ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਪੰਜਾਬ ਭਰ ‘ਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ
Punjab Network
ਅੰਮ੍ਰਿਤਸਰ, 20 ਸਤੰਬਰ 2026- ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਦਾ ਘੇਰਾਓ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਕੋਠੀ ਅੱਗੇ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਪ੍ਰਦਰਸ਼ਨਕਾਰੀ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਜਦੋਂ ਵਰਕਰਾਂ ਨੇ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਨਾਲ ਲੰਮੀ ਤਕਰਾਰ ਵੀ ਹੋਈ। ਅੰਮ੍ਰਿਤਸਰ ਜ਼ਿਲ੍ਹੇ ਦੇ ਇਸ ਪ੍ਰਦਰਸ਼ਨ ਵਿੱਚ ਲਗਭਗ 500 ਤੋਂ 600 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਇਹ ਰੋਸ ਧਰਨਾ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ ਤੱਕ ਲਗਾਤਾਰ ਜਾਰੀ ਰਿਹਾ।
ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ, ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕਰਨ ਸਬੰਧੀ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰੇ। ਵਰਕਰਾਂ ਅਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦਾ ਦਰਜਾ ਦਿੱਤਾ ਜਾਵੇ।
ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਸਬੰਧੀ ਲਿਖਤੀ ਚਿੱਠੀ ਨਹੀਂ ਮਿਲਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਲਗਾਤਾਰ ਸੰਘਰਸ਼ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਸਬੰਧੀ ਲਿਖਤੀ ਪੱਤਰ ਜਾਰੀ ਕੀਤਾ ਗਿਆ। ਚਿੱਠੀ ਅਨੁਸਾਰ 29 ਸਤੰਬਰ 2026 ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਸਬ-ਕਮੇਟੀ ਦੀ ਮੀਟਿੰਗ ਤੈਅ ਕੀਤੀ ਗਈ ਹੈ। ਲਿਖਤੀ ਭਰੋਸਾ ਮਿਲਣ ਤੋਂ ਬਾਅਦ ਜਥੇਬੰਦੀ ਨੇ ਆਪਣਾ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ।
ਇਸ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਪ੍ਰਧਾਨ ਮਧੂ ਕੁਮਾਰੀ, ਮੀਤ ਜ਼ਿਲ੍ਹਾ ਪ੍ਰਧਾਨ ਕੁਲਵੀਰ ਕੌਰ, ਸੀਨੀਅਰ ਮੀਤ ਜ਼ਿਲ੍ਹਾ ਪ੍ਰਧਾਨ ਏਕਮ ਰੂਪ ਕੌਰ, ਸਕੱਤਰ ਦਲਜੀਤ ਕੌਰ ਵੇਰਕਾ, ਹਰਪ੍ਰੀਤ ਕੌਰ, ਪ੍ਰਚਾਰਕ ਤੇ ਪੰਜਾਬ ਕੈਸ਼ੀਅਰ ਹਰਪ੍ਰੀਤ ਕੌਰ, ਚੁਗਾਵਾਂ ਬਲਾਕ ਤੋਂ ਬਲਜੀਤ ਕੌਰ, ਅਟਾਰੀ ਬਲਾਕ ਤੋਂ ਬਲਵਿੰਦਰ ਕੌਰ, ਜੰਡਿਆਲਾ ਗੁਰੂ ਬਲਾਕ ਤੋਂ ਬਲਜੀਤ ਕੌਰ, ਅਰਬਨ-1 ਤੋਂ ਕੁਲਵੀਰ ਕੌਰ, ਅਰਬਨ-2 ਤੋਂ ਹਰਪ੍ਰੀਤ ਕੌਰ ਅਤੇ ਅਰਬਨ-3 ਬਲਾਕ ਤੋਂ ਬਰਿੰਦਰ ਕੌਰ ਸਮੇਤ ਹੋਰ ਵੱਖ-ਵੱਖ ਬਲਾਕਾਂ ਦੀਆਂ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਆਸ ਪ੍ਰਗਟਾਈ ਕਿ 29 ਸਤੰਬਰ ਦੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਠੋਸ ਫ਼ੈਸਲੇ ਲਏ ਜਾਣਗੇ।
















