Join WhatsApp

Join Now

ਸਰੋਜ ਛੱਪੜੀਵਾਲ ਦੀ ਯੂਨੀਅਨ ਨੂੰ ਝਟਕਾ; 30 ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ‘ਸਰਵ ਯੂਨੀਅਨ’ ਵਿੱਚ ਹੋਏ ਸ਼ਾਮਲ

On: October 9, 2026 3:26 PM

 

ਸਰੋਜ ਛੱਪੜੀਵਾਲ ਦੀ ਯੂਨੀਅਨ ਨੂੰ ਝਟਕਾ; 30 ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ‘ਸਰਵ ਯੂਨੀਅਨ’ ਵਿੱਚ ਹੋਏ ਸ਼ਾਮਲ

ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਸਰਵ ਆਂਗਨਵਾੜੀ ਯੂਨੀਅਨ ਹੋਈ ਮਜ਼ਬੂਤ, ਨਵੇਂ ਮੈਂਬਰਾਂ ਦਾ ਹੋਇਆ ਨਿੱਘਾ ਸਵਾਗਤ

ਮੋਗਾ/ਚੰਡੀਗੜ੍ਹ, 9 ਅਕਤੂਬਰ 2026- ਪੰਜਾਬ ਵਿੱਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਪ੍ਰਮੁੱਖ ਜਥੇਬੰਦੀ ‘ਸਰਵ ਆਂਗਨਵਾੜੀ ਯੂਨੀਅਨ’ ਦਾ ਦਾਇਰਾ ਦਿਨ-ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਯੂਨੀਅਨ ਦੀਆਂ ਸਮਾਜਿਕ ਅਤੇ ਜਥੇਬੰਦਕ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਹੋਰਨਾਂ ਧਿਰਾਂ ਦੇ ਆਗੂ ਤੇ ਮੈਂਬਰ ਲਗਾਤਾਰ ਇਸ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਮੋਗਾ ਦੇ ਬਲਾਕ ਧਰਮਕੋਟ ਅਧੀਨ ਪੈਂਦੇ ਪਿੰਡ ਜਲਾਲਾਬਾਦ ਵਿੱਚ ਸਰਵ ਆਂਗਨਵਾੜੀ ਯੂਨੀਅਨ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਸਰੋਜ ਛੱਪੜੀਵਾਲ ਦੀ ਯੂਨੀਅਨ ਨੂੰ ਅਲਵਿਦਾ ਆਖ ਕੇ 30 ਆਂਗਨਵਾੜੀ ਮੈਂਬਰ ਸਰਵ ਯੂਨੀਅਨ ਵਿੱਚ ਸ਼ਾਮਲ ਹੋ ਗਏ।

ਇਹ ਪੂਰਾ ਪ੍ਰੋਗਰਾਮ ਸਰਵ ਆਂਗਨਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਕੌਰ ਖੋਸਾ ਦੀ ਕੁਸ਼ਲ ਅਗਵਾਈ ਹੇਠ ਨੇਪਰੇ ਚੜ੍ਹਿਆ। ਇਸ ਮੌਕੇ ਸਰਵ ਆਂਗਨਵਾੜੀ ਯੂਨੀਅਨ ਵਿੱਚ ਸ਼ਾਮਲ ਹੋਣ ਵਾਲੀਆਂ ਵਰਕਰਾਂ ਅਤੇ ਹੈਲਪਰਾਂ ਨੇ ਆਖਿਆ ਕਿ ਉਹ ਜਥੇਬੰਦੀ ਵੱਲੋਂ ਵਰਕਰਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਇਮਾਨਦਾਰਾਨਾ ਯਤਨਾਂ ਅਤੇ ਸੂਬਾ ਪ੍ਰਧਾਨ ਮੈਡਮ ਛੀਨਾ ਦੀ ਅਗਵਾਈ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਹਮੇਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪ੍ਰਮੁੱਖਤਾ ਨਾਲ ਚੁੱਕਿਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੇ ਦੂਜੀ ਯੂਨੀਅਨ ਛੱਡ ਕੇ ਸਰਵ ਆਂਗਨਵਾੜੀ ਯੂਨੀਅਨ ਦਾ ਪੱਲਾ ਫੜਨ ਦਾ ਫੈਸਲਾ ਕੀਤਾ ਹੈ।

ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਜਗਜੀਤ ਕੌਰ ਖੋਸਾ ਨੇ ਉਨ੍ਹਾਂ ਦਾ ਜਥੇਬੰਦੀ ਵਿੱਚ ਨਿੱਘਾ ਸਵਾਗਤ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਵਿੱਚ ਹਰ ਇੱਕ ਮੈਂਬਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਹਰ ਪ੍ਰਕਾਰ ਦੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਹਰ ਸਮੇਂ ਸੰਘਰਸ਼ ਕੀਤਾ ਜਾਵੇਗਾ। ਜਥੇਬੰਦਕ ਆਗੂਆਂ ਨੇ ਆਖਿਆ ਕਿ ਮਜ਼ਬੂਤ ਏਕਤਾ ਨਾਲ ਹੀ ਸਰਕਾਰਾਂ ਕੋਲੋਂ ਆਂਗਨਵਾੜੀ ਵਰਕਰਾਂ ਦੇ ਹੱਕ ਲਏ ਜਾ ਸਕਦੇ ਹਨ ਅਤੇ ਨਵੇਂ ਮੈਂਬਰਾਂ ਦੇ ਆਉਣ ਨਾਲ ਜਥੇਬੰਦੀ ਦੀ ਤਾਕਤ ਹੋਰ ਵਧੀ ਹੈ।

ਯੂਨੀਅਨ ਵਿੱਚ ਸ਼ਾਮਲ ਹੋਣ ਵਾਲੀਆਂ ‘ਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵਿੱਚ ਵੀਰਪਾਲ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ, ਅਮਰਦੀਪ ਕੌਰ, ਹਰਪ੍ਰੀਤ ਕੌਰ, ਸਵਰਨਜੀਤ ਕੌਰ, ਰਾਜਨਦੀਪ ਕੌਰ, ਰਣਜੀਤ ਕੌਰ, ਰੁਪਿੰਦਰ ਕੌਰ, ਨਵਨੀਤ ਕੌਰ, ਕਿਰਨਪ੍ਰੀਤ ਕੌਰ ਅਤੇ ਸਰਬਜੀਤ ਕੌਰ ਸਮੇਤ ਕੁੱਲ 30 ਆਂਗਨਵਾੜੀ ਮੈਂਬਰਾਂ ਦੇ ਨਾਂ ਸ਼ਾਮਲ ਹਨ। ਸ਼ਾਮਲ ਹੋਏ ਮੈਂਬਰਾਂ ਨੇ ਪ੍ਰਣ ਕੀਤਾ ਕਿ ਉਹ ਜਥੇਬੰਦੀ ਦੇ ਨਿਯਮਾਂ ‘ਤੇ ਚੱਲਦਿਆਂ ਆਂਗਨਵਾੜੀ ਵਰਕਰਾਂ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਜਥੇਬੰਦੀ ਵੱਲੋਂ ਉਲੀਕੇ ਗਏ ਹਰ ਪ੍ਰੋਗਰਾਮ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੌਰਾਨ ਸਮੁੱਚੀ ਜਥੇਬੰਦੀ ਦੇ ਆਗੂਆਂ ਨੇ ਮੈਡਮ ਛੀਨਾ ਦੀਆਂ ਨੀਤੀਆਂ ਅਤੇ ਜਥੇਬੰਦਕ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਹੋਰ ਵੀ ਕਈ ਸਥਾਨਕ ਆਗੂ ਅਤੇ ਆਂਗਨਵਾੜੀ ਵਰਕਰਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

Leave a Comment