Join WhatsApp

Join Now

ਸਿੱਖਿਆ ਕ੍ਰਾਂਤੀ ਫ਼ੇਲ੍ਹ! ਸਰਕਾਰੀ ਸਕੂਲ ’ਚ ਸਿਰਫ ਸਿੰਗਲ ਟੀਚਰ; ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਬੰਦ ਹੋਣ ਕੰਢੇ ਸਕੂਲ!

On: ਅਗਸਤ 24, 2026 6:16 ਬਾਃ ਦੁਃ

 

ਸਿੱਖਿਆ ਕ੍ਰਾਂਤੀ ਫ਼ੇਲ੍ਹ! ਸਰਕਾਰੀ ਸਕੂਲ ’ਚ ਸਿਰਫ ਸਿੰਗਲ ਟੀਚਰ; ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਬੰਦ ਹੋਣ ਕੰਢੇ ਸਕੂਲ!

ਮਾਹਿਲਪੁਰ, 24 ਅਗਸਤ 2026

ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਲੇਬਰ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮਾਹਿਲਪੁਰ ਦੇ ਸਰਹਾਲਾ ਖੁਰਦ ਮਿਡਲ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।

ਧੀਮਾਨ ਨੇ ਕਿਹਾ ਕਿ ਸਕੂਲ ਵਿੱਚ ਇਸ ਸਮੇਂ ਸਿਰਫ਼ ਇੱਕ ਅਧਿਆਪਕ ਹੈ, ਜਿਸ ਲਈ ਸਾਰੇ ਵਿਦਿਆਰਥੀਆਂ ਨੂੰ ਇੱਕੋ ਕਮਰੇ ਵਿੱਚ ਬਿਠਾ ਕੇ ਵੱਖ-ਵੱਖ ਜਮਾਤਾਂ ਅਤੇ ਵਿਸ਼ੇ ਪੜ੍ਹਾਉਣਾ ਅਮਲੀ ਤੌਰ ’ਤੇ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ ਇੱਕ ਸਮੇਂ ਇਸ ਸਕੂਲ ਵਿੱਚ 50 ਤੋਂ ਵੱਧ ਵਿਦਿਆਰਥੀ ਪੜ੍ਹਦੇ ਸਨ, ਜਦਕਿ ਹੁਣ ਛੇਵੀਂ ਜਮਾਤ ਵਿੱਚ 5, ਸੱਤਵੀਂ ਵਿੱਚ 3 ਅਤੇ ਅੱਠਵੀਂ ਵਿੱਚ ਸਿਰਫ਼ 1 ਵਿਦਿਆਰਥੀ ਰਹਿ ਗਿਆ ਹੈ।

ਉਨ੍ਹਾਂ ਅਨੁਸਾਰ ਸਕੂਲ ਵਿੱਚ ਇਮਾਰਤ ਅਤੇ ਕਮਰਿਆਂ ਸਮੇਤ ਬੁਨਿਆਦੀ ਢਾਂਚਾ ਮੌਜੂਦ ਹੈ, ਪਰ ਅਧਿਆਪਕਾਂ ਦੀ ਘਾਟ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਤੋਂ ਝਿਜਕ ਰਹੇ ਹਨ। ਸਕੂਲ ਵਿੱਚ ਪੰਜਾਬੀ, ਹਿੰਦੀ, ਡਰਾਇੰਗ, ਖੇਤੀਬਾੜੀ ਅਤੇ ਸਮਾਜਿਕ ਸਿੱਖਿਆ ਸਮੇਤ ਕਈ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਸੇਵਾਦਾਰ ਅਤੇ ਸਫ਼ਾਈ ਕਰਮਚਾਰੀ ਦੀਆਂ ਅਸਾਮੀਆਂ ਵੀ ਖਾਲੀ ਦੱਸੀਆਂ ਗਈਆਂ ਹਨ।

ਧੀਮਾਨ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਵੀ ਹਫ਼ਤੇ ਵਿੱਚ ਸਿਰਫ਼ ਦੋ ਦਿਨ ਸਕੂਲ ਆਉਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਕੂਲਾਂ ਵਿੱਚ ਲੋੜੀਂਦੇ ਅਧਿਆਪਕ ਹੀ ਨਹੀਂ ਹੋਣਗੇ ਤਾਂ ਸਰਕਾਰ ਵੱਲੋਂ ਕੀਤੀ ਜਾ ਰਹੀ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦਾ ਕੀ ਅਰਥ ਰਹਿ ਜਾਂਦਾ ਹੈ?

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਯੋਗ ਅਤੇ ਟੀਈਟੀ ਪਾਸ ਅਧਿਆਪਕ ਮੌਜੂਦ ਹਨ, ਇਸ ਲਈ ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀ ਘਾਟ ਦੂਰ ਕਰਨ ਦੇ ਨਾਲ-ਨਾਲ ਸਰਕਾਰੀ ਮਾਪਦੰਡ ਪੂਰੇ ਨਾ ਕਰਨ ਵਾਲੇ ਨਿੱਜੀ ਸਕੂਲਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲ ਖੋਲ੍ਹਣ ਸਬੰਧੀ ਸਰਕਾਰੀ ਸ਼ਰਤਾਂ ਦੀ ਜਾਣਕਾਰੀ ਪਿੰਡਾਂ ਦੇ ਪੰਚਾਇਤੀ ਨੋਟਿਸ ਬੋਰਡਾਂ ’ਤੇ ਜਨਤਕ ਕੀਤੀ ਜਾਵੇ।

 

Leave a Comment