Join WhatsApp

Join Now

ਸਾਂਝਾ ਪੰਜਾਬ ਮੋਰਚਾ ਵੱਲੋਂ ਕਨਵੈਨਸ਼ਨ ਕਰਕੇ ਸੂਬੇ ਦਾ ਰਾਜਨੀਤਿਕ ਮਾਹੌਲ ਬਦਲਣ ਦਾ ਸੱਦਾ

On: October 7, 2026 8:37 PM

 

ਸਾਂਝਾ ਪੰਜਾਬ ਮੋਰਚਾ ਵੱਲੋਂ ਕਨਵੈਨਸ਼ਨ ਕਰਕੇ ਸੂਬੇ ਦਾ ਰਾਜਨੀਤਿਕ ਮਾਹੌਲ ਬਦਲਣ ਦਾ ਸੱਦਾ

ਫਿਰੋਜ਼ਪੁਰ 5 ਅਕਤੂਬਰ 2026- ਪੰਜਾਬ ਦੇ ਸਾਂਝੇ ਮੁੱਦਿਆਂ ਨੂੰ ਲੈ ਕੇ ਸਾਂਝਾ ਪੰਜਾਬ ਮੋਰਚਾ ਵੱਲੋਂ ਪਿੰਡ ਆਲੇ ਵਾਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਪੰਜਾਬ ਨਾਲ ਸਬੰਧਤ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।

ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੇ ਅਧਿਕਾਰਾਂ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ, ਫਸਲਾਂ ਦੇ ਭਾਅ ਅਤੇ ਖਰੀਦ ਦੀ ਗਾਰੰਟੀ, ਨੌਜਵਾਨਾਂ ਲਈ ਰੁਜ਼ਗਾਰ, ਆਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ, ਦਲਿਤ ਮਜ਼ਦੂਰਾਂ ਦੇ ਜ਼ਮੀਨੀ ਹੱਕ, ਮੁਲਾਜ਼ਮਾਂ ਦੇ ਬਕਾਏ, ਨਰੇਗਾ ਅਤੇ ਮੁਫ਼ਤ ਮਿਆਰੀ ਸਿਹਤ ਤੇ ਸਿੱਖਿਆ ਸਮੇਤ ਕਈ ਮੁੱਦਿਆਂ ’ਤੇ ਸਾਂਝੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਵੱਖ-ਵੱਖ ਕਰਕੇ ਨਹੀਂ, ਸਗੋਂ ਸਾਂਝੇ ਤੌਰ ’ਤੇ ਉਠਾਉਣ ਦੀ ਲੋੜ ਹੈ। ਇਸ ਲਈ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਹੋਰ ਲੋਕਪੱਖੀ ਜਥੇਬੰਦੀਆਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਕੇ ਅੱਗੇ ਦੀ ਰਣਨੀਤੀ ਤਿਆਰ ਕਰਨ ’ਤੇ ਜ਼ੋਰ ਦਿੱਤਾ ਅਤੇ ਪੰਜਾਬ ਦਾ ਰਾਜਨੀਤਿਕ ਮਾਹੌਲ ਬਦਲਣ ਦਾ ਸੱਦਾ ਦਿੱਤਾ |

ਇਸ ਮੌਕੇ ਭਾਰਤ ਦੇ ਸੰਘੀ ਢਾਂਚੇ, ਪੰਜਾਬ ਦੇ ਅਧਿਕਾਰਾਂ, ਪਾਣੀਆਂ ਦੀ ਵੰਡ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ, MSP ਦੀ ਕਾਨੂੰਨੀ ਗਾਰੰਟੀ ਅਤੇ ਲੋਕਾਂ ਨੂੰ ਰੁਜ਼ਗਾਰ ਤੇ ਸਿਹਤ-ਸਿੱਖਿਆ ਦੀਆਂ ਸਹੂਲਤਾਂ ਦੇਣ ਵਰਗੇ ਮੁੱਦੇ ਵੀ ਵਿਚਾਰ ਅਧੀਨ ਰਹੇ। ਸਾਂਝਾ ਪੰਜਾਬ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਾਂਝੇ ਮੁੱਦਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਜਥੇਬੰਦੀਆਂ ਨਾਲ ਸੰਵਾਦ ਕੀਤਾ ਜਾਵੇਗਾ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਅਵਤਾਰ ਸਿੰਘ ਮਹਿਮਾਂ ਜੁਗਰਾਜ ਸਿੰਘ ਟੱਲੇਵਾਲ ਭਜਨ ਸਿੰਘ ਘੁੰਮਣ ਗੁਰਮੇਲ ਸਿੰਘ ਮਾਛੀਕੇ ਦਲਵਿੰਦਰ ਸਿੰਘ ਸ਼ੇਰਖਾ ਅਤੇ ਗੁਰਮੀਤ ਸਿੰਘ ਮਹਿਮਾਂ ਨੇ ਸੰਬੋਧਨ ਕੀਤਾ |

 

Leave a Comment