Join WhatsApp

Join Now

Canada Sikh Woman Murder: ਕੈਨੇਡਾ ’ਚ ਸਿੱਖ ਔਰਤ ਦਾ ਬੇਰਹਿਮੀ ਨਾਲ ਕਤਲ

On: ਸਤੰਬਰ 29, 2026 7:00 ਬਾਃ ਦੁਃ

 

Canada Sikh Woman Murder: ਕੈਨੇਡਾ ’ਚ ਸਿੱਖ ਔਰਤ ਦਾ ਬੇਰਹਿਮੀ ਨਾਲ ਕਤਲ

ਚੀਕਾਂ ਮਾਰਦੀ ਬਾਹਰ ਨਿਕਲੀ ਬਜ਼ੁਰਗ ਮਾਂ ਤੇ ਮਾਸੂਮ ਬੱਚੇ, ਗੁਆਂਢੀਆਂ ਨੇ ਬਿਆਨ ਕੀਤਾ ਅੱਖੀਂ ਡਿੱਠਾ ਖ਼ੌਫ਼ਨਾਕ ਮੰਜ਼ਰ- ਮਸਾਜ ਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ ਮ੍ਰਿਤਕਾ; ਬੱਚਿਆਂ ਦੀ ਮਦਦ ਲਈ ਗੁਰਦੁਆਰਾ ਸਾਹਿਬ ਤੇ ਸਾਥੀਆਂ ਵੱਲੋਂ ਫੰਡਰੇਜ਼ਰ ਸ਼ੁਰੂ

ਕੈਨੇਡਾ / ਓਨਟਾਰੀਓ, 29 ਸਤੰਬਰ 2026- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ 30 ਸਾਲਾ ਸਿੱਖ ਔਰਤ ਰਮਨ ਦੇਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਮ੍ਰਿਤਕਾ ਦੇ 41 ਸਾਲਾ ਪਤੀ ਮੈਂਡੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਮਾਮਲਾ ‘ਨਾਰੀ ਹੱਤਿਆ’ (Femicide) ਦਾ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਵਿੱਚ ਵੀ ਭਾਰੀ ਰੋਸ ਅਤੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ।

ਇਹ ਖ਼ੌਫ਼ਨਾਕ ਵਾਰਦਾਤ 15 ਸਤੰਬਰ ਨੂੰ ਸਮਰਸਾਈਡ ਖੇਤਰ ਵਿੱਚ ਸਥਿਤ ਚੈਲਟਨ ਰੋਡ ‘ਤੇ ਇੱਕ ਘਰ ਵਿੱਚ ਵਾਪਰੀ। ਘਟਨਾ ਦੀ ਇਤਲਾਹ ਮਿਲਦਿਆਂ ਹੀ ਜਦੋਂ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਦੋ ਬੱਚਿਆਂ ਦੀ ਮਾਂ ਰਮਨ ਦੇਵੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਦੇਖਿਆ। ਪੁਲਿਸ ਅਤੇ ਐਮਰਜੈਂਸੀ ਟੀਮਾਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੋਂ ਹੀ ਉਸ ਦੇ ਪਤੀ ਮੈਂਡੀ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਵਿਰੁੱਧ ਦੂਜੇ ਦਰਜੇ ਦੇ ਕਤਲ (Second-Degree Murder) ਦਾ ਦੋਸ਼ ਲਗਾਇਆ ਹੈ।

ਸਥਾਨਕ ਗੁਆਂਢੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੇ ਖ਼ੌਫ਼ਨਾਕ ਪਹਿਲੂ ਸਾਂਝੇ ਕੀਤੇ ਹਨ। ਇੱਕ ਗੁਆਂਢੀ ਸੈਮ ਅਵਦੀ ਨੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਕੁਝ ਚਿਰ ਪਹਿਲਾਂ ਹੀ ਰਮਨ ਦੇਵੀ ਦੀ ਮਾਂ ਦੋਵਾਂ ਛੋਟੇ ਬੱਚਿਆਂ ਨਾਲ ਬਹੁਤ ਹੀ ਪਰੇਸ਼ਾਨੀ ਦੀ ਹਾਲਤ ਵਿੱਚ ਘਰੋਂ ਬਾਹਰ ਆਈ ਸੀ। ਉਹ ਬਜ਼ੁਰਗ ਔਰਤ ਉੱਚੀ-ਉੱਚੀ ਚੀਕ ਰਹੀ ਸੀ ਅਤੇ ਦੁੱਖ ਵਿੱਚ ਆਪਣੇ ਆਪ ਨੂੰ ਮਾਰ ਰਹੀ ਸੀ। ਉਸ ਦੇ ਨਾਲ ਦੋਵੇਂ ਮਾਸੂਮ ਬੱਚੇ ਵੀ ਬੇਹੱਦ ਡਰੇ ਹੋਏ ਸਨ। ਸੈਮ ਅਵਦੀ ਨੇ ਕਿਹਾ ਕਿ ਇਹ ਮੰਜ਼ਰ ਇੰਨਾ ਦੁਖਦਾਈ ਸੀ ਕਿ ਸ਼ਹਿਰ ਵਿੱਚ ਆਪਣੇ 40 ਸਾਲਾਂ ਦੇ ਰਹਿਣ ਦੌਰਾਨ ਉਸ ਨੇ ਅਜਿਹਾ ਭਿਆਨਕ ਦ੍ਰਿਸ਼ ਕਦੇ ਨਹੀਂ ਦੇਖਿਆ ਸੀ।

ਰਮਨ ਦੇਵੀ ਮਸਾਜ ਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਅਚਾਨਕ ਅਤੇ ਦਰਦਨਾਕ ਮੌਤ ਦੀ ਖ਼ਬਰ ਨਾਲ ਉਸ ਦੇ ਨਾਲ ਪੜ੍ਹਦੇ ਸਹਿਪਾਠੀ ਡੂੰਘੇ ਸਦਮੇ ਵਿੱਚ ਹਨ। ਉਸ ਦੀ ਇੱਕ ਸਹਿਪਾਠੀ ਸੈਂਡਰਾ ਸਾਂਚੇਜ਼ ਨੇ ਰਮਨ ਦੇਵੀ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਬਹੁਤ ਹੀ ਨੇਕ ਦਿਲ ਅਤੇ ਮਿਲਣਸਾਰ ਔਰਤ ਸੀ, ਜਿਸ ਦੀ ਮੌਜੂਦਗੀ ਆਲੇ-ਦੁਆਲੇ ਦੇ ਲੋਕਾਂ ਵਿੱਚ ਖੁਸ਼ੀ ਅਤੇ ਪਿਆਰ ਵੰਡਦੀ ਸੀ। ਸੈਂਡਰਾ ਨੇ ਦੱਸਿਆ ਕਿ ਰਮਨ ਦੇਵੀ ਦੀ ਉਨ੍ਹਾਂ ਦੇ ਦਿਲਾਂ ਵਿੱਚ ਹਮੇਸ਼ਾ ਇੱਕ ਉੱਚੀ ਅਤੇ ਖਾਸ ਜਗ੍ਹਾ ਰਹੇਗੀ। ਉਸ ਦੀ ਯਾਦ ਅਤੇ ਮਾਸੂਮ ਬੱਚਿਆਂ ਦੀ ਮਦਦ ਲਈ ਇੱਕ ਆਨਲਾਈਨ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।

ਇਸ ਦੁਖਦ ਸਮੇਂ ਵਿੱਚ ਪਰਿਵਾਰ ਅਤੇ ਬੱਚਿਆਂ ਨੂੰ ਸੰਭਾਲਣ ਲਈ ‘ਗੁਰਦੁਆਰਾ ਲੰਡਨ ਸਿੱਖ ਸੋਸਾਇਟੀ’ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਇੱਕ ਮਾਂ ਨੂੰ ਗੁਆਉਣ ਦਾ ਦਰਦ ਅਸਹਿ ਹੁੰਦਾ ਹੈ। ਰਮਨ ਦੇਵੀ ਦੇ ਇਨ੍ਹਾਂ ਛੋਟੇ ਬੱਚਿਆਂ ਲਈ ਇਹ ਘਾਟਾ ਬੇਹੱਦ ਦਿਲ ਤੋੜਨ ਵਾਲਾ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਆਪਣੀ ਮਾਂ ਦੇ ਪਿਆਰ, ਦੇਖਭਾਲ, ਮਾਰਗਦਰਸ਼ਨ ਅਤੇ ਸਹਾਰੇ ਤੋਂ ਬਿਨਾਂ ਆਪਣੀ ਪੂਰੀ ਜ਼ਿੰਦਗੀ ਬਿਤਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਇੰਨੀ ਛੋਟੀ ਉਮਰ ਵਿੱਚ ਅਜਿਹਾ ਦਰਦਨਾਕ ਅਤੇ ਡੂੰਘਾ ਘਾਟਾ ਨਹੀਂ ਸਹਿਣਾ ਚਾਹੀਦਾ। ਫਿਲਹਾਲ ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

 

Leave a Comment