Join WhatsApp

Join Now

Chandigarh News: ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਰਾਹੀਂ ਚੇਤਨਾ, ਮਨੁੱਖੀ ਮੁੱਲਾਂ ਅਤੇ ਰਾਸ਼ਟਰ ਨਿਰਮਾਣ ’ਤੇ ਵਿਚਾਰ-ਚਰਚਾ

On: October 13, 2026 8:54 AM

 

ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਰਾਹੀਂ ਚੇਤਨਾ, ਮਨੁੱਖੀ ਮੁੱਲਾਂ ਅਤੇ ਰਾਸ਼ਟਰ ਨਿਰਮਾਣ ’ਤੇ ਵਿਚਾਰ-ਚਰਚਾ

ਪੰਜਾਬ ਨੈੱਟਵਰਕ, ਚੰਡੀਗੜ੍ਹ: ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਬਾਬਾ ਫਤਹਿ ਸਿੰਘ ਸਟੱਡੀ ਸਰਕਲ ਵੱਲੋਂ ਸਾਂਝੇ ਤੌਰ ’ਤੇ “ਸਵਾਮੀ ਵਿਵੇਕਾਨੰਦ ਅਤੇ ਚੇਤਨਾ” ਵਿਸ਼ੇ ’ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ।

ਵਿਭਾਗ ਦੀ ਅਕਾਦਮਿਕ ਇੰਚਾਰਜ ਡਾ. ਪਰਮਜੀਤ ਕੌਰ ਸਿੱਧੂ ਨੇ ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਨਿਖਿਲ ਯਾਦਵ ਅਤੇ ਸਮੂਹ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇ ਦੀ ਮਹੱਤਤਾ ਅਤੇ ਪ੍ਰਸੰਗਿਕਤਾ ਉੱਪਰ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉੱਚੀ ਚੇਤਨਾ, ਸਾਰਥਕ ਸੋਚ ਅਤੇ ਨੈਤਿਕ ਕਦਰਾਂ-ਕੀਮਤਾਂ ਕਿਸੇ ਵੀ ਸਿਹਤਮੰਦ ਤੇ ਆਦਰਸ਼ ਸਮਾਜ ਦੀ ਉਸਾਰੀ ਦੇ ਮੂਲ ਆਧਾਰ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਵਾਮੀ ਵਿਵੇਕਾਨੰਦ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ, ਅਧਿਆਤਮਕ ਦ੍ਰਿਸ਼ਟੀਕੋਣ ਅਤੇ ਮਨੁੱਖਤਾਵਾਦੀ ਸੰਦੇਸ਼ ਰਾਹੀਂ ਭਾਰਤੀ ਸਮਾਜ ਦੀ ਚੇਤਨਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਆਤਮ-ਵਿਸ਼ਵਾਸ, ਸਵੈ-ਮਾਣ ਤੇ ਰਾਸ਼ਟਰ ਨਿਰਮਾਣ ਦੇ ਮਾਰਗ ’ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਵਿਵੇਕਾਨੰਦ ਕੇਂਦਰ, ਉੱਤਰ ਪ੍ਰਾਂਤ ਦੇ ਡਿਪਟੀ ਹੈੱਡ ਡਾ. ਨਿਖਿਲ ਯਾਦਵ ਮੁੱਖ ਵਕਤ ਵਜੋਂ ਸ਼ਾਮਿਲ ਹੋਏ ਜਿਹਨਾਂ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ, ਚੇਤਨਾ, ਮਨੁੱਖੀ ਮੁੱਲਾਂ ਅਤੇ ਸਮਕਾਲੀ ਸਮਾਜ ਵਿੱਚ ਉਨ੍ਹਾਂ ਦੀ ਪ੍ਰਸੰਗਿਕਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਦਰਸ਼ ਪੁਰਸ਼ ਵਜੋਂ ਦੇਖਿਆ। ਡਾ. ਨਿਖਿਲ ਯਾਦਵ ਨੇ ਸਵਾਮੀ ਵਿਵੇਕਾਨੰਦ ਦੀ ਪੰਜਾਬ ਫੇਰੀ ਅਤੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਉਨ੍ਹਾਂ ਦੇ ਵਿਚਾਰਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਨੇ ਵੀ ਆਪਣੇ ਇੱਕ ਲੇਖ ਵਿੱਚ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਦਾ ਜ਼ਿਕਰ ਕੀਤਾ ਹੈ।

ਇਸ ਸਮਾਗਮ ਵਿੱਚ ਸੰਸਕ੍ਰਿਤ ਵਿਭਾਗ ਤੋਂ ਤੋਮੀਰ ਸ਼ਰਮਾ, ਸਵਾਮੀ ਵਿਵੇਕਾਨੰਦ ਕੇਂਦਰ, ਪੰਚਕੂਲਾ ਤੋਂ ਰਾਜੇਸ਼ ਮੌਦਗਿੱਲ ਅਤੇ ਬਾਬਾ ਫਤਹਿ ਸਿੰਘ ਸਟੱਡੀ ਸਰਕਲ ਦੇ ਸੰਸਥਾਪਕ ਨਿਰਦੇਸ਼ਕ ਕੇ. ਪੁਸ਼ਪਿੰਦਰ ਸਿੰਘ, ਕਨਵੀਨਰ ਡਾ. ਪਰਮਵੀਰ ਸਿੰਘ ਅਤੇ ਸਹਿ-ਕਨਵੀਨਰ ਕਰਨ ਕੁਮਾਰ ਸਾਮਾ ਸਮੇਤ ਕਾਫੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਮੁੱਖ ਬੁਲਾਰੇ ਡਾ. ਨਿਖਿਲ ਯਾਦਵ ਨੂੰ ਪੁਸਤਕ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

 

Leave a Comment