Join WhatsApp

Join Now

‘ਮਾਂ, ਮੁਝੇ ਟੈਗੋਰ ਬਨਾ ਦੇ’ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ ਅਤੇ ਚਿੰਤਨਸ਼ੀਲ

On: ਸਤੰਬਰ 24, 2026 10:04 ਪੂਃ ਦੁਃ

 

ਮਾਂ, ਮੁਝੇ ਟੈਗੋਰ ਬਨਾ ਦੇ’ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ ਅਤੇ ਚਿੰਤਨਸ਼ੀਲ

ਪੰਜਾਬ ਨੈੱਟਵਰਕ, ਚੰਡੀਗੜ੍ਹ:

ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਆਯੋਜਿਤ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਦੀ ਚਰਚਿਤ ਕਹਾਣੀ ‘ਮੈਨੂੰ ਟੈਗੋਰ ਬਣਾ ਦੇਮਾਂ’ ਤੋਂ ਪ੍ਰਭਾਵਿਤ ਸੋਲੋ ਨਾਟਕ ‘ਮਾਂ, ਮੁਝੇ ਟੈਗੋਰ ਬਨਾ ਦੇ’ ਦੀ ਪੇਸ਼ਕਾਰੀ ਜੰਮੂ ਤੋਂ ਪਹੁੰਚੇ ਰੰਗਕਰਮੀ ਲੱਕੀਜੀ ਗੁਪਤਾ ਵੱਲੋਂ ਕੀਤੀ ਗਈ। ਮੋਹਨ ਸਿੰਘ ਦੀਵਾਨਾ ਹਾਲ ਵਿੱਚ ਹੋਈ ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਹਕੀਕਤਾਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਿਤ ਕੀਤਾ।

ਲੱਕੀਜੀ ਗੁਪਤਾ ਦੀ ਇਸ ਸੋਲੋ ਪੇਸ਼ਕਾਰੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਉਨ੍ਹਾਂ ਨੇ ਇਕੱਲੇ ਹੀ ਵੱਖ-ਵੱਖ ਪਾਤਰਾਂ ਨੂੰ ਆਪਣੀ ਅਦਾਕਾਰੀ ਰਾਹੀਂ ਮੰਚ ’ਤੇ ਸਾਕਾਰ ਕੀਤਾ। ਸਮਾਜ ਦੇ ਹਾਸ਼ੀਏ ’ਤੇ ਖੜ੍ਹੇ ਅਤੇ ਆਪਣੀਆਂ ਅਧੂਰੀਆਂ ਖ਼ਾਹਿਸ਼ਾਂ ਨਾਲ ਜੂਝਦੇ ਪਾਤਰਾਂ ਦੀ ਮਨੋਵਿਗਿਆਨਕ ਅਤੇ ਸਮਾਜਿਕ ਪੇਸ਼ਕਾਰੀ ਨਾਟਕ ਦਾ ਮਹੱਤਵਪੂਰਨ ਪੱਖ ਰਹੀ।

ਲੱਕੀਜੀ ਨੇ ਪੇਸ਼ਕਾਰੀ ਦੌਰਾਨ ਦਰਸ਼ਕਾਂ ਵਿੱਚੋਂ ਹੀ ਕੁਝ ਵਿਅਕਤੀਆਂ ਨੂੰ ਨਾਟਕ ਦੇ ਪਾਤਰਾਂ ਵਜੋਂ ਸ਼ਾਮਲ ਕਰਕੇ ਮੰਚ ਅਤੇ ਦਰਸ਼ਕਾਂ ਵਿਚਲੀ ਰਵਾਇਤੀ ਦੂਰੀ ਨੂੰ ਤੋੜ ਦਿੱਤਾ। ਇਸ ਰਚਨਾਤਮਕ ਤਕਨੀਕ ਨੇ ਪੇਸ਼ਕਾਰੀ ਨੂੰ ਹੋਰ ਜੀਵੰਤ ਅਤੇ ਪ੍ਰਭਾਵਸ਼ਾਲੀ ਬਣਾਇਆ ਅਤੇ ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ। ਸੀਮਤ ਮੰਚੀ ਸਾਧਨਾਂ ਦੀ ਵਰਤੋਂ ਕਰਦਿਆਂ ਸਟੇਜ ਦੀ ਰਚਨਾਤਮਕ ਵਰਤੋਂ ਅਤੇ ਵੱਖ-ਵੱਖ ਪਾਤਰਾਂ ਦੀ ਤਸਵੀਰਕਸ਼ੀ ਲੱਕੀਜੀ ਦੀ ਰੰਗਮੰਚੀ ਪਕੜ ਨੂੰ ਦਰਸਾ ਗਈ।

ਇਸ ਮੌਕੇ ਪੰਜਾਬੀ ਅਧਿਐਨ ਸਕੂਲ ਦੀ ਚੇਅਰਪਰਸਨ ਡਾ. ਪਰਮਜੀਤ ਕੌਰ ਸਿੱਧੂ ਨੇ ਲੱਕੀਜੀ ਗੁਪਤਾ ਨੂੰ ਸਫ਼ਲ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਨਾਟਕ ਦੇ ਵੱਖ-ਵੱਖ ਪਾਤਰਾਂ ਦੀ ਪੇਸ਼ਕਾਰੀ ਅਤੇ ਉਨ੍ਹਾਂ ਦੇ ਅੰਦਰੂਨੀ ਸੰਘਰਸ਼ਾਂ ਨੂੰ ਜਿਸ ਸੰਵੇਦਨਸ਼ੀਲਤਾ ਨਾਲ ਮੰਚ ’ਤੇ ਸਾਕਾਰ ਕੀਤਾ ਗਿਆ, ਉਹ ਦਰਸ਼ਕਾਂ ਦੇ ਮਨ ਨੂੰ ਝੰਜੋੜਨ ਵਾਲਾ ਸੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਅਜਿਹੀਆਂ ਰੰਗਮੰਚੀ ਪੇਸ਼ਕਾਰੀਆਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਾਹਿਤ ਨਾਲ ਜੋੜਨ ਦੇ ਨਾਲ-ਨਾਲ ਸਮਾਜ ਨੂੰ ਕਲਾਤਮਕ ਅਤੇ ਸੰਵੇਦਨਸ਼ੀਲ ਦ੍ਰਿਸ਼ਟੀ ਨਾਲ ਸਮਝਣ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਇਸ ਵਿਲੱਖਣ ਪੇਸ਼ਕਾਰੀ ਲਈ ਲੱਕੀਜੀ ਗੁਪਤਾ ਦਾ ਧੰਨਵਾਦ ਕੀਤਾ।

ਉੱਘੇ ਨਾਟਕਕਾਰ ਭੁਪਿੰਦਰ ਪਾਲੀ ਨੇ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸੋਲੋ ਨਾਟਕ ਦੀ ਵਿਧਾ ਦਾ ਉੱਤਮ ਨਮੂਨਾ ਦੱਸਿਆ। ਉਨ੍ਹਾਂ ਕਿਹਾ ਕਿ ਇੱਕੋ ਕਲਾਕਾਰ ਵੱਲੋਂ ਵੱਖ-ਵੱਖ ਪਾਤਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜੀਵੰਤ ਕਰਨਾ ਕਲਾਕਾਰ ਦੀ ਅਦਾਕਾਰੀ ਅਤੇ ਨਿਰਦੇਸ਼ਕੀ ਸਮਰੱਥਾ ਦਾ ਪ੍ਰਮਾਣ ਹੈ। ਇਸ ਮੌਕੇ ਪ੍ਰੋ. ਯੋਗਰਾਜ,ਪ੍ਰੋ. ਉਮਾ ਸੇਠੀ, ਪ੍ਰੋ. ਅਕਵੀਨਡੇਰ ਕੌਰ ਤਨਵੀ, ਡਾ. ਪਵਨ, ਰਵੀ ਕੁਮਾਰ, ਡਾ. ਸੁਖਜੀਤ ਕੌਰ, ਜਸਪਾਲ ਸਿੰਘ,ਪੰਜਾਬੀ, ਸੰਸਕ੍ਰਿਤ ਅਤੇ ਫ੍ਰੈਂਚ ਵਿਭਾਗ ਦੇ ਖੋਜਾਰਥੀ, ਵਿਦਿਆਰਥੀਅਤੇ ਰੰਗਮੰਚ ਪ੍ਰੇਮੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

 

Leave a Comment