ਵੱਡੀ ਖ਼ਬਰ: ਪੰਜਾਬ ਭਰ ‘ਚ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਚ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੋਗਾ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਜਿੱਥੇ ਇੱਕ ਪਾਸੇ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ, ਉਹ 26 ਨਵੰਬਰ ਸਵਿਧਾਨ ਦਿਵਸ ਵਾਲੇ ਦਿਨ ਪਟਿਆਲਾ ਵਿਖੇ ਮਾਰਚ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਉਣਗੇ।
ਪਰ, ਸੱਤਾਧਿਰ ਦੀ ਸ਼ਹਿ ਪ੍ਰਾਪਤ ਪੁਲਿਸ ਨੇ ਅਧਿਆਪਕਾਂ ਅਤੇ ਮੁਲਾਜ਼ਮ ਆਗੂਆਂ ਨੂੰ ਪਟਿਆਲਾ ਮਾਰਚ ਤੋਂ ਪਹਿਲਾਂ ਹੀ ਘਰਾਂ ਤੋਂ ਡਿਟੇਨ ਕਰ ਲਿਆ ਗਿਆ। ਜਾਣਕਾਰੀ ਇਹ ਹੈ ਕਿ ਸਰਕਾਰ ਅਤੇ ਪੁਲਿਸ ਨੂੰ ਡਰ ਸੀ ਕਿ ਇਹ ਅਧਿਆਪਕ ਅਤੇ ਮੁਲਾਜ਼ਮ ਆਪਣਾ ਰੁਖ ਮੋਗਾ ਵੱਲ ਨਾ ਕਰ ਦੇਣ, ਜਿੱਥੇ ਆਮ ਆਦਮੀ ਪਾਰਟੀ ਦੀ ਰੈਲੀ ਹੋਣ ਜਾ ਰਹੀ ਹੈ, ਜਿਸ ਦੇ ਚੱਲਦਿਆਂ ਆਗੂਆਂ ਨੂੰ ਪਹਿਲਾਂ ਹੀ ਪੁਲਿਸ ਨੇ ਡਿਟੇਨ ਕਰ ਲਿਆ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਠਿੰਡਾ ਦੇ ਅਧਿਆਪਕ ਆਗੂ ਕਰਮਜੀਤ ਸਿੰਘ ਜਲਾਲ ਤੇ ਸਵਰਨਜੀਤ ਸਿੰਘ ਭਗਤਾ ਦਿਆਲਪੁਰਾ ਪੁਲਿਸ ਵੱਲੋਂ ਆਪ ਪਾਰਟੀ ਦੀ ਮੋਗਾ ਰੈਲੀ ਕਰਕੇ ਗ੍ਰਿਫਤਾਰ ਕਰ ਥਾਣੇ ਡੱਕ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸੁੱਖੀ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
ਡੀਟੀਐੱਫ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਦੇ ਆਗੂਆਂ ਨੇ ਆਪੋ ਆਪਣੇ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਨਜ਼ਰਬੰਦ ਕੀਤੇ ਗਏ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸਰਕਾਰ ਅਜਿਹੇ ਨਾਦਰਸ਼ਾਹੀ ਹੱਥਕੰਡੇ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਦਾ ਤੁਰੰਤ ਐਲਾਨ ਕਰੇ। ਜੇਕਰ ਸਰਕਾਰ ਆਪਣੇ ਇਹਨਾਂ ਤਾਨਾਸ਼ਾਹੀ ਕਾਰਨਾਮਿਆਂ ਤੋਂ ਬਾਝ ਨਹੀਂ ਆਉਂਦੀ ਤਾਂ ਇਸ ਖਿਲਾਫ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
















