BIG BREAKING- ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਪਹਿਲਾਂ ਬੰਬ ਹਮਲੇ ਦੀ ਧਮਕੀ, ਪੁਲਿਸ ਤੇ ਜਾਂਚ ਏਜੰਸੀਆਂ ਹਾਈ ਅਲਰਟ ‘ਤੇ
ਖ਼ਾਲਿਸਤਾਨ ਆਰਮੀ ਵੱਲੋਂ ਈਮੇਲ ਰਾਹੀਂ ਸਕੂਲਾਂ, ਮੰਦਿਰ ਤੇ ਅਦਾਲਤ ਨੂੰ ਉਡਾਉਣ ਦੀ ਚਿਤਾਵਨੀ; ਸ਼ਹਿਰ ਵਿੱਚ ਦਹਿਸ਼ਤ
ਜਲੰਧਰ ‘ਚ ਟਾਈਮ ਬੰਬ ਧਮਾਕਿਆਂ ਦੀ ਈਮੇਲ ਨਾਲ ਭਾਜੜ; ਰੈਲੀ ਦੀ ਸਟੇਜ ਤੇ ਬੱਸਾਂ ‘ਚ IED ਹੋਣ ਦਾ ਦਾਅਵਾ
ਜਲੰਧਰ/ਚੰਡੀਗੜ੍ਹ, 30 ਸਤੰਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਸ਼ਹਿਰ ਵਿੱਚ ਬੰਬ ਧਮਾਕੇ ਕਰਨ ਦੀ ਸਨਸਨੀਖੇਜ਼ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਪ੍ਰਸ਼ਾਸਨ, ਸੁਰੱਖਿਆ ਏਜੰਸੀਆਂ ਅਤੇ ਕੇਂਦਰੀ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਆ ਗਈਆਂ ਹਨ। ਸ਼ਹਿਰ ਦੇ ਕਈ ਮੁੱਖ ਹਿੱਸਿਆਂ, ਸਰਕਾਰੀ ਇਮਾਰਤਾਂ ਅਤੇ ਧਾਰਮਿਕ ਅਸਥਾਨਾਂ ‘ਤੇ ਸੁਰੱਖਿਆ ਦੇੜ੍ਹ ਕਰ ਦਿੱਤੀ ਗਈ ਹੈ ਅਤੇ ਚੱਪੇ-ਚੱਪੇ ‘ਤੇ ਭਾਰੀ ਪੁਲਿਸ ਨਫ਼ਰੀ ਤਾਇਨਾਤ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਵਜੇ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ‘ਤੇ ਆਈਈਡੀ (IED) ਬੰਬ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਈਮੇਲ ਵਿੱਚ ਧਮਾਕੇ ਕਰਨ ਲਈ ਬਕਾਇਦਾ ਸਮਾਂ ਵੀ ਤੈਅ ਕੀਤਾ ਗਿਆ ਹੈ। ਈਮੇਲ ਦੇ ਅਨੁਸਾਰ ਜਲੰਧਰ ਦੇ ਸਕੂਲਾਂ ਵਿੱਚ ਸਵੇਰੇ 11:11 ਵਜੇ, ਪ੍ਰਸਿੱਧ ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਦੁਪਹਿਰ 12:11 ਵਜੇ, ਅਦਾਲਤ ਕੰਪਲੈਕਸ ਵਿੱਚ ਦੁਪਹਿਰ 2:11 ਵਜੇ ਅਤੇ ਇੱਕ ਦਫ਼ਤਰ ਵਿੱਚ ਦੁਪਹਿਰ 3:11 ਵਜੇ ਧਮਾਕੇ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਇਸ ਈਮੇਲ ਭੇਜਣ ਦੀ ਜ਼ਿੰਮੇਵਾਰੀ ‘ਖ਼ਾਲਿਸਤਾਨ ਆਰਮੀ’ ਨਾਮਕ ਸੰਗਠਨ ਵੱਲੋਂ ਲਈ ਗਈ ਹੈ। ਧਮਕੀ ਪੱਤਰ ਵਿੱਚ ਇਹ ਵੀ ਸਨਸਨੀਖੇਜ਼ ਦਾਅਵਾ ਕੀਤਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਾਲੀ ਜਗ੍ਹਾ, ਰੈਲੀ ਦੀ ਮੁੱਖ ਸਟੇਜ ਅਤੇ ਲੋਕਾਂ ਨੂੰ ਰੈਲੀ ਵਾਲੀ ਥਾਂ ‘ਤੇ ਲੈ ਕੇ ਜਾ ਰਹੀਆਂ ਬੱਸਾਂ ਦੇ ਅੰਦਰ ਵੀ ਬੰਬ ਫਿੱਟ ਕੀਤੇ ਗਏ ਹਨ। ਅਜਿਹੀ ਈਮੇਲ ਆਉਣ ਤੋਂ ਬਾਅਦ ਜਲੰਧਰ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਕੂਲਾਂ, ਮੰਦਿਰ, ਅਦਾਲਤ ਕੰਪਲੈਕਸ ਅਤੇ ਰੈਲੀ ਵਾਲੀ ਥਾਂ ਦੀ ਬੰਬ ਨਿਰੋਧਕ ਦਸਤੇ (Bomb Disposal Squad) ਅਤੇ ਡੌਗ ਸਕੁਆਇਡ ਦੀ ਮਦਦ ਨਾਲ ਸੰਘਣੀ ਤਲਾਸ਼ੀ ਲਈ ਜਾ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ ਹੋਣ ਕਰਕੇ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਕਾਫ਼ੀ ਕਰੜੇ ਸਨ, ਪਰ ਇਸ ਧਮਕੀ ਤੋਂ ਬਾਅਦ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਆਉਣ-ਜਾਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਸਾਈਬਰ ਸੈੱਲ ਟੀਮਾਂ ਈਮੇਲ ਦੇ ਆਈ.ਪੀ. ਐਡਰੈੱਸ (IP Address) ਨੂੰ ਟਰੇਸ ਕਰਨ ਵਿੱਚ ਜੁਟ ਗਈਆਂ ਹਨ ਤਾਂ ਜੋ ਈਮੇਲ ਭੇਜਣ ਵਾਲੇ ਅਸਲ ਮੁਲਜ਼ਮ ਤੱਕ ਪਹੁੰਚਿਆ ਜਾ ਸਕੇ।
ਸਕੂਲਾਂ ਵਿੱਚ ਧਮਕੀ ਦੀ ਖ਼ਬਰ ਫੈਲਦਿਆਂ ਹੀ ਬੱਚਿਆਂ ਦੇ ਮਾਪਿਆਂ ਵਿੱਚ ਵੀ ਭਾਰੀ ਚਿੰਤਾ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ, ਨਾਲ ਹੀ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਦੇ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹਰ ਸ਼ੱਕੀ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।















