕਾਂ ਵਿਰੁੱਧ ਦਰਜ ਪਰਚੇ ਦਾ ਮਸਲਾ ਹੱਲ ਕਰਨ ਦਾ ਐੱਸ.ਪੀ. (ਡੀ.) ਵੱਲੋਂ ਦੁਬਾਰਾ ਭਰੋਸਾ!
ਸੰਗਰੂਰ, 15 ਅਗਸਤ 2026- ਜਨਵਰੀ 2025 ਵਿੱਚ ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਵਿਖੇ ਲਗਾਤਾਰ ਚੱਲੇ ਸੰਘਰਸ਼ ਦੌਰਾਨ ਸੰਗਰੂਰ ਪੁਲਿਸ ਵੱਲੋਂ ਚਾਰ ਕੰਪਿਊਟਰ ਅਧਿਆਪਕਾਂ ਅਤੇ ਦੋ ਡੀ.ਟੀ.ਐੱਫ. ਆਗੂਆਂ ਸਮੇਤ ਕਈ ਅਣਪਛਾਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ਸਬੰਧੀ ਅੱਜ ਸੰਗਰੂਰ ਦੀਆਂ ਅਧਿਆਪਕ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਇੱਕ ਵੱਡਾ ਵਫ਼ਦ ਐੱਸ.ਪੀ.(ਡੀ.) ਦਵਿੰਦਰ ਅੱਤਰੀ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ, ਹਾਲਾਂਕਿ ਬੀਤੀ 13 ਜੁਲਾਈ ਨੂੰ ਵੀ ਉਕਤ ਅਧਿਕਾਰੀ ਵੱਲੋਂ ਅਜਿਹਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਹੇਠਲੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਮਾਮਲਾ ਉੱਥੇ ਦਾ ਉੱਥੇ ਖੜ੍ਹਾ ਹੈ।
ਜਥੇਬੰਦੀਆਂ ਨੇ ਅੱਜ ਐੱਸ.ਪੀ. ਨੂੰ ਮਿਲ ਕੇ ਹੇਠਲੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਜਾਹਰ ਕੀਤਾ। ਜਵਾਬ ਵਿੱਚ ਅਧਿਕਾਰੀ ਨੇ ਮੌਕੇ ‘ਤੇ ਹੀ ਐੱਸ.ਐੱਚ.ਓ. ਸਿਟੀ ਸੰਗਰੂਰ ਨੂੰ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰਨ ਦੀ ਹਿਦਾਇਤ ਕੀਤੀ। ਉਹਨਾਂ ਨੇ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਇਹ ਮਸਲਾ ਹੱਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਮਜੀਤ ਸਿੰਘ ਮੰਗਵਾਲ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੇ ਲੋਕ ਵਿਰੋਧੀ ਵਤੀਰੇ ਕਾਰਨ ਲੋਕ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਦੇ ਹਨ ਪ੍ਰੰਤੂ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਤਰ੍ਹਾਂ ਪਰਚੇ ਦਰਜ ਕਰਕੇ ਸਰਕਾਰਾਂ ਦੀ ਵਧੀਕੀ ਅਤੇ ਧੱਕੇ ਵਿੱਚ ਵਾਧਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਪਰਚੇ ਰੱਦ ਕਰਾਉਣ ਲਈ ਜਥੇਬੰਦਕ ਐਕਸ਼ਨ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਲੋਕ ਵਿਰੋਧੀ ਵਤੀਰੇ ਵਿਰੁੱਧ ਜਥੇਬੰਦਕ ਸੰਘਰਸ਼ ਦਾ ਹੀ ਹਿੱਸਾ ਹਨ।
ਉਹਨਾਂ ਕਿਹਾ ਕਿ ਲੋੜ ਪੈਣ ‘ਤੇ ਅਜਿਹੀਆਂ ਵਧੀਕੀਆਂ ਵਿਰੁੱਧ ਕਰੜੇ ਸੰਘਰਸ਼ ਕਰਨ ਤੋਂ ਵੀ ਜਥੇਬੰਦੀਆਂ ਪਿੱਛੇ ਨਹੀਂ ਹਟਣਗੀਆਂ। ਵਫ਼ਦ ਵਿੱਚ ਉਕਤ ਤੋਂ ਇਲਾਵਾ ਐੱਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਦੇ ਕ੍ਰਿਸ਼ਨ ਦੁੱਗਾਂ, ਡੀ.ਟੀ.ਐੱਫ. ਦੇ ਦਾਤਾ ਸਿੰਘ ਨਮੋਲ,ਸੁਖਜਿੰਦਰ ਸੰਗਰੂਰ ਤੇ ਜਸਬੀਰ ਨਮੋਲ,ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਬਲਬੀਰ ਲੌਂਗੋਵਾਲ, ਰਾਕੇਸ਼ ਕੁਮਾਰ ਤੇ ਜਗਦੇਵ ਵਰਮਾ, ਬੀ.ਕੇ.ਯੂ. ਉਗਰਾਹਾਂ ਦੇ ਨਿਰਭੈ ਸਿੰਘ ਮੰਗਵਾਲ, ਗੁਰਚਰਨ ਖੋਖਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਸਟਰ ਪਰਮਵੇਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੱਖੀ, ਮੇਜਰ ਸਿੰਘ ਉੱਪਲੀ ਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਨਰਦੀਪ ਸ਼ਰਮਾ, ਤੇਜਿੰਦਰ ਬਾਂਸਲ, ਸੁਮਿਤ ਖੁਰਾਣਾ, ਕਮਲਜੀਤ ਸਿੰਘ, ਬੀਰਬਲ ਸਿੰਘ, ਬਲਦੀਪ ਸਿੰਘ, ਅਸ਼ੋਕ ਕੁਮਾਰ, ਲੱਕੀ ਸਿੰਗਲਾ ਤੇ ਲੈਕਚਰਾਰ ਹਰਕੀਰਤ ਸਿੰਘ ਸ਼ਾਮਿਲ ਸਨ।
















