ਵੱਡੀ ਖ਼ਬਰ: ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਭਰਾ ਭਾਜਪਾ ‘ਚ ਸ਼ਾਮਲ
ਅਕਾਲੀ ਦਲ ਨੂੰ ਵੱਡਾ ਝਟਕਾ: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਸਾਬਕਾ ਸਲਾਹਕਾਰ ਭਾਜਪਾ ‘ਚ ਸ਼ਾਮਲ
ਚੰਡੀਗੜ੍ਹ:
ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਅਤੇ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਉਨ੍ਹਾਂ ਦੇ ਲੰਮੇ ਸਮੇਂ ਤੱਕ ਸਿਆਸੀ ਸਲਾਹਕਾਰ ਰਹੇ ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਬਾਦਲ (ਢਿੱਲੋਂ) ਅਤੇ ਉਨ੍ਹਾਂ ਦੇ ਸਪੁੱਤਰ ਅਮਰਦੀਪ ਸਿੰਘ ‘ਬਾਵਾ ਬਾਦਲ’ ਰਸਮੀ ਤੌਰ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ।
ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਦੋਵਾਂ ਆਗੂਆਂ ਦਾ ਭਾਜਪਾ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਓ ਅਤੇ ਝੰਡਾ ਭੇਂਟ ਕਰਕੇ ਪਾਰਟੀ ਦੀ ਮੈਂਬਰਸ਼ਿਪ ਦੁਆਈ।
ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਦਾ ਪਿਛੋਕੜ ਭਾਰਤੀ ਫੌਜ ਨਾਲ ਸਬੰਧਤ ਰਿਹਾ ਹੈ। ਉਨ੍ਹਾਂ ਨੇ ਪ੍ਰਸਿੱਧ ‘ਦਿ ਲਾਰੈਂਸ ਸਕੂਲ’ ਸਨਾਵਰ ਤੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ., ਖੜਕਵਾਸਲਾ) ਅਤੇ ਇੰਡੀਅਨ ਮਿਲਟਰੀ ਅਕੈਡਮੀ (ਆਈ. ਐੱਮ. ਏ., ਦੇਹਰਾਦੂਨ) ਤੋਂ ਕਠਿਨ ਫ਼ੌਜੀ ਸਿਖਲਾਈ ਹਾਸਲ ਕੀਤੀ। ਸਾਲ 1969 ਵਿੱਚ ਬਤੌਰ ਸੈਕਿੰਡ ਲੈਫ਼ਟੀਨੈਂਟ ਭਾਰਤੀ ਫ਼ੌਜ ਵਿੱਚ ਕਮਿਸ਼ਨ ਹੋਣ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਅਤੇ ਸਾਲ 1983 ਵਿੱਚ ਬਤੌਰ ਮੇਜਰ ਸੇਵਾਮੁਕਤੀ ਪ੍ਰਾਪਤ ਕੀਤੀ।
ਫ਼ੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਜਨਤਕ ਅਤੇ ਰਾਜਨੀਤਿਕ ਜੀਵਨ ਵਿੱਚ ਸਰਗਰਮ ਹੋ ਗਏ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਸਾਲ 2012 ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਲਿਆਕਤ ਅਤੇ ਅਨੁਭਵ ਨੂੰ ਦੇਖਦੇ ਹੋਏ ਆਪਣਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਤੇ ਰੁਤਬਾ ਵੀ ਦਿੱਤਾ ਗਿਆ ਸੀ।
ਸਿਆਸੀ ਮਾਹਿਰਾਂ ਅਨੁਸਾਰ ਬਾਦਲ ਪਰਿਵਾਰ ਦੇ ਇਸ ਸੀਨੀਅਰ ਅਤੇ ਰਸੂਖਦਾਰ ਮੈਂਬਰ ਦਾ ਭਾਜਪਾ ‘ਚ ਸ਼ਾਮਲ ਹੋਣਾ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮੇਜਰ ਭੁਪਿੰਦਰ ਸਿੰਘ ਨੂੰ ਇਲਾਕੇ ਵਿੱਚ ਇੱਕ ਬਹੁਤ ਹੀ ਸਲੀਕੇਦਾਰ, ਇਮਾਨਦਾਰ ਅਤੇ ਲਿਆਕਤਮੰਦ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦੇ ਇਸ ਕਦਮ ਨਾਲ ਬਾਦਲ ਪਰਿਵਾਰ ਦੇ ਰਵਾਇਤੀ ਗੜ੍ਹ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਦੇ ਸਿਆਸੀ ਸਮੀਕਰਨਾਂ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਭਾਜਪਾ ਲੀਡਰਸ਼ਿਪ ਨੇ ਉਮੀਦ ਜਤਾਈ ਕਿ ਮੇਜਰ ਭੁਪਿੰਦਰ ਸਿੰਘ ਬਾਦਲ ਅਤੇ ਅਮਰਦੀਪ ਸਿੰਘ ‘ਬਾਵਾ ਬਾਦਲ’ ਦੇ ਆਉਣ ਨਾਲ ਮਾਲਵਾ ਖੇਤਰ ਵਿੱਚ ਭਾਰਤੀ ਜਨਤਾ ਪਾਰਟੀ ਕੇਡਰ ਨੂੰ ਨਵੀਂ ਮਜ਼ਬੂਤੀ ਅਤੇ ਊਰਜਾ ਮਿਲੇਗੀ।















