Join WhatsApp

Join Now

Punjab Breaking: ਯੂਨੀਵਰਸਿਟੀ ਦੀਆਂ ਲੜਕੀਆਂ ਦੇ ਹੋਸਟਲ ਬਾਰੇ ਸੋਸ਼ਲ ਮੀਡੀਆ ‘ਤੇ ਫ਼ੈਲੀ ਅਫ਼ਵਾਹ ਨੇ ਪਾਇਆ ਭੜਥੂ

On: ਸਤੰਬਰ 26, 2026 2:37 ਬਾਃ ਦੁਃ

 

Punjab Breaking: ਯੂਨੀਵਰਸਿਟੀ ਦੀਆਂ ਲੜਕੀਆਂ ਦੇ ਹੋਸਟਲ ਬਾਰੇ ਸੋਸ਼ਲ ਮੀਡੀਆ ‘ਤੇ ਫ਼ੈਲੀ ਅਫ਼ਵਾਹ ਨੇ ਪਾਇਆ ਭੜਥੂ

ਚੰਡੀਗੜ੍ਹ, 26 ਸਤੰਬਰ 2026- ਚਿਤਕਾਰਾ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ‘ਤੇ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲ (Girls’ Hostel) ਬਾਰੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਰੀਲਾਂ ਅਤੇ ਪੋਸਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਇੱਕ ਅਧਿਕਾਰਤ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਹੋਸਟਲ ਵਿੱਚ ਕਿਸੇ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ ਜਾਂ ਕਿਸੇ ਦੀ ਮੌਤ ਹੋ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਹੋਸਟਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਅਤੇ ਤੱਥਾਂ ਤੋਂ ਪਰੇ ਹਨ।

ਯੂਨੀਵਰਸਿਟੀ ਨੇ ਘਟਨਾ ਨਾਲ ਜੁੜੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਯੂਨੀਵਰਸਿਟੀ ਮੁਤਾਬਕ, 24 ਸਤੰਬਰ ਦੀ ਤੜਕੇ ਹੋਸਟਲ ਵਿੱਚ ਇੱਕ ਐਂਬੂਲੈਂਸ ਜ਼ਰੂਰ ਆਈ ਸੀ, ਪਰ ਇਹ ਇੱਕ ਵਿਦਿਆਰਥਣ ਨੂੰ ਹਸਪਤਾਲ ਤੋਂ ਵਾਪਸ ਲਿਆਉਣ ਲਈ ਸੀ। ਵਿਦਿਆਰਥਣ ਨੂੰ ਰਾਤ ਦੇ ਲਗਭਗ 2:50 ਵਜੇ ਹਸਪਤਾਲ ਤੋਂ ਇਲਾਜ ਤੋਂ ਬਾਅਦ ਹੋਸਟਲ ਵਾਪਸ ਲਿਆਂਦਾ ਗਿਆ ਸੀ। ਯੂਨੀਵਰਸਿਟੀ ਨੇ ਸਾਫ਼ ਕੀਤਾ ਹੈ ਕਿ ਇਸ ਘਟਨਾ ਦਾ ਖੁਦਕੁਸ਼ੀ ਜਾਂ ਮੌਤ ਨਾਲ ਕੋਈ ਸਬੰਧ ਨਹੀਂ ਸੀ।

ਇਸ ਤੋਂ ਇਲਾਵਾ, ਸੋਸ਼ਲ ਮੀਡੀਆ ‘ਤੇ ਲੜਕੀਆਂ ਦੇ ਹੋਸਟਲ ਵਿੱਚ ਇੱਕ ਪੰਡਿਤ ਜੀ ਦੀ ਮੌਜੂਦਗੀ ਨੂੰ ਲੈ ਕੇ ਵੀ ਗੁੰਮਰਾਹਕੁੰਨ ਦਾਅਵੇ ਕੀਤੇ ਜਾ ਰਹੇ ਸਨ। ਯੂਨੀਵਰਸਿਟੀ ਨੇ ਇਸ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਪੰਡਿਤ ਜੀ ਦੁਪਹਿਰ ਲਗਭਗ 3:00 ਵਜੇ ਹੋਸਟਲ ਆਏ ਸਨ, ਪਰ ਉਹ ਕੇਵਲ ਆਪਣੀ ਧੀ ਨੂੰ ਮਿਲਣ ਆਏ ਸਨ ਜੋ ਕਿ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਇੰਟਰਨੈੱਟ ‘ਤੇ ਇਸ ਘਟਨਾ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਚਿਤਕਾਰਾ ਯੂਨੀਵਰਸਿਟੀ ਨੇ ਵਿਦਿਆਰਥੀਆਂ, ਮਾਪਿਆਂ, ਮੀਡੀਆ ਕਰਮੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਬਿਨਾਂ ਪੁਸ਼ਟੀ ਕੀਤੀਆਂ ਰੀਲਾਂ, ਪੋਸਟਾਂ ਜਾਂ ਸੁਨੇਹਿਆਂ ‘ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਇਨ੍ਹਾਂ ਨੂੰ ਅੱਗੇ ਸ਼ੇਅਰ ਕਰਨ। ਅਜਿਹਾ ਝੂਠਾ ਪ੍ਰਚਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਬੇਲੋੜੀ ਚਿੰਤਾ ਅਤੇ ਮਾਨਸਿਕ ਤਣਾਅ ਪੈਦਾ ਕਰਦਾ ਹੈ, ਨਾਲ ਹੀ ਕੈਂਪਸ ਦੇ ਮਾਹੌਲ ਬਾਰੇ ਗਲਤ ਧਾਰਨਾ ਬਣਾਉਂਦਾ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਦੁਹਰਾਇਆ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਨਿਜਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਜਾਇਜ਼ ਚਿੰਤਾ ਦੇ ਹੱਲ ਲਈ ਢੁਕਵੇਂ ਪ੍ਰਬੰਧ ਮੌਜੂਦ ਹਨ। ਯੂਨੀਵਰਸਿਟੀ ਗੁੰਮਰਾਹਕੁੰਨ ਸਮੱਗਰੀ ਫੈਲਾਉਣ ਵਾਲਿਆਂ ‘ਤੇ ਵੀ ਨਜ਼ਰ ਰੱਖ ਰਹੀ ਹੈ ਅਤੇ ਲੋੜ ਪੈਣ ‘ਤੇ ਵਿਦਿਆਰਥੀਆਂ ਤੇ ਸੰਸਥਾ ਦੇ ਹਿੱਤਾਂ ਦੀ ਰਾਖੀ ਲਈ ਕਾਨੂੰਨੀ ਅਤੇ ਢੁਕਵੀਂ ਕਾਰਵਾਈ ਕਰੇਗੀ। ਚਿਤਕਾਰਾ ਯੂਨੀਵਰਸਿਟੀ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਖ਼ਬਰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਅਧਿਕਾਰਤ ਅਤੇ ਭਰੋਸੇਯੋਗ ਸਰੋਤਾਂ ਤੋਂ ਇਸ ਦੀ ਪੁਸ਼ਟੀ ਜ਼ਰੂਰ ਕਰਨ।

 

Leave a Comment