ਐਹੋ ਜਿਹਾ ‘ਤੋਹਫ਼ਾ’ ਤਾਂ ਰੱਬ ਕਿਸੇ ਨੂੰ ਨਾ ਦੇਵੇ! CM ਮਾਨ ਨੇ ਪਹਿਲਾਂ ਵੰਡੇ 253 ਅਧਿਆਪਕਾਂ ਨੂੰ ਨਿਯੁਕਤੀ ਪੱਤਰ, ਸਾਢੇ ਤਿੰਨ ਸਾਲ ਦੀ ਸਰਵਿਸ ਤੋਂ ਬਾਅਦ ਨੌਕਰੀਓਂ ਕੱਢੇ
ਪੰਜਾਬ ਭਰ ਵਿੱਚ ਰੋਸ ਦੀ ਲਹਿਰ! ਸਾਢੇ ਤਿੰਨ ਸਾਲ ਦੀ ਸਰਵਿਸ ਤੋਂ ਬਾਅਦ 253 ਅਧਿਆਪਕ ਨੌਕਰੀਓਂ ਫਾਰਗ, ਸਿੱਖਿਆ ਵਿਭਾਗ ਦੇ ਹੁਕਮਾਂ ਨਾਲ ਫੈਲੀ ਸੋਗ ਦੀ ਲਹਿਰ
ਉੱਤਰ ਕੁੰਜੀ ਦੇ ਵਿਵਾਦ ‘ਚ ਪੀੜਤ 253 ਅਧਿਆਪਕਾਂ ਦੀ ਛਾਂਟੀ, ਡੀ.ਟੀ.ਐੱਫ. ਅਤੇ ਜੀ.ਟੀ.ਯੂ. ਨੇ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ – 253 ਮਾਸਟਰ ਕਾਡਰ ਅਧਿਆਪਕਾਂ ਨੂੰ ਟਰਮੀਨੇਟ ਕਰਨ ‘ਤੇ ਭੜਕੀਆਂ ਜਥੇਬੰਦੀਆਂ
ਸ਼੍ਰੀ ਅਨੰਦਪੁਰ ਸਾਹਿਬ, 29 ਅਕਤੂਬਰ 2026– ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਜੀ ਪਿੰਡ ਗੰਭੀਰਪੁਰ ਵਿਖੇ ਪਿਛਲੇ 10 ਦਿਨਾਂ ਤੋਂ ਲਗਾਤਾਰ ਧਰਨੇ ’ਤੇ ਬੈਠੇ 253 ਮਾਸਟਰ ਕਾਡਰ ਅਧਿਆਪਕਾਂ ਵਿੱਚ ਉਸ ਸਮੇਂ ਗਹਿਰੇ ਸੋਗ ਅਤੇ ਰੋਸ ਦੀ ਲਹਿਰ ਫੈਲ ਗਈ, ਜਦੋਂ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ (ਟਰਮੀਨੇਟ) ਕਰਨ ਦੇ ਲਿਖਤੀ ਹੁਕਮ ਸਬੰਧਤ ਸਕੂਲਾਂ ਵਿੱਚ ਭੇਜ ਦਿੱਤੇ ਗਏ। ਲੰਮੇ ਸਮੇਂ ਤੋਂ ਆਪਣੀਆਂ ਨੌਕਰੀਆਂ ਬਚਾਉਣ ਲਈ ਸੰਘਰਸ਼ ਕਰ ਰਹੇ ਇਨ੍ਹਾਂ ਅਧਿਆਪਕਾਂ ਲਈ ਇਹ ਹੁਕਮ ਇੱਕ ਵੱਡਾ ਝਟਕਾ ਸਾਬਤ ਹੋਏ ਹਨ।
ਮੌਕੇ ’ਤੇ ਮੌਜੂਦ ਪੀੜਤ ਅਧਿਆਪਕ ਦਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ 2022 ਵਿੱਚ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਕਰਵਾਈ ਗਈ ਸੀ, ਜਿਸ ਦਾ ਨਤੀਜਾ ਦਸੰਬਰ 2022 ਵਿੱਚ ‘ਨਾਈਲੈਟ’ (NIELIT) ਕੰਪਨੀ ਵੱਲੋਂ ਐਲਾਨਿਆ ਗਿਆ ਸੀ। ਇਸ ਤੋਂ ਬਾਅਦ ਜਨਵਰੀ 2023 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਚੁਣੇ ਗਏ ਉਮੀਦਵਾਰਾਂ ਨੂੰ ਵੱਡੇ ਸਮਾਗਮ ਦੌਰਾਨ ਨਿਯੁਕਤੀ ਪੱਤਰ ਤਕਸੀਮ ਕੀਤੇ ਸਨ।
ਅਧਿਆਪਕ ਆਗੂਆਂ ਨੇ ਅੱਗੇ ਦੱਸਿਆ ਕਿ ਪ੍ਰੀਖਿਆ ਦੀ ਸ਼ੁਰੂਆਤੀ ਉੱਤਰ ਕੁੰਜੀ (Answer Key) ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਇਹ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਰਦਲ ’ਤੇ ਪਹੁੰਚ ਗਿਆ। ਹਾਈ ਕੋਰਟ ਦੇ ਸਪੱਸ਼ਟ ਆਦੇਸ਼ਾਂ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਸਮੇਤ ਹੋਰ ਵੱਕਾਰੀ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਗਈ, ਜਿਸ ਨੇ ਸੋਧੀ ਹੋਈ ਉੱਤਰ ਕੁੰਜੀ ਤਿਆਰ ਕੀਤੀ। ਇਸ ਨਵੀਂ ਅਤੇ ਸੁਧਾਰੀ ਗਈ ਉੱਤਰ ਕੁੰਜੀ ਦੇ ਆਧਾਰ ’ਤੇ ਹੀ ਨਵੀਂ ਚੋਣ ਸੂਚੀ ਤਿਆਰ ਕੀਤੀ ਗਈ ਸੀ ਅਤੇ ਮਈ 2023 ਵਿੱਚ ਉਨ੍ਹਾਂ ਸਾਰਿਆਂ ਨੂੰ ਵੱਖ-ਵੱਖ ਸਕੂਲਾਂ ਵਿੱਚ ਬਕਾਇਦਾ ਤਾਇਨਾਤ ਕਰ ਦਿੱਤਾ ਗਿਆ ਸੀ।
ਪੀੜਤ ਅਧਿਆਪਕਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਲਗਭਗ ਤਿੰਨ ਸਾਲਾਂ ਤੱਕ ਨੌਕਰੀ ਕਰਨ ਤੋਂ ਬਾਅਦ ਵਿਭਾਗ ਵੱਲੋਂ ਅਚਾਨਕ ਮਾਹਿਰਾਂ ਦੁਆਰਾ ਤਿਆਰ ਕੀਤੀ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਮੁੜ ਤੋਂ ਨਾਈਲੈਟ ਕੰਪਨੀ ਦੀਆਂ ਗਲਤੀਆਂ ਭਰੀ ਉੱਤਰ ਕੁੰਜੀ ਨੂੰ ਲਾਗੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਈ 2026 ਵਿੱਚ ਉਨ੍ਹਾਂ ਨੂੰ ਵਿਭਾਗ ਵੱਲੋਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਅਤੇ ਹੁਣ 28 ਅਕਤੂਬਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਅੰਤਿਮ ਹੁਕਮ ਸਕੂਲਾਂ ਨੂੰ ਭੇਜ ਦਿੱਤੇ ਗਏ ਹਨ।
ਇਸ ਦੌਰਾਨ ਅਧਿਆਪਕ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (DTF) ਅਤੇ ਗੌਰਮਿੰਟ ਟੀਚਰਜ਼ ਯੂਨੀਅਨ (GTU) ਨੇ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਇਸ ਕਾਰਵਾਈ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ 253 ਅਧਿਆਪਕਾਂ ਨਾਲ ਇਨਸਾਫ਼ ਨਾ ਕੀਤਾ ਗਿਆ ਅਤੇ ਟਰਮੀਨੇਸ਼ਨ ਦੇ ਹੁਕਮ ਤੁਰੰਤ ਵਾਪਸ ਨਾ ਲਏ ਗਏ, ਤਾਂ ਇਸ ਵਿਰੋਧ ਪ੍ਰਦਰਸ਼ਨ ਨੂੰ ਪੂਰੇ ਪੰਜਾਬ ਪੱਧਰ ‘ਤੇ ਉਗਰ ਰੂਪ ਵਿੱਚ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੀੜਤ ਅਧਿਆਪਕਾਂ ਦੇ ਨਾਲ ਬਲਕਾਰ ਸਿੰਘ ਮਗਾਣੀਆ, ਕ੍ਰਿਸ਼ਨ ਸਿੰਘ, ਬਲਜਿੰਦਰ ਸਿੰਘ, ਰਾਜੂ ਸਿੰਘ ਸਮੇਤ ਸੈਂਕੜੇ ਹੋਰ ਅਧਿਆਪਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।















