ਭਗਵੰਤ ਮਾਨ ਸਰਕਾਰ ਵਿਰੁੱਧ ਮੁਲਾਜ਼ਮਾਂ ਨੇ ਕੀਤਾ ਵੱਡਾ ਐਲਾਨ! ‘ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵੇਖ ਕੇ ਹੀ ਲਿਆ ਜਾਵੇਗਾ ਫੈਸਲਾ, ਕਿਸੇ ਧਿਰ ਦਾ ਨਹੀਂ ਕਰਾਂਗੇ ਅੰਨ੍ਹਾ ਸਮਰਥਨ’
ਅੰਬਾਲਾ ਤੋਂ ਅੰਮ੍ਰਿਤਸਰ ਤੱਕ ਬਣੇਗੀ 220 ਕਿਲੋਮੀਟਰ ਲੰਬੀ ਮਨੁੱਖੀ ਲੜੀ; ਚੰਡੀਗੜ੍ਹ ‘ਚ ਲੱਗੇਗਾ ਪੱਕਾ ਮੋਰਚਾ- ਵਿਧਾਇਕਾਂ ਦੇ ਫੂਕੇ ਜਾਣਗੇ ਪੁਤਲੇ, 6 ਦਸੰਬਰ ਨੂੰ ਬੁੱਢੇ ਨਾਲੇ ‘ਚ ਬਹਾਉਣਗੇ ਰਾਖ
ਚੰਡੀਗੜ੍ਹ/ ਲੁਧਿਆਣਾ, 24 ਅਕਤੂਬਰ 2026: ਡੀ.ਏ. (DA) ਵਿੱਚ ਵਾਧੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਰੋਸ ਦਾ ਸਾਹਮਣਾ ਕਰ ਰਹੇ ਸਰਕਾਰੀ ਕਰਮਚਾਰੀਆਂ ਨੇ ਹੁਣ ਆਰ-ਪਾਰ ਦੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਅੱਕ ਕੇ ਇੱਕ ਵਿਸ਼ਾਲ ਅਤੇ ਤਿੱਖੇ ਅੰਦੋਲਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣ ਤੋਂ ਲੈ ਕੇ ਅੰਬਾਲਾ ਤੋਂ ਅੰਮ੍ਰਿਤਸਰ ਤੱਕ ਸੈਂਕੜੇ ਕਿਲੋਮੀਟਰ ਲੰਬੀ ਮਨੁੱਖੀ ਲੜੀ (Human Chain) ਬਣਾਉਣਾ ਸ਼ਾਮਲ ਹੈ।
ਲੁਧਿਆਣਾ ਵਿਖੇ ਅਹਿਮ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਗੁਰਚਰਨ ਸਿੰਘ ਵਿਰਕ ਅਤੇ ਸਤੀਸ਼ ਰਾਣਾ ਨੇ ਸੰਘਰਸ਼ ਦੀ ਪੂਰੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਾਂਝੀ ਤਾਲਮੇਲ ਕਮੇਟੀ, ਸਾਂਝਾ ਮੁਲਾਜ਼ਮ ਮੰਚ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦੀ ਇੱਕ ਲੰਮੀ ਵੀਚਾਰ-ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਇਹ ਤਿੱਖਾ ਫੈਸਲਾ ਲਿਆ ਗਿਆ ਹੈ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਨੂੰ ਦਿਨੇ ਤਾਰੇ ਵਿਖਾਉਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। 29 ਅਤੇ 30 ਅਕਤੂਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਪੱਧਰ ‘ਤੇ ਮੁਲਾਜ਼ਮ ਜਥੇਬੰਦੀਆਂ ਦੀਆਂ ਅਹਿਮ ਬੈਠਕਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਆਗਾਮੀ ਪ੍ਰਦਰਸ਼ਨਾਂ ਦੀ ਤਿਆਰੀ ਉੱਤੇ ਚਰਚਾ ਹੋਵੇਗੀ। 4 ਨਵੰਬਰ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਪੱਤਰਕਾਰ ਸੰਮੇਲਨ ਕੀਤਾ ਜਾਵੇਗਾ, ਜਿਸ ਦੌਰਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਕਈ ਵੱਡੇ ਐਲਾਨ ਕੀਤੇ ਜਾਣਗੇ। 13 ਤੋਂ 19 ਨਵੰਬਰ ਨੂੰ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਚੰਡੀਗੜ੍ਹ ਦੇ ਸੈਕਟਰ 34 ਵਿਖੇ ਇਕੱਠੇ ਹੋ ਕੇ 7 ਦਿਨਾਂ ਦਾ ਲਗਾਤਾਰ ਪੱਕਾ ਮੋਰਚਾ ਲਗਾਉਣਗੇ।
ਆਗੂਆਂ ਨੇ ਕਿਹਾ ਕਿ, 1 ਤੋਂ 5 ਦਸੰਬਰ ਨੂੰ ਸੂਬੇ ਭਰ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਪੁਤਲੇ ਫੂਕੇ ਜਾਣਗੇ। 6 ਦਸੰਬਰ ਨੂੰ ਇੱਕ ਵੱਖਰੇ ਅਤੇ ਅਨੋਖੇ ਪ੍ਰਦਰਸ਼ਨ ਤਹਿਤ ਵਿਧਾਇਕਾਂ ਦੇ ਫੂਕੇ ਗਏ ਪੁਤਲਿਆਂ ਦੀ ਰਾਖ ਨੂੰ ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਬਹਾਇਆ ਜਾਵੇਗਾ। 13 ਦਸੰਬਰ (ਇਤਿਹਾਸਕ ਮਨੁੱਖੀ ਲੜੀ) ਨੂੰ ਮੁਲਾਜ਼ਮ ਅੰਦੋਲਨ ਦੇ ਸਭ ਤੋਂ ਵੱਡੇ ਕਦਮ ਵਜੋਂ 13 ਦਸੰਬਰ ਨੂੰ ਅੰਬਾਲਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਰੀਬ 220 ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ ਜਾਵੇਗੀ। ਦਾਅਵਾ ਕੀਤਾ ਗਿਆ ਹੈ ਕਿ ਇਸ ਵਿਸ਼ਾਲ ਮਨੁੱਖੀ ਲੜੀ ਵਿੱਚ ਸੂਬੇ ਦੇ ਲਗਭਗ ਡੇਢ ਲੱਖ ਕਰਮਚਾਰੀ ਹਿੱਸਾ ਲੈਣਗੇ।
ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਸਿਆਸੀ ਧਿਰ ਦੇ ਸਮਰਥਨ ਬਾਰੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਮੁਲਾਜ਼ਮ ਆਗੂਆਂ ਨੇ ਬਿਲਕੁਲ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸੰਗਠਨ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੱਖ ਨਹੀਂ ਪੂਰਦਾ। ਉਨ੍ਹਾਂ ਕਿਹਾ, “ਅਸੀਂ ਕਿਸੇ ਸਿਆਸੀ ਜਥੇਬੰਦੀ ਦੀਆਂ ਜੇਬਾਂ ਵਿੱਚ ਨਹੀਂ ਹਾਂ। ਚੋਣਾਂ ਵੇਲੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਦਾ ‘ਚੋਣ ਮਨੋਰਥ ਪੱਤਰ’ ਵੇਖਾਂਗੇ ਅਤੇ ਜੋ ਪਾਰਟੀ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਹੱਕਾਂ ਪ੍ਰਤੀ ਗੰਭੀਰ ਹੋਵੇਗੀ, ਉਸੇ ਅਨੁਸਾਰ ਆਉਣ ਵਾਲਾ ਫੈਸਲਾ ਲਿਆ ਜਾਵੇਗਾ।”
















