ਅਕਾਲੀ ਦਲ ਵੱਲੋਂ ਵੱਡੇ ਪੱਧਰ ‘ਤੇ ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
ਅਕਾਲੀ ਦਲ ਨੇ ਟਕਸਾਲੀ ਅਤੇ ਸੀਨੀਅਰ ਲੀਡਰਾਂ ਦਾ ਵਧਾਇਆ ਮਾਣ: ਅਜਨਾਲਾ ਤੋਂ PAC ਮੈਂਬਰਾਂ ਅਤੇ ਕੌਮੀ ਮੀਤ ਪ੍ਰਧਾਨ ਦਾ ਐਲਾਨ- ਜੋਧ ਸਿੰਘ ਸਮਰਾ ਵੱਲੋਂ ਨਵ-ਨਿਯੁਕਤ ਅਕਾਲੀ ਆਗੂਆਂ ਦਾ ਵਿਸ਼ੇਸ਼ ਸਨਮਾਨ; ਕਿਹਾ- ਪਾਰਟੀ ਮਜ਼ਬੂਤ ਕਰਨ ‘ਚ ਮਿਲੇਗਾ ਵੱਡਾ ਬਲ
ਪੰਜਾਬ ਨੈੱਟਵਰਕ, ਅਜਨਾਲਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪੰਜਾਬ ਭਰ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਜਥੇਬੰਦੀ ਵਿੱਚ ਨਵੀਂ ਰੂਹ ਫੂਕਣ ਲਈ ਵੱਡੇ ਪੱਧਰ ‘ਤੇ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪਾਰਟੀ ਦੀਆਂ ਨੀਤੀਆਂ ਅਤੇ ਪੁਰਾਣੇ ਤੇ ਸੀਨੀਅਰ ਆਗੂਆਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਹਲਕਾ ਅਜਨਾਲਾ ਦੇ ਪ੍ਰਮੁੱਖ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਅਹਿਮ ਜਾਣਕਾਰੀ ਦਿੰਦਿਆਂ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਨੇ ਦੱਸਿਆ ਕਿ ਪਾਰਟੀ ਲਈ ਹਮੇਸ਼ਾ ਡਟ ਕੇ ਪਹਿਰਾ ਦੇਣ ਵਾਲੇ ਟਕਸਾਲੀ ਆਗੂ ਨੰਬਰਦਾਰ ਸੁਰਜੀਤ ਸਿੰਘ ਗ੍ਰੰਥਗੜ੍ਹ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਮਨਜੀਤ ਸਿੰਘ ਨਿੱਝਰ ਅਤੇ ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਗੁੱਝਾਪੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (PAC – Political Affairs Committee) ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਪਾਰਟੀ ਲਈ ਨਿਰੰਤਰ ਕਾਰਜਸ਼ੀਲ ਰਹੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਵਚੰਦ ਸਿੰਘ ਹਰੜ੍ਹ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਥਾਪਿਆ ਗਿਆ ਹੈ। ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਵਫ਼ਾਦਾਰ, ਟਕਸਾਲੀ ਅਤੇ ਸੀਨੀਅਰ ਵਰਕਰਾਂ ਤੇ ਆਗੂਆਂ ਦਾ ਸਤਿਕਾਰ ਕਰਦਾ ਆਇਆ ਹੈ।
ਉਨ੍ਹਾਂ ਨੇ ਲੰਮੇ ਸਮੇਂ ਤੋਂ ਬਿਨਾਂ ਕਿਸੇ ਸਵਾਰਥ ਦੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਇਹ ਨਿਯੁਕਤੀਆਂ ਇਨ੍ਹਾਂ ਆਗੂਆਂ ਦੇ ਵਿਸ਼ਾਲ ਤਜਰਬੇ ਅਤੇ ਅਣਥੱਕ ਸੇਵਾਵਾਂ ਦਾ ਨਤੀਜਾ ਹਨ। ਸਮਰਾ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਤਜਰਬੇਕਾਰ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਨਾਲ ਹਲਕਾ ਅਜਨਾਲਾ ਦੇ ਨਾਲ-ਨਾਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਪਾਰਟੀ ਗਤੀਵਿਧੀਆਂ ਨੂੰ ਨਵਾਂ ਬਲ ਅਤੇ ਹੁਲਾਰਾ ਮਿਲੇਗਾ। ਇਸ ਨਾਲ ਅਕਾਲੀ ਦਲ ਦਾ ਦਾਇਰਾ ਹੋਰ ਵੱਡਾ ਹੋਵੇਗਾ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਦੇਖਣ ਨੂੰ ਮਿਲੇਗਾ।
ਇਸ ਖ਼ਾਸ ਮੌਕੇ ‘ਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵੱਲੋਂ ਨਵ-ਨਿਯੁਕਤ PAC ਮੈਂਬਰਾਂ ਅਤੇ ਕੌਮੀ ਮੀਤ ਪ੍ਰਧਾਨ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ‘ਸਿਰੋਪਾਓ’ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਸਮਰਾ ਨੇ ਖੇਤਰ ਦੇ ਸਮੁੱਚੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਦੂਜੇ ਪਾਸੇ ਨਵ-ਨਿਯੁਕਤ ਪੀ.ਏ.ਸੀ. ਕਮੇਟੀ ਮੈਂਬਰਾਂ ਨੰਬਰਦਾਰ ਸੁਰਜੀਤ ਸਿੰਘ ਗ੍ਰੰਥਗੜ੍ਹ, ਐਡਵੋਕੇਟ ਮਨਜੀਤ ਸਿੰਘ ਨਿੱਝਰ, ਰੁਪਿੰਦਰ ਸਿੰਘ ਰੂਬੀ ਗੁੱਝਾਪੀਰ ਅਤੇ ਕੌਮੀ ਮੀਤ ਪ੍ਰਧਾਨ ਨਵਚੰਦ ਸਿੰਘ ਹਰੜ੍ਹ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਸਮੇਤ ਸਮੁੱਚੀ ਅਕਾਲੀ ਦਲ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਮਾਣ ਅਤੇ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ, ਨਿਸ਼ਠਾ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ ਅਤੇ ਹਲਕੇ ਵਿੱਚ ਪਾਰਟੀ ਦਾ ਝੰਡਾ ਬੁਲੰਦ ਰੱਖਣ ਲਈ ਦਿਨ-ਰਾਤ ਇੱਕ ਕਰ ਦੇਣਗੇ।
















