Join WhatsApp

Join Now

Snake Bite News! ਸੱਪ ਦੇ ਡੱਸਣ ਨਾਲ 10 ਸਾਲਾ ਮਾਸੂਮ ਬੱਚੇ ਦੀ ਮੌਤ, ਨੇੜੇ ਹੀ ਮਰਿਆ ਮਿਲਿਆ ਸੱਪ

On: October 9, 2026 7:05 PM

 

Snake Bite News! ਸੱਪ ਦੇ ਡੱਸਣ ਨਾਲ 10 ਸਾਲਾ ਮਾਸੂਮ ਬੱਚੇ ਦੀ ਮੌਤ, ਨੇੜੇ ਹੀ ਮਰਿਆ ਮਿਲਿਆ ਸੱਪ

ਕਪੂਰਥਲਾ ‘ਚ ਦਰਦਨਾਕ ਹਾਦਸਾ: ਸਵੇਰੇ ਜਗਾਉਣ ਵੇਲੇ ਨਹੀਂ ਉੱਠਿਆ ਮਾਸੂਮ: ਬਿਸਤਰੇ ‘ਚ ਸੱਪ ਦੇ ਡੱਸਣ ਨਾਲ ਬੱਚੇ ਦੀ ਮੌਤ, ਸੱਪ ਵੀ ਮੌਕੇ ‘ਤੇ ਮਰਿਆ ਪਾਇਆ ਗਿਆ

ਕਪੂਰਥਲਾ/ਚੰਡੀਗੜ੍ਹ, 9 ਅਕਤੂਬਰ 2026- ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਕੋਲੀਆਂਵਾਲ ਤੋਂ ਇਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸੱਪ ਦੇ ਡੱਸਣ ਕਾਰਨ 10 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਹੈਰਾਨੀ ਅਤੇ ਦੁੱਖ ਦੀ ਗੱਲ ਇਹ ਰਹੀ ਕਿ ਬੱਚੇ ਨੂੰ ਡੱਸਣ ਵਾਲੇ ਸੱਪ ਦੀ ਵੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦੀ ਪਹਿਚਾਣ 10 ਸਾਲਾ ਰਿਤੇਸ਼ ਕੁਮਾਰ ਪੁੱਤਰ ਮੰਗਲ ਕੁਮਾਰ ਵਜੋਂ ਹੋਈ ਹੈ। ਇਹ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ, ਜੋ ਕਿ ਰੋਜ਼ੀ-ਰੋਟੀ ਦੀ ਭਾਲ ਵਿੱਚ ਪੰਜਾਬ ਆਇਆ ਹੋਇਆ ਸੀ ਅਤੇ ਹਾਲ ਹੀ ਵਿੱਚ ਪਿੰਡ ਕੋਲੀਆਂਵਾਲ ਵਿਖੇ ਰਹਿ ਰਿਹਾ ਸੀ। ਬੱਚੇ ਦੇ ਪਿਤਾ ਪ੍ਰਵਾਸੀ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਸਾਹਿਲ ਗਰਗ ਨੇ ਦੱਸਿਆ ਕਿ ਪਿੰਡ ਕੋਲੀਆਂਵਾਲ ਤੋਂ ਕੁੱਝ ਪ੍ਰਵਾਸੀ ਮਜ਼ਦੂਰ ਇਕ 10 ਸਾਲਾਂ ਦੇ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲੈ ਕੇ ਆਏ ਸਨ। ਡਾਕਟਰਾਂ ਦੀ ਟੀਮ ਵੱਲੋਂ ਤੁਰੰਤ ਬੱਚੇ ਦੀ ਡਾਕਟਰੀ ਜਾਂਚ ਕੀਤੀ ਗਈ, ਪਰ ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਬੱਚੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਸਵੇਰੇ ਆਪਣੇ 10 ਸਾਲਾਂ ਪੁੱਤਰ ਰਿਤੇਸ਼ ਨੂੰ ਉਠਾਉਣ ਲਈ ਗਏ ਤਾਂ ਉਹ ਨਹੀਂ ਉੱਠਿਆ। ਜਦੋਂ ਉਨ੍ਹਾਂ ਨੇ ਉਸ ਨੂੰ ਹਿਲਾਇਆ-ਜੁਲਾਇਆ ਤਾਂ ਉਹ ਬਿਲਕੁਲ ਬੇਹੋਸ਼ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਬਿਸਤਰੇ ਦੇ ਆਲੇ-ਦੁਆਲੇ ਧਿਆਨ ਨਾਲ ਦੇਖਿਆ ਤਾਂ ਬੱਚੇ ਦੇ ਨੇੜੇ ਹੀ ਇਕ ਸੱਪ ਮਰਿਆ ਪਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਸਮੇਂ ਸੌਂਦੇ ਹੋਏ ਸੱਪ ਨੇ ਬੱਚੇ ਨੂੰ ਡੱਸ ਲਿਆ, ਜਿਸ ਕਾਰਨ ਉਸ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਅਤੇ ਉਸ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਪਿੰਡ ਕੋਲੀਆਂਵਾਲ ਅਤੇ ਆਸ-ਪਾਸ ਦੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਅਤੇ ਮੌਸਮ ਦੀ ਤਬਦੀਲੀ ਕਾਰਨ ਜ਼ਹਿਰੀਲੇ ਜੀਵ-ਜੰਤੂ ਅਕਸਰ ਘਰਾਂ ਅਤੇ ਕੱਚੀਆਂ ਥਾਵਾਂ ‘ਚ ਵੜ ਜਾਂਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਇਲਾਕੇ ਵਿੱਚ ਜ਼ਹਿਰੀਲੇ ਜੀਵਾਂ ਤੋਂ ਬਚਾਅ ਲਈ ਛਿੜਕਾਅ ਕਰਵਾਇਆ ਜਾਵੇ। ਫਿਲਹਾਲ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

Leave a Comment