Join WhatsApp

Join Now

ਦਿੱਲੀ ਪੁਲਿਸ ਦਾ ਤਾਲਿਬਾਨੀ ਰਵੱਈਆ; CM ਮਾਨ ਨੇ ਕਿਹਾ- ਮੋਦੀ ਦੀ ਪੁਲਿਸ ਨੇ ਗੁਰੂ ਘਰ ਦੀ ਮਰਿਆਦਾ ਕੀਤੀ ਭੰਗ

On: October 11, 2026 12:52 PM

 

ਦਿੱਲੀ ਪੁਲਿਸ ਦਾ ਤਾਲਿਬਾਨੀ ਰਵੱਈਆ; CM ਮਾਨ ਨੇ ਕਿਹਾ- ਮੋਦੀ ਦੀ ਪੁਲਿਸ ਨੇ ਗੁਰੂ ਘਰ ਦੀ ਮਰਿਆਦਾ ਕੀਤੀ ਭੰਗ

“ਸਿੱਖ ਕੌਮ ਇਸ ਸ਼ਰਮਨਾਕ ਹਰਕਤ ਨੂੰ ਕਦੇ ਨਹੀਂ ਕਰੇਗੀ ਮੁਆਫ਼”- ਗੁਰੂ ਘਰ ਦੀ ਮਰਿਆਦਾ ਭੰਗ ਕਰਨ ‘ਤੇ ਭਗਵੰਤ ਮਾਨ ਦਾ ਬੀਜੇਪੀ ‘ਤੇ ਵੱਡਾ ਹਮਲਾ

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਘਟਨਾ: ਪ੍ਰਦਰਸ਼ਨਕਾਰੀਆਂ ਨੂੰ ਸ਼ਰਨ ਦੇਣਾ ਗੁਰੂ ਘਰ ਦਾ ਸਿਧਾਂਤ, ਪੁਲਿਸ ਦੀ ਧੱਕੇਸ਼ਾਹੀ ‘ਤੇ ਬੋਲੇ ਪੰਜਾਬ ਦੇ ਮੁੱਖ ਮੰਤਰੀ

ਚੰਡੀਗੜ੍ਹ / ਦਿੱਲੀ 11 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਧਾਨੀ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਿੱਲੀ ਪੁਲਿਸ ਵੱਲੋਂ ਜਬਰਨ ਦਾਖਲ ਹੋਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਅਤੇ ਬੀਜੇਪੀ ਅਧੀਨ ਆਉਂਦੀ ਦਿੱਲੀ ਪੁਲਿਸ ਦੇ ਇਸ ਰਵੱਈਏ ਨੂੰ “ਤਾਲਿਬਾਨੀ ਮਾਨਸਿਕਤਾ” ਕਰਾਰ ਦਿੰਦਿਆਂ ਆਖਿਆ ਹੈ ਕਿ ਸਿੱਖ ਕੌਮ ਗੁਰੂ ਘਰ ਦੀ ਮਰਿਆਦਾ ਨਾਲ ਹੋਈ ਇਸ ਸ਼ਰਮਨਾਕ ਖਿਲਵਾੜ ਲਈ ਬੀਜੇਪੀ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਦੇ ਦਰਬਾਰ ਹਮੇਸ਼ਾ ਜ਼ਰੂਰਤਮੰਦਾਂ, ਦੁਖੀਆਂ ਅਤੇ ਸ਼ਰਨਾਰਥੀਆਂ ਨੂੰ ਆਸਰਾ ਦੇਣ ਲਈ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਨੌਜਵਾਨ ਆਪਣੀ ਜਾਨ ਜਾਂ ਸੁਰੱਖਿਆ ਲਈ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਸਨ, ਤਾਂ ਇਹ ਗੁਰੂ ਘਰ ਦੇ ਸਿਧਾਂਤਾਂ ਅਨੁਸਾਰ ਬਿਲਕੁਲ ਜਾਇਜ਼ ਸੀ ਕਿ ਉੱਥੋਂ ਦੇ ਸੇਵਾਦਾਰ ਉਨ੍ਹਾਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ। ਗੁਰੂ ਘਰ ਦਾ ਦਰਵਾਜ਼ਾ ਹਰ ਉਸ ਵਿਅਕਤੀ ਲਈ ਖੁੱਲ੍ਹਾ ਹੈ ਜੋ ਮੁਸੀਬਤ ਵਿੱਚ ਉੱਥੇ ਆਉਂਦਾ ਹੈ।

ਮੁੱਖ ਮੰਤਰੀ ਨੇ ਦਿੱਲੀ ਪੁਲਿਸ ਦੀ ਕਾਰਵਾਈ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੁਲਿਸ ਮੁਲਾਜ਼ਮ ਨੰਗੇ ਸਿਰ ਅਤੇ ਪੈਰਾਂ ਵਿੱਚ ਬੂਟ ਪਾ ਕੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਪਰਿਸਰ ਵਿੱਚ ਦਾਖਲ ਹੋਏ। ਅਜਿਹਾ ਕਰਕੇ ਉਨ੍ਹਾਂ ਨੇ ਗੁਰੂ ਘਰ ਦੀਆਂ ਉੱਚੀਆਂ-ਸੁੱਚੀਆਂ ਮਰਿਆਦਾਵਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਸ਼ਰੇਆਮ ਰੋਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਬੇਅਦਬੀ ਅਤੇ ਤਾਲਿਬਾਨੀ ਰਵੱਈਆ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਅੱਗੇ ਆਖਿਆ ਕਿ ਸਿੱਖ ਸੰਗਤ ਅਤੇ ਸਮੁੱਚੀ ਭਾਈਚਾਰਕ ਸਾਂਝ ਨੂੰ ਇਸ ਘਟਨਾ ਨਾਲ ਭਾਰੀ ਠੇਸ ਪਹੁੰਚੀ ਹੈ। ਜਿਸ ਤਰੀਕੇ ਨਾਲ ਪੁਲਿਸ ਨੇ ਧਾਰਮਿਕ ਅਸਥਾਨ ਦੀ ਪਵਿੱਤਰਤਾ ਦਾ ਅਨਾਦਰ ਕੀਤਾ ਹੈ, ਉਸ ਨਾਲ ਕੇਂਦਰ ਸਰਕਾਰ ਦਾ ਅਹੰਕਾਰੀ ਚਿਹਰਾ ਨੰਗਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਸਿੱਖ ਸਮਾਜ ਅਤੇ ਦੇਸ਼ ਦੇ ਇਨਸਾਫ਼ ਪਸੰਦ ਲੋਕ ਬੀਜੇਪੀ ਅਤੇ ਉਸ ਦੀ ਪੁਲਿਸ ਦੀ ਇਸ ਨਿੰਦਣਯੋਗ ਹਰਕਤ ਨੂੰ ਕਦੇ ਭੁੱਲਣਗੇ ਨਹੀਂ ਅਤੇ ਨਾ ਹੀ ਇਸ ਲਈ ਉਨ੍ਹਾਂ ਨੂੰ ਮੁਆਫ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਦਿੱਲੀ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਦੋਂ ਪ੍ਰਦਰਸ਼ਨਕਾਰੀ ਆਪਣੀ ਸੁਰੱਖਿਆ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਗੁਰਦੁਆਰਾ ਪਰਿਸਰ ਵਿੱਚ ਦਾਖਲ ਹੋ ਕੇ ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਵੱਖ-ਵੱਖ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਵੱਲੋਂ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।

 

Leave a Comment