ਪੰਜਾਬ ‘ਚ ਭਗਵੰਤ ਮਾਨ ਸਮੇਤ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ ਹੋਵੇਗਾ ਸਵਾਗਤ! ਪਾਵਰਕੌਮ ਦੀਆਂ 16 ਮੁਲਾਜ਼ਮਾਂ ਜਥੇਬੰਦੀਆਂ ਨੇ ਕਰ’ਤਾ ਵੱਡਾ ਐਲਾਨ-ਮੰਗਾਂ ਨਾ ਮੰਨਣ ‘ਤੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ-
‘ਬਿਜਲੀ ਨਿਗਮ ਅਤੇ ਸਰਕਾਰ ‘ਤੇ ਵਾਅਦਾਖ਼ਲਾਫ਼ੀ ਦੇ ਦੋਸ਼, ਬਿਜਲੀ ਮੁਲਾਜ਼ਮਾਂ ਨੇ ਕਾਲੇ ਝੰਡੇ ਵਿਖਾਉਣ ਤੇ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ- ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਕਾਮੇ ਪੱਕੇ ਕਰਨ ਦੀ ਉੱਠੀ ਮੰਗ
ਦਿੜ੍ਹਬਾ 29 ਅਕਤੂਬਰ 2026- ਪੰਜਾਬ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗ੍ਰਿਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ, ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਅਤੇ ਪੈਨਸ਼ਨ ਵੈਲਫ਼ੇਅਰ ਫੈਡਰੇਸ਼ਨ ਸਮੇਤ 16 ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ‘ਤੇ ਅੱਜ ਦਿੜ੍ਹਬਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਜ਼ੋਰਦਾਰ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਧਰਨੇ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਖ਼ਿਲਾਫ਼ ਰੋਸ ਮਾਰਚ ਵੀ ਕੱਢਿਆ ਗਿਆ।
ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਬਾਸਰਕੇ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦੇਵਿੰਦਰ ਸਿੰਘ ਪਿਸ਼ੌਰ, ਇੰਜ. ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਦਲੀਪ ਕੁਮਾਰ, ਰਾਧੇ ਸ਼ਿਆਮ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ ਖੀਵਾ, ਤੇਜਿੰਦਰ ਸਿੰਘ ਸੇਖੋਂ, ਪੂਰਨ ਸਿੰਘ ਖਾਈ, ਅਤੇ ਸੁਖਵਿੰਦਰ ਕੌਰ ਆਦਿ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ‘ਤੇ ਵਾਅਦਾਖ਼ਲਾਫ਼ੀ ਦੇ ਗੰਭੀਰ ਦੋਸ਼ ਲਾਏ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਵਿਰੁੱਧ ਬਿਜਲੀ ਕਾਮਿਆਂ ਵੱਲੋਂ ਬੀਤੀ 21 ਜੁਲਾਈ ਤੋਂ ਲਗਾਤਾਰ 6 ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਕੀਤਾ ਗਿਆ ਸੀ। ਉਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਹੋਈ ਉੱਚ ਪੱਧਰੀ ਬੈਠਕ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਸਹਿਮਤੀ ਬਣੀ ਸੀ।
ਮੀਟਿੰਗ ਵਿੱਚ ਪੁਰਾਣਾ ਪੱਤਰ ਰੱਦ ਕਰਕੇ ਨਵੇਂ ਭਰਤੀ ਮੁਲਾਜ਼ਮਾਂ ਉੱਤੇ ਬਿਜਲੀ ਨਿਗਮ ਦੇ ਆਪਣੇ ਵੇਤਨ ਸਕੇਲ ਲਾਗੂ ਕਰਨ, ਤਰੱਕੀ ਪ੍ਰਾਪਤ ਮੁਲਾਜ਼ਮਾਂ ਨੂੰ ਪੇ-ਬੈਂਡ ਦਾ ਲਾਭ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ (ਡੀ.ਏ.) ਦਾ ਬਕਾਇਆ ਤੇ ਏਰੀਅਰ ਜਾਰੀ ਕਰਨ, ਪੈਨਸ਼ਨਰਾਂ ਲਈ 2.59 ਦਾ ਗੁਣਾਕ (ਫੈਕਟਰ) ਇਕਸਾਰ ਲਾਗੂ ਕਰਨ, ਅਤੇ 200 ਰੁਪਏ ਦਾ ਵਿਕਾਸ ਟੈਕਸ ਰੱਦ ਕਰਨ ਵਰਗੀਆਂ ਅਹਿਮ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ ‘ਸੋਲੇਸ਼ੀਅਮ ਪਾਲਿਸੀ’ ਤਹਿਤ ਭਰਤੀ ਹੋਏ ਮੁਲਾਜ਼ਮਾਂ ‘ਤੇ ਲਗਾਈ ਗਈ 12 ਫ਼ੀਸਦੀ ਵਿਆਜ ਦੀ ਸ਼ਰਤ ਹਟਾਉਣ, 2011 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਠੇਕੇ ‘ਤੇ ਕੰਮ ਕਰਦੇ ਐੱਸ.ਐੱਸ.ਏ. ਅਤੇ ਲਾਈਨਮੈਨ ਕਰਮਚਾਰੀਆਂ ਨੂੰ ਠੇਕਾ ਸੇਵਾ ਦਾ ਲਾਭ ਦੇਣ, ਪੈਟਰੋਲ ਭੱਤੇ ਵਿੱਚ ਵਾਧਾ ਕਰਨ, ਨਵੀਆਂ ਭਰਤੀਆਂ ਕਰਨ, ਏ.ਏ.ਈ. ਤੇ ਸੀਨੀਅਰ ਸਹਾਇਕਾਂ ਦੀਆਂ ਨਵੀਆਂ ਅਸਾਮੀਆਂ ਸਿਰਜਣ, ਏ.ਈ. ਦੀ ਅਸਾਮੀ ਲਈ ਤਰੱਕੀ ਕੋਟਾ ਵਧਾਉਣ, ਪਿਛਲੇ ਸਕੇਲਾਂ ਸਮੇਂ ਭੰਗ ਹੋਈ ਪੇ-ਪੈਰਿਟੀ ਬਹਾਲ ਕਰਨ, ਕੱਚੇ ਕਾਮਿਆਂ ਸਮੇਤ ਪੇਸਕੋ ਅਤੇ ਪੀ.ਟੀ.ਐੱਸ. ਕਾਮਿਆਂ ਨੂੰ ਪੱਕਾ ਕਰਨ, ਅਤੇ 23 ਸਾਲਾ ਸੇਵਾਮੁਕਤ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਸਮੇਤ ਸਾਰੇ ਵਰਗਾਂ ਦੀਆਂ ਤਰੱਕੀਆਂ ਸਬੰਧੀ ਸਹਿਮਤੀਆਂ ਬਣੀਆਂ ਸਨ।
ਆਗੂਆਂ ਨੇ ਅਫ਼ਸੋਸ ਜਤਾਇਆ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਅਤੇ ਮੈਨੇਜਮੈਂਟ ਨੇ ਇਹ ਮੰਗਾਂ ਲਾਗੂ ਨਹੀਂ ਕੀਤੀਆਂ, ਜਿਸ ਕਾਰਨ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਾਂਝੇ ਮੋਰਚੇ ਨੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ ਦੱਸਿਆ ਕਿ ਫ਼ੀਲਡ ਦੌਰਿਆਂ ਦੌਰਾਨ ਬਿਜਲੀ ਮੰਤਰੀ ਅਤੇ ਪਾਵਰਕੌਮ ਮੈਨੇਜਮੈਂਟ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। 2 ਨਵੰਬਰ ਤੋਂ 6 ਨਵੰਬਰ ਤੱਕ ਸੂਬੇ ਭਰ ਦੇ ਸਰਕਲ ਪੱਧਰ ‘ਤੇ ਤਿਆਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਜੇਕਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਦੇ ਸਰਕੂਲਰ ਜਾਰੀ ਨਾ ਕੀਤੇ ਤਾਂ 10 ਨਵੰਬਰ ਨੂੰ ਸਾਂਝੇ ਥੜ੍ਹੇ ਦੀ ਅਗਲੀ ਬੈਠਕ ਕਰਕੇ ਸਮੂਹਿਕ ਛੁੱਟੀ ਵਰਗੇ ਵੱਡੇ ਸੰਘਰਸ਼ ਪ੍ਰੋਗਰਾਮ ਨੂੰ ਉਲੀਕਿਆ ਜਾਵੇਗਾ।
















