Join WhatsApp

Join Now

Heavy rain in Punjab! ਪੰਜਾਬ ‘ਚ ਭਾਰੀ ਮੀਂਹ!

On: October 24, 2026 6:38 PM

 

ਕੁਦਰਤ ਦਾ ਕਹਿਰ: ਤੇਜ਼ ਹਨੇਰੀ ਨਾਲ ਭਾਰੀ ਗੜੇਮਾਰੀ ਅਤੇ ਮੀਂਹ, ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ- ਜਲੰਧਰ ਦੇ ਲੋਹੀਆਂ ਖਾਸ ਅਤੇ ਬਰਨਾਲਾ ਦੇ ਤਪਾ ‘ਚ ਬਦਲਿਆ ਮੌਸਮ ਦਾ ਮਿਜ਼ਾਜ: ਮੰਡੀਆਂ ਅਤੇ ਖੇਤਾਂ ‘ਚ ਰੁਲ਼ੀ ਝੋਨੇ ਦੀ ਫ਼ਸਲ, ਕਿਸਾਨ ਚਿੰਤਾ ‘ਚ

ਅਚਾਨਕ ਆਏ ਝੱਖੜ ਅਤੇ ਗੜੇਮਾਰੀ ਨੇ ਮਚਾਈ ਤਬਾਹੀ, ਕਿਸਾਨਾਂ ਦੀਆਂ ਸਬਜ਼ੀਆਂ ਤੇ ਹਰੇ ਚਾਰੇ ‘ਤੇ ਫਿਰਿਆ ਪਾਣੀ- ਮੰਡੀਆਂ ‘ਚ ਅੰਨਦਾਤਾ ‘ਤੇ ਟੁੱਟਿਆ ਆਫ਼ਤ ਦਾ ਪਹਾੜ: ਗੜੇਮਾਰੀ ਨਾਲ ਝੋਨਾ, ਸਬਜ਼ੀਆਂ ਅਤੇ ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ

ਜਲੰਧਰ/ਬਰਨਾਲਾ, 24 ਅਕਤੂਬਰ 2026 – ਪੰਜਾਬ ਦੇ ਜਲੰਧਰ ਅਤੇ ਬਰਨਾਲਾ ਵਿੱਚ ਅੱਜ ਭਾਰੀ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ, ਜਲੰਧਰ ਦੇ ਲੋਹੀਆਂ ਖਾਸ ਅਤੇ ਬਰਨਾਲਾ ਦੇ ਤਪਾ ਵਿੱਚ ਭਾਰੀ ਮੀਂਹ ਦੇ ਕਾਰਨ ਜਿੱਥੇ ਫਸਲਾਂ ਤਬਾਹ ਹੋ ਗਈਆਂ ਹਨ, ਉੱਥੇ ਹੀ ਖ਼ਬਰ ਲੋਹੀਆਂ ਤੋਂ ਹੈ ਕਿ ਉੱਥੇ ਗੜੇਮਾਰੀ ਦੇ ਕਾਰਨ ਝੋਨੇ ਦੀ ਪੱਕੀ ਫਸਲ ਬਰਬਾਦ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ, ਅੱਜ ਸ਼ਾਮ ਲੋਹੀਆਂ ਖਾਸ ਅਤੇ ਬਰਨਾਲਾ ਦੇ ਤਪਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਨੇ ਅਚਾਨਕ ਅਜਿਹਾ ਰੂਪ ਧਾਰਨ ਕੀਤਾ ਕਿ ਸਥਾਨਕ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਦੇ ਹੋਸ਼ ਉੱਡ ਗਏ। ਦੁਪਹਿਰ ਤੋਂ ਬਾਅਦ ਸ਼ਾਮ ਲਗਭਗ 3 ਵਜੇ ਅਚਾਨਕ ਤੇਜ਼ ਹਨੇਰੀ ਚੱਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸ਼ਾਮ ਸਵਾ 5 ਵਜੇ ਦੇ ਕਰੀਬ ਆਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਤੇਜ਼ ਹਨੇਰੀ-ਝੱਖੜ ਦੇ ਨਾਲ-ਨਾਲ ਭਾਰੀ ਗੜੇਮਾਰੀ ਅਤੇ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ।

ਇਸ ਅਚਾਨਕ ਆਈ ਟੈਕਵੀਂ ਆਫ਼ਤ ਨੇ ਇਲਾਕੇ ਵਿੱਚ ਵੱਡੇ ਪੱਧਰ ‘ਤੇ ਤਬਾਹੀ ਮਚਾਈ ਹੈ। ਖ਼ਰੀਫ਼ ਦੇ ਇਸ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਪੂਰੇ ਜ਼ੋਰਾਂ ‘ਤੇ ਹੈ। ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਹਜ਼ਾਰਾਂ ਕੁਇੰਟਲ ਝੋਨੇ ਦੀ ਫ਼ਸਲ ਵਿਕਣ ਲਈ ਅਤੇ ਸੁਕਾਉਣ ਲਈ ਖੁੱਲ੍ਹੇ ਆਸਮਾਨ ਹੇਠ ਪਈ ਸੀ।

ਅਚਾਨਕ ਆਈ ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਮੰਡੀਆਂ ਵਿੱਚ ਪਈ ਫ਼ਸਲ ਬੁਰੀ ਤਰ੍ਹਾਂ ਭਿੱਜ ਗਈ। ਕਈ ਥਾਵਾਂ ‘ਤੇ ਝੋਨੇ ਦੇ ਢੇਰ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਤਿਰਪਾਲਾਂ ਦੇ ਪ੍ਰਬੰਧ ਹੋਣ ਦੇ ਬਾਵਜੂਦ ਤੇਜ਼ ਝੱਖੜ ਕਾਰਨ ਤਿਰਪਾਲਾਂ ਉੱਡ ਗਈਆਂ ਅਤੇ ਫ਼ਸਲ ਨੂੰ ਭਿੱਜਣ ਤੋਂ ਨਹੀਂ ਬਚਾਇਆ ਜਾ ਸਕਿਆ।

ਖੇਤਾਂ ਵਿੱਚ ਖੜ੍ਹੀ ਫ਼ਸਲ ਅਤੇ ਸਬਜ਼ੀਆਂ ਤਬਾਹ

ਸਿਰਫ਼ ਮੰਡੀਆਂ ਹੀ ਨਹੀਂ, ਸਗੋਂ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪੱਕੀ ਫ਼ਸਲ ਉੱਤੇ ਵੀ ਇਸ ਗੜੇਮਾਰੀ ਨੇ ਭਾਰੀ ਮਾਰ ਮਾਰੀ ਹੈ। ਗੜੇਮਾਰੀ ਕਾਰਨ ਖੇਤਾਂ ਵਿੱਚ ਖੜ੍ਹੀ ਫ਼ਸਲ ਦੇ ਸਿੱਟਿਆਂ ਵਿੱਚੋਂ ਝੋਨੇ ਦੇ ਦਾਣੇ ਝੜ ਕੇ ਜ਼ਮੀਨ ‘ਤੇ ਡਿੱਗ ਗਏ ਹਨ, ਜਿਸ ਨਾਲ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਅਜਾਈਂ ਚਲੀ ਗਈ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਨੇ ਹਾਲ ਹੀ ਵਿੱਚ ਅਗੇਤੀਆਂ ਆਲੂ, ਮਟਰ, ਗੋਭੀ ਅਤੇ ਹੋਰ ਨਵੀਆਂ ਸਬਜ਼ੀਆਂ ਦੀ ਬੀਜਾਈ ਕੀਤੀ ਸੀ, ਉਨ੍ਹਾਂ ਦੀਆਂ ਫ਼ਸਲਾਂ ਗੜੇਮਾਰੀ ਕਾਰਨ ਜ਼ਮੀਨ ਵਿੱਚ ਹੀ ਨਸ਼ਟ ਹੋ ਗਈਆਂ ਹਨ। ਪਸ਼ੂਆਂ ਦੇ ਹਰੇ ਚਾਰੇ ਨੂੰ ਵੀ ਇਸ ਝੱਖੜ ਅਤੇ ਗੜਿਆਂ ਨੇ ਬੁਰੀ ਤਰ੍ਹਾਂ ਨੁਕਸਾਨਿਆ ਹੈ।

ਅਚਾਨਕ ਹੋਈ ਇਸ ਕੁਦਰਤੀ ਆਫ਼ਤ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਵਿੱਚ ਗਹਿਰੀ ਚਿੰਤਾ ਦੀ ਲਹਿਰ ਦੌੜ ਗਈ ਹੈ। ਮਿਹਨਤ ਨਾਲ ਪਾਲੀ ਫ਼ਸਲ ਦੇ ਅੱਖਾਂ ਸਾਹਮਣੇ ਤਬਾਹ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਮਾਯੂਸੀ ਛਾ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਮੰਡੀਆਂ ਵਿੱਚੋਂ ਭਿੱਜੀ ਫ਼ਸਲ ਨੂੰ ਚੁੱਕਣ ਲਈ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।

 

Leave a Comment