Join WhatsApp

Join Now

BREAKING: ਸਾਬਕਾ IAS ਅਧਿਕਾਰੀ ਦਾ ਬੇਰਹਿਮੀ ਨਾਲ ਕਤਲ; ਪੰਜਾਬ ਨਾਲ ਜੁੜੇ ਤਾਰ

On: October 3, 2026 12:23 PM

 

BREAKING: ਸਾਬਕਾ IAS ਅਧਿਕਾਰੀ ਦਾ ਬੇਰਹਿਮੀ ਨਾਲ ਕਤਲ; ਪੰਜਾਬ ਨਾਲ ਜੁੜੇ ਤਾਰ

ਰਿਟਾਇਰਡ IAS ਰਾਕੇਸ਼ ਅਗਰਵਾਲ ਹੱਤਿਆਕਾਂਡ: ਪਟਿਆਲਾ ਦੀ ਏਜੰਸੀ ਰਾਹੀਂ ਆਇਆ ਸੀ ਕੇਅਰਟੇਕਰ, ਪੁਲਿਸ ਨੇ ਆਗਰਾ ਤੋਂ ਬਰਾਮਦ ਕੀਤਾ ਲੁੱਟਿਆ ਮੋਬਾਈਲ

ਭੋਪਾਲ/ਚੰਡੀਗੜ੍ਹ, 3 ਅਕਤੂਬਰ 2026- 70 ਸਾਲਾ ਸੇਵਾਮੁਕਤ ਆਈ.ਏ.ਐੱਸ. (IAS) ਅਧਿਕਾਰੀ ਰਾਕੇਸ਼ ਅਗਰਵਾਲ, ਘਰ ਦਾ ਸੁੰਨਾ ਕਮਰਾ ਅਤੇ ਬਿਸਤਰੇ ‘ਤੇ ਖ਼ੂਨ ਨਾਲ ਲੱਥਪੱਥ ਪਈ ਲਾਸ਼। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਹੋਏ ਇਸ ਹਾਈ-ਪ੍ਰੋਫਾਈਲ ਕਤਲ ਨੂੰ ਤਿੰਨ ਦਿਨ ਬੀਤ ਚੁੱਕੇ ਹਨ, ਪਰ ਕਾਤਲ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦਾ ਸ਼ੱਕ ਕਿਸੇ ਹੋਰ ‘ਤੇ ਨਹੀਂ, ਸਗੋਂ ਉਸੇ ਕਾਤਲ ‘ਮੇਲ ਨਰਸ’ ਵਰੁਣ ‘ਤੇ ਜਾ ਕੇ ਟਿਕਿਆ ਹੈ, ਜਿਸ ਨੂੰ ਖ਼ੁਦ ਅਗਰਵਾਲ ਸਾਹਿਬ ਨੇ ਆਪਣੀ ਸਲਿਪ ਡਿਸਕ ਦੇ ਦਰਦ ਤੋਂ ਰਾਹਤ ਪਾਉਣ ਲਈ ਵਾਰਦਾਤ ਤੋਂ ਮਹਿਜ਼ 72 ਘੰਟੇ ਪਹਿਲਾਂ ਹੀ ਕੰਮ ‘ਤੇ ਰੱਖਿਆ ਸੀ। ਇਸ ਖ਼ੌਫ਼ਨਾਕ ਹੱਤਿਆਕਾਂਡ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਚਾਰ ਰਾਜਾਂ ਦੇ ਜੰਗਲਾਂ ਅਤੇ ਸ਼ਹਿਰਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ।

ਇਸ ਦੌਰਾਨ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਕਾਤਲ ਭੱਜਦੇ ਸਮੇਂ ਰਾਕੇਸ਼ ਅਗਰਵਾਲ ਦਾ ਜੋ ਮੋਬਾਈਲ ਫ਼ੋਨ ਆਪਣੇ ਨਾਲ ਲੁੱਟ ਕੇ ਲੈ ਗਿਆ ਸੀ, ਉਸ ਨੂੰ ਪੁਲਿਸ ਨੇ ਭੋਪਾਲ ਤੋਂ ਲਗਭਗ 524 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਬਰਾਮਦ ਕਰ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਹੱਤਿਆਕਾਂਡ ਵਿੱਚ 5 ਕਰੋੜ ਰੁਪਏ ਦੇ ਨਿਵੇਸ਼ ਦੇ ਨਾਂ ‘ਤੇ ਧੋਖਾਧੜੀ ਦਾ ਐਂਗਲ ਵੀ ਸਾਹਮਣੇ ਆ ਰਿਹਾ ਹੈ, ਪਰ ਫਿਲਹਾਲ ਭੋਪਾਲ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ।

ਇਹ ਵਾਰਦਾਤ 30 ਸਤੰਬਰ 2026 ਦੀ ਰਾਤ ਨੂੰ ਭੋਪਾਲ ਦੇ ਪੌਸ਼ ਇਲਾਕੇ ਸੂਰਜਨਗਰ ਵਿੱਚ ਸਥਿਤ ਰਾਕੇਸ਼ ਅਗਰਵਾਲ ਦੇ ਬੰਗਲੇ ਵਿੱਚ ਵਾਪਰੀ। 1982 ਬੈਚ ਦੇ ਰਿਟਾਇਰਡ IAS ਅਧਿਕਾਰੀ ਰਾਕੇਸ਼ ਅਗਰਵਾਲ ਰਾਤ ਨੂੰ ਜਦੋਂ ਆਪਣੇ ਕਮਰੇ ਵਿੱਚ ਸੌਂ ਰਹੇ ਸਨ, ਉਦੋਂ ਹੀ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਵਾਰਦਾਤ ਤੋਂ ਬਾਅਦ ਅਲਮਾਰੀਆਂ ਦੇ ਤਾਲੇ ਤੋੜ ਕੇ ਲੁੱਟ ਵੀ ਕੀਤੀ ਗਈ। ਕਾਤਲ ਨੇ ਹੱਤਿਆ ਦੇ ਸਬੂਤ ਮਿਟਾਉਣ ਲਈ ਰਸੋਈ ਵਿੱਚ ਰੱਖੇ ਐੱਲ.ਪੀ.ਜੀ. (LPG) ਸਿਲੰਡਰ ਦਾ ਪਾਈਪ ਕੱਢ ਦਿੱਤਾ ਅਤੇ ਨੇੜੇ ਹੀ ਗਰਮ ਇਲੈਕਟ੍ਰਿਕ ਪ੍ਰੈੱਸ ਚਾਲੂ ਛੱਡ ਦਿੱਤੀ, ਤਾਂ ਜੋ ਗੈਸ ਫੈਲਣ ਨਾਲ ਘਰ ਵਿੱਚ ਅੱਗ ਲੱਗ ਜਾਵੇ ਅਤੇ ਪੂਰਾ ਮਾਮਲਾ ਇੱਕ ਹਾਦਸਾ ਜਾਪੇ। ਅਗਲੀ ਸਵੇਰ ਲਗਭਗ 5:30 ਵਜੇ ਜਦੋਂ ਉਨ੍ਹਾਂ ਦੀ ਪਤਨੀ ਨਿਸ਼ੀ ਅਗਰਵਾਲ ਸਵੇਰ ਦੀ ਸੈਰ ਲਈ ਉੱਠੀ, ਤਾਂ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਮਿਲਿਆ।

ਇਸ ਤੋਂ ਬਾਅਦ ਘਰੇਲੂ ਮਦਦਗਾਰ ਦੀ ਸਹਾਇਤਾ ਨਾਲ ਗੇਟ ਖੋਲ੍ਹਿਆ ਗਿਆ, ਤਾਂ ਕਮਰੇ ਵਿੱਚ ਰਾਕੇਸ਼ ਅਗਰਵਾਲ ਦੀ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਿਟਾਇਰਡ IAS ਰਾਕੇਸ਼ ਅਗਰਵਾਲ ਕਾਫ਼ੀ ਸਮੇਂ ਤੋਂ ਸਲਿਪ ਡਿਸਕ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸਨ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ਲਗਾਤਾਰ ਫਿਜ਼ੀਓਥੈਰੇਪੀ ਅਤੇ ਮੈਡੀਕਲ ਕੇਅਰ ਦੀ ਲੋੜ ਰਹਿੰਦੀ ਸੀ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ 10 ਦਿਨਾਂ ਦੇ ਅੰਦਰ ਹੀ ਉਹ ਦੋ ਕੇਅਰਟੇਕਰ ਬਦਲ ਚੁੱਕੇ ਸਨ। ਉਨ੍ਹਾਂ ਦਾ ਪਹਿਲਾ ਕੇਅਰਟੇਕਰ ਮਹਿਜ਼ 4 ਦਿਨਾਂ ਵਿੱਚ ਹੀ ਕੰਮ ਛੱਡ ਕੇ ਚਲਾ ਗਿਆ ਸੀ ਅਤੇ ਦੂਜਾ ਕੇਅਰਟੇਕਰ ਵੀ ਸਿਰਫ਼ 3 ਦਿਨ ਹੀ ਟਿਕਿਆ ਸੀ। ਮੁਲਜ਼ਮ ਵਰੁਣ ਕੁਮਾਰ ਇਸ ਘਰ ਵਿੱਚ ਆਉਣ ਵਾਲਾ ਤੀਜਾ ਕੇਅਰਟੇਕਰ ਸੀ, ਜਿਸ ਨੂੰ ਪੰਜਾਬ ਦੇ ਪਟਿਆਲਾ ਦੀ ਇੱਕ ਪਲੇਸਮੈਂਟ ਏਜੰਸੀ ਰਾਹੀਂ ਕੰਮ ‘ਤੇ ਰੱਖਿਆ ਗਿਆ ਸੀ।

ਪੁਲਿਸ ਨੂੰ ਤਫ਼ਤੀਸ਼ ਦੌਰਾਨ ਮੁਲਜ਼ਮ ਵਰੁਣ ਕੁਮਾਰ ਬਾਰੇ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਵਰੁਣ ਕੁਮਾਰ ਨੇ ਪਿਛਲੇ ਸਾਲ 1 ਮਈ 2025 ਨੂੰ ਪੰਜਾਬ ਦੇ ਪਟਿਆਲਾ ਤੋਂ ਆਪਣਾ Police Character Certificate ਬਣਵਾਇਆ ਸੀ। ਇਸ ਜਾਣਕਾਰੀ ਦੇ ਮਿਲਦਿਆਂ ਹੀ ਭੋਪਾਲ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਪੰਜਾਬ ਦੇ ਪਟਿਆਲਾ ਵੀ ਪਹੁੰਚ ਚੁੱਕੀ ਹੈ। ਪੁਲਿਸ ਉੱਥੇ ਉਸ ਪਲੇਸਮੈਂਟ ਏਜੰਸੀ ਅਤੇ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਨੇ ਵਰੁਣ ਨੂੰ ਇਸ ਨੌਕਰੀ ਲਈ ਰੈਕਮੈਂਡ ਕੀਤਾ ਸੀ।

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਵਰੁਣ ਕੁਮਾਰ ਖ਼ੁਦ ਰਾਕੇਸ਼ ਅਗਰਵਾਲ ਦਾ ਹੀ ਮੋਬਾਈਲ ਫ਼ੋਨ ਜੇਬ ਵਿੱਚ ਪਾ ਕੇ ਭੱਜ ਗਿਆ ਸੀ। ਪੁਲਿਸ ਦੀ ਟੈਕਨੀਕਲ ਟੀਮ ਅਤੇ ਸਾਈਬਰ ਸੈੱਲ ਨੇ ਜਦੋਂ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਨੀ ਸ਼ੁਰੂ ਕੀਤੀ, ਤਾਂ ਪਤਾ ਲੱਗਿਆ ਕਿ ਕਾਤਲ ਭੋਪਾਲ ਤੋਂ ਭੱਜਣ ਤੋਂ ਬਾਅਦ ਸਭ ਤੋਂ ਪਹਿਲਾਂ ਬੀਨਾ ਰੇਲਵੇ ਸਟੇਸ਼ਨ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਟ੍ਰੇਨ ਫੜ ਕੇ ਆਗਰਾ ਵੱਲ ਰਵਾਨਾ ਹੋ ਗਿਆ। ਪੁਲਿਸ ਟੀਮਾਂ ਨੇ ਇਸੇ ਲੋਕੇਸ਼ਨ ਦੇ ਆਧਾਰ ‘ਤੇ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਰਾਕੇਸ਼ ਅਗਰਵਾਲ ਦਾ ਮੋਬਾਈਲ ਫ਼ੋਨ ਤਾਂ ਬਰਾਮਦ ਕਰ ਲਿਆ ਹੈ, ਪਰ ਮੁਲਜ਼ਮ ਵਰੁਣ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

 

Leave a Comment