Join WhatsApp

Join Now

ਮੋਦੀ ਦੇ ਪੈਰੀਂ ਬੈਠਾ ਸੁਖਬੀਰ ਬਾਦਲ..! ਕਿਸਾਨਾਂ ਦੀਆਂ ਸ਼ਹਾਦਤਾਂ ਭੁੱਲ ਕੇ BJP ਨਾਲ ਹੱਥ ਮਿਲਾਇਆ: CM ਮਾਨ ਦਾ ਮੋਗਾ ਰੈਲੀ ‘ਚ ਧਮਾਕੇਦਾਰ ਭਾਸ਼ਣ (ਸੁਣੋ ਪੂਰੀ ਵੀਡੀਓ)

On: November 26, 2026 3:41 PM

 

ਮੋਦੀ ਦੇ ਪੈਰੀਂ ਬੈਠਾ ਸੁਖਬੀਰ ਬਾਦਲ..! ਕਿਸਾਨਾਂ ਦੀਆਂ ਸ਼ਹਾਦਤਾਂ ਭੁੱਲ ਕੇ BJP ਨਾਲ ਹੱਥ ਮਿਲਾਇਆ: CM ਮਾਨ ਦਾ ਮੋਗਾ ਰੈਲੀ ‘ਚ ਧਮਾਕੇਦਾਰ ਭਾਸ਼ਣ (ਸੁਣੋ ਪੂਰੀ ਵੀਡੀਓ)

Moga Rally ‘ਚ ਗਰਜੇ CM ਮਾਨ: ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ, 2027 ‘ਚ ਮੁੜ ‘ਆਪ’ ਦੀ ਸਰਕਾਰ ਬਣਾਉਣ ਦਾ ਸੱਦਾ

ਕਿਸਾਨਾਂ ਦੀਆਂ ਸ਼ਹਾਦਤਾਂ ਭੁੱਲ ਕੇ ਕੁਰਸੀ ਖਾਤਰ ਭਾਜਪਾ ਦੇ ਪੈਰੀਂ ਬੈਠੇ ਅਕਾਲੀ: CM ਮਾਨ ਦਾ ਮੋਗਾ ਰੈਲੀ ਤੋਂ ਤਿੱਖਾ ਹਮਲਾ

8 ਦਸੰਬਰ ਦੀ ਮੋਦੀ ਰੈਲੀ ਤੋਂ ਪਹਿਲਾਂ ਭਗਵੰਤ ਮਾਨ ਦਾ ਵੱਡਾ ਸਿਆਸੀ ਵਾਰ; ਬੋਲੇ- ਪੰਜਾਬ ਨੂੰ ਲੁੱਟਣ ਵਾਲੇ ਹੁਣ ਇੱਕੋ ਸਟੇਜ ‘ਤੇ ਹੋਣਗੇ ਇਕੱਠੇ

(ਪੰਜਾਬ ਨੈੱਟਵਰਕ ਮੀਡੀਆ ਬਿਊਰੋ)

ਮੋਗਾ, 26 ਨਵੰਬਰ 2026: ਆਮ ਆਦਮੀ ਪਾਰਟੀ (AAP) ਦੇ ਸਥਾਪਨਾ ਦਿਵਸ ਮੌਕੇ ਅੱਜ ਮੋਗਾ ਦੀ ਧਰਤੀ ‘ਤੇ ਕਰਵਾਈ ਗਈ ਵਿਸ਼ਾਲ ਅਤੇ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (BJP) ਅਤੇ ਕਾਂਗਰਸ ‘ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਮੁੱਖ ਮੰਤਰੀ ਨੇ ਆਪਣੇ ਰਵਾਇਤੀ, ਬੇਬਾਕ ਅਤੇ ਵਿਅੰਗਮਈ ਅੰਦਾਜ਼ ਵਿੱਚ ਵਿਰੋਧੀ ਆਗੂਆਂ ਦੇ ਦੋਗਲੇ ਕਿਰਦਾਰਾਂ ਨੂੰ ਬੇਨਕਾਬ ਕਰਦਿਆਂ ਜਿੱਥੇ ਉਨ੍ਹਾਂ ਦੇ ਪੁਰਾਣੇ ਬਿਆਨ ਯਾਦ ਕਰਵਾਏ, ਉੱਥੇ ਹੀ ਆਪਣੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦਾ ਲੇਖਾ-ਜੋਖਾ ਵੀ ਜਨਤਾ ਸਾਹਮਣੇ ਰੱਖਿਆ।

ਰੈਲੀ ਵਿੱਚ ਪਹੁੰਚੇ ਬਜ਼ੁਰਗਾਂ, ਨੌਜਵਾਨਾਂ, ਮਾਵਾਂ-ਭੈਣਾਂ ਅਤੇ ਪਾਰਟੀ ਵਲੰਟੀਅਰਾਂ ਦੇ ਭਾਰੀ ਇਕੱਠ ਅਤੇ ਜੋਸ਼ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਇਹ ਪਿਆਰ ਹੀ ਉਨ੍ਹਾਂ ਦੀ ਅਸਲ ਤਾਕਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਫਤਿਹ ਦੀ ਸਾਂਝ ਪਾ ਕੇ ਕੀਤੀ ਅਤੇ ਪਾਰਟੀ ਦੇ ਸਥਾਪਨਾ ਦਿਵਸ (26 ਨਵੰਬਰ 2012) ਨੂੰ ਯਾਦ ਕੀਤਾ। ਉਨ੍ਹਾਂ ਸਟੇਜ ‘ਤੇ ਬਿਰਾਜਮਾਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਕੈਬਨਿਟ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ, ਕਿਉਂਕਿ 2012 ਵਿੱਚ ਅੱਜ ਦੇ ਹੀ ਦਿਨ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਢਣ ਲਈ ਚੋਣ ਕਮਿਸ਼ਨ ਕੋਲ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਈ ਸੀ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੱਜ ਬੜਾ ਭਾਵੁਕ ਭਾਸ਼ਣ ਦਿੱਤਾ ਹੈ, ਜਿਸ ਦੇ ਮੀਡੀਆ ਵਾਲੇ ਵੱਖੋ-ਵੱਖਰੇ ਅਰਥ ਕੱਢਣਗੇ, ਪਰ ਪੰਜਾਬ ਦੇ ਲੋਕਾਂ ਲਈ ਇਸ ਦਾ ਸਿਰਫ਼ ਇੱਕ ਹੀ ਮਤਲਬ ਹੈ ਕਿ ਜਿਹੜੇ ਲੋਕ ਪਿਛਲੇ 25 ਸਾਲਾਂ ਤੋਂ ਇੱਕ-ਦੂਜੇ ਨੂੰ ਭੰਡ ਕੇ ਅਤੇ ਗਾਲ੍ਹਾਂ ਕੱਢ ਕੇ ਜਨਤਾ ਨੂੰ ਮੂਰਖ ਬਣਾਉਂਦੇ ਰਹੇ, ਅੱਜ ਉਹ ਕੁਰਸੀ ਦੇ ਲਾਲਚ ਵਿੱਚ ਆਪਸ ਵਿੱਚ ਇੱਕ ਹੋ ਗਏ ਹਨ।

25 ਸਾਲਾਂ ਦੀ ਵਾਰੀ ਬੰਨ੍ਹ ਕੇ ਹੋਈ ਲੁੱਟ ਅਤੇ ਸਮਾਜਿਕ ਵੰਡੀਆਂ ‘ਤੇ ਚੋਟ

ਮੁੱਖ ਮੰਤਰੀ ਨੇ ਕਿਹਾ ਕਿ ਉਹ ਕੋਈ ਰਸਮੀ ਭਾਸ਼ਣ ਦੇਣ ਨਹੀਂ ਆਏ, ਸਗੋਂ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਕੀਤੀਆਂ ਜਾਣ ਵਾਲੀਆਂ ਸੱਚੀਆਂ ਗੱਲਾਂ ਕਰਨ ਆਏ ਹਨ। ਉਨ੍ਹਾਂ ਪੰਜਾਬ ਦੀ ਪਿਛਲੀ ਸਿਆਸਤ ਦਾ ਹਿਸਾਬ ਮੰਗਦਿਆਂ ਕਿਹਾ ਕਿ 1997 ਤੋਂ 2002 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ, ਫਿਰ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ, 2007 ਤੋਂ 2017 ਤੱਕ ਮੁੜ ਬਾਦਲ-ਭਾਜਪਾ ਦੀ ਸਰਕਾਰ ਰਹੀ, ਜਿਸ ਦੌਰਾਨ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗਿਆ ਅਤੇ ਗੈਂਗਸਟਰਵਾਦ ਪੈਦਾ ਹੋਇਆ।

ਇਸ ਤੋਂ ਬਾਅਦ 2017 ਤੋਂ 2022 ਤੱਕ ਮੁੜ ਕੈਪਟਨ ਦੀ ਸਰਕਾਰ ਬਣੀ। ਮਾਨ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੇ 25 ਸਾਲਾਂ ਤੱਕ ਆਪਸੀ ਮਿਲੀਭੁਗਤ ਨਾਲ ਪੰਜਾਬ ਨੂੰ ਲੁੱਟਿਆ ਅਤੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਤੋੜ ਕੇ ਰੱਖ ਦਿੱਤਾ। ਹਾਲਾਤ ਇਹ ਬਣ ਗਏ ਸਨ ਕਿ ਲੋਕ ਸਿਆਸੀ ਧੜੇਬੰਦੀ ਕਾਰਨ ਇੱਕ-ਦੂਜੇ ਦੀਆਂ ਬਰਾਤਾਂ ਚੜ੍ਹਨ ਅਤੇ ਦੁੱਖ-ਸੁੱਖ ਜਾਂ ਭੋਗਾਂ ‘ਤੇ ਜਾਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਸਨ। ਪਰ 2022 ਵਿੱਚ ਪੰਜਾਬੀਆਂ ਨੇ ਇਨ੍ਹਾਂ ਸਾਰਿਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਵੱਡਾ ਫ਼ਤਵਾ ਦਿੱਤਾ।

8 ਦਸੰਬਰ ਦੀ ਮੋਦੀ ਰੈਲੀ ਅਤੇ ਅਕਾਲੀ-ਭਾਜਪਾ ਗਠਜੋੜ ‘ਤੇ ਤਿੱਖਾ ਵਿਅੰਗ

ਆਉਣ ਵਾਲੀ 8 ਦਸੰਬਰ ਨੂੰ ਮੋਗਾ ਦੀ ਇਸੇ ਧਰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਵਿਰੋਧੀਆਂ ਦੀ ਏਕਤਾ ‘ਤੇ ਜ਼ਬਰਦਸਤ ਚੁਟਕੀ ਲਈ। ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਜਦੋਂ ਨਰਿੰਦਰ ਮੋਦੀ ਇੱਥੇ ਆਉਣਗੇ, ਤਾਂ ਸਟੇਜ ‘ਤੇ ਇੱਕੋ ਕਤਾਰ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ, ਕੇਵਲ ਸਿੰਘ ਢਿੱਲੋਂ, ਅਸ਼ਵਨੀ ਕੁਮਾਰ, ਤਰੁਣ ਚੁੱਘ, ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਵਰਗੇ ਆਗੂ ਬੈਠੇ ਨਜ਼ਰ ਆਉਣਗੇ।

ਮੁੱਖ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਦੇ ਪੁਰਾਣੇ ਬਿਆਨ ਯਾਦ ਕਰਵਾਉਂਦਿਆਂ ਕਿਹਾ ਕਿ ਬਿੱਟੂ ਪਹਿਲਾਂ ਕਹਿੰਦੇ ਸਨ ਕਿ ਜੇਕਰ ਅਸੀਂ ਅਕਾਲੀਆਂ ਨਾਲ ਸਮਝੌਤਾ ਕਰਨਾ ਹੈ ਤਾਂ ਫਿਰ ‘ਚਿੱਟਾ’ ਵੇਚਾਂਗੇ, ਪਰ ਪਰਸੋਂ ਗਠਜੋੜ ਹੋਣ ਤੋਂ ਬਾਅਦ ਉਹੀ ਬਿੱਟੂ ਆਖ ਰਹੇ ਹਨ ਕਿ ਇਹ ਸਮਝੌਤਾ ਬਹੁਤ ਵਧੀਆ ਹੋਇਆ ਹੈ। ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਵਰਗੇ ਆਗੂਆਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕੋਈ ਸ਼ਰਮ-ਹਯਾ ਨਹੀਂ ਰਹੀ; ਲੋਕ ਇੰਨੀ ਜਲਦੀ ਕੱਪੜੇ ਨਹੀਂ ਬਦਲਦੇ, ਜਿੰਨੀ ਜਲਦੀ ਇਹ ਸਿਆਸੀ ਪਾਰਟੀਆਂ ਬਦਲ ਲੈਂਦੇ ਹਨ।

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਸਾਈਕਲ ਦਾ ਵੀ ਆਪਣਾ ਸਟੈਂਡ ਹੁੰਦਾ ਹੈ, ਪਰ ਇਹ ਆਗੂ ਬਿਨਾਂ ਸਟੈਂਡ ਵਾਲੇ ਮੋਟਰਸਾਈਕਲ ਵਾਂਗ ਹਨ, ਜਿਨ੍ਹਾਂ ਨੂੰ ਜਿੱਧਰ ਮਰਜ਼ੀ ਟੇਢਾ ਕਰ ਲਓ, ਉੱਧਰ ਨੂੰ ਹੀ ਢਲ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਹਰੀ ਪੱਗ ਵਾਲੀ ਪੁਰਾਣੀ ਵੀਡੀਓ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਮੋਦੀ ਕਹਿੰਦੇ ਸਨ ਕਿ ਅਕਾਲੀ ਦਲ ਨੇ ਸਿਰਫ਼ ਆਪਣੇ ਪਰਿਵਾਰ ਬਾਰੇ ਸੋਚਿਆ ਹੈ, ਪਰ ਹੁਣ ਉਹੀ ਭਾਜਪਾ ਅਤੇ ਅਕਾਲੀ ਦਲ ਇਕੱਠੇ ਚੋਣਾਂ ਲੜਨ ਦਾ ਰਾਗ ਅਲਾਪ ਰਹੇ ਹਨ।

ਕਿਸਾਨ ਅੰਦੋਲਨ, 750 ਸ਼ਹੀਦਾਂ ਅਤੇ ਖੇਤੀ ਬਿੱਲਾਂ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੂੰ ਘੇਰਿਆ

ਸੁਖਬੀਰ ਸਿੰਘ ਬਾਦਲ ‘ਤੇ ਸਿੱਧਾ ਹਮਲਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵੇਲੇ ਪਹਿਲਾਂ ਤਿੰਨ ਮਹੀਨੇ ਪੂਰਾ ਬਾਦਲ ਪਰਿਵਾਰ ਇਨ੍ਹਾਂ ਬਿੱਲਾਂ ਦੀ ਤਾਰੀਫ਼ ਕਰਦਾ ਰਿਹਾ ਅਤੇ ਵੱਡੇ ਬਾਦਲ ਸਾਹਿਬ ਤੋਂ ਵੀ ਬਿੱਲਾਂ ਦੇ ਹੱਕ ਵਿੱਚ ਵੀਡੀਓ ਪਵਾਈ ਗਈ। ਪਰ ਜਦੋਂ ਕਿਸਾਨ ਅੰਦੋਲਨ ਸਿਖ਼ਰ ‘ਤੇ ਪਹੁੰਚਿਆ ਅਤੇ ਇਨ੍ਹਾਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਦਿਸੀ, ਤਾਂ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਦਿਵਾ ਕੇ ਇਹ ਬਿੱਲਾਂ ਦੇ ਵਿਰੁੱਧ ਬੋਲਣ ਲੱਗ ਪਏ।

ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ 750 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਜਿਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਨੇ ਪੰਜ-ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਰ ਅਕਾਲੀ ਦਲ ਨੇ ਉਨ੍ਹਾਂ 750 ਸ਼ਹੀਦ ਕਿਸਾਨਾਂ ਦੀਆਂ ਲਾਸ਼ਾਂ ਉੱਤੋਂ ਲੰਘ ਕੇ ਮੁੜ ਉਸੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ। ਮਾਨ ਨੇ ਗੰਭੀਰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਖੇਤੀ ਬਿੱਲ ਰੱਦ ਨਹੀਂ ਕੀਤੇ ਸਨ, ਸਗੋਂ ਸਿਰਫ਼ ਵਾਪਸ ਲਏ ਸਨ ਅਤੇ ਹੁਣ ਇਹ ਸਮਝੌਤਾ ਇਸੇ ਸ਼ਰਤ ‘ਤੇ ਹੋਇਆ ਹੈ ਕਿ ਅਕਾਲੀ ਦਲ ਪੰਜਾਬ ਵਿੱਚ ਇਨ੍ਹਾਂ ਬਿੱਲਾਂ ਦਾ ਵਿਰੋਧ ਨਹੀਂ ਕਰੇਗਾ ਤਾਂ ਜੋ ਕੇਂਦਰ ਸਰਕਾਰ ਮੁੜ ਇਨ੍ਹਾਂ ਕਾਨੂੰਨਾਂ ਨੂੰ ਲਿਆ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਵਜ਼ੀਰੀ ਅਤੇ ਕੁਝ ਸੀਟਾਂ ਦੀ ਖਾਤਰ ਅਕਾਲੀ ਦਲ ਨੇ ਪੰਜਾਬ ਦੀ ਕਿਸਾਨੀ, ਧਰਮ, ਇਖ਼ਲਾਕ ਅਤੇ ਪਾਣੀਆਂ ਦੇ ਹੱਕਾਂ ਦਾ ਸੌਦਾ ਕਰ ਦਿੱਤਾ ਹੈ।

ਪੰਜਾਬ ਦੇ ਹੱਕਾਂ, ਚੰਡੀਗੜ੍ਹ, ਬੀਬੀਐਮਬੀ ਅਤੇ ਪੰਥਕ ਮੁੱਦਿਆਂ ‘ਤੇ ਤਿੱਖੇ ਸਵਾਲ

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਕੀ ਇਹ ਉਹੀ ਭਾਜਪਾ ਨਹੀਂ ਹੈ, ਜਿਹੜੀ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐਮਬੀ) ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ? ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਪਾਣੀਆਂ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋਈ ਸੀ, ਤਾਂ ਉਹ ਖ਼ੁਦ ਨੰਗਲ ਡੈਮ ਦੇ ਨੱਕੇ ‘ਤੇ ਜਾ ਕੇ ਡਟੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਹੀ ਭਾਜਪਾ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਬਣਾ ਕੇ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ‘ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ।

ਪੰਥਕ ਮੁੱਦਿਆਂ ‘ਤੇ ਅਕਾਲੀ ਦਲ ਨੂੰ ਘੇਰਦਿਆਂ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਖ਼ੁਦ ਕਹਿੰਦੇ ਰਹੇ ਹਨ ਕਿ ਭਾਜਪਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਕਮੇਟੀ ‘ਤੇ ਕਬਜ਼ਾ ਕਰ ਲਿਆ ਹੈ। ਪਰ ਹੁਣ ਜਦੋਂ ਸੁਖਬੀਰ ਬਾਦਲ ਭਾਜਪਾ ਆਗੂਆਂ ਦੇ ਪੈਰੀਂ ਬੈਠੇ ਹਨ, ਤਾਂ ਕੀ ਉਹ ਸਾਰੇ ਕਬਜ਼ੇ ਛੁੱਟ ਗਏ ਹਨ? ਉਨ੍ਹਾਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਮਨਾਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਨੇ ਸਾਰੀਆਂ ਗੱਲਾਂ ਸਿਰ ਝੁਕਾ ਕੇ ਮੰਨ ਲਈਆਂ, ਪਰ ਬਾਅਦ ਵਿੱਚ ਮੁਕਤਸਰ ਜਾ ਕੇ ਮੁੱਕਰ ਗਏ ਅਤੇ ਜਥੇਦਾਰ ਸਾਹਿਬਾਨ ਨੂੰ ਹੀ ਭਾਜਪਾ ਅਤੇ ਆਰ.ਐੱਸ.ਐੱਸ. ਦੇ ਏਜੰਟ ਦੱਸਣ ਲੱਗ ਪਏ।

ਮਾਨ ਨੇ ਤੰਜ਼ ਕੱਸਦਿਆਂ ਕਿਹਾ ਕਿ ਪਹਿਲਾਂ ਸੁਖਬੀਰ ਕਹਿੰਦੇ ਸਨ ਕਿ ਜਿਹੜਾ ਭਾਜਪਾ ਨਾਲ ਸਮਝੌਤਾ ਕਰੇਗਾ, ਉਸ ਦਾ ਡੀ.ਐੱਨ.ਏ. (DNA) ਟੈਸਟ ਕਰਵਾਉਣਾ ਚਾਹੀਦਾ ਹੈ, ਹੁਣ ਉਹ ਆਪਣਾ ਡੀ.ਐੱਨ.ਏ. ਕਿਸ ਤੋਂ ਚੈੱਕ ਕਰਵਾਉਣਗੇ? ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ‘ਮਲੰਗ’ ਕਹੇ ਜਾਣ ਦਾ ਜਵਾਬ ਦਿੰਦਿਆਂ ਮਾਨ ਨੇ ਕਿਹਾ, “ਹਾਂ, ਅਸੀਂ ਤਾਂ ਮਲੰਗ ਹਾਂ, ਪਰ ਤੁਸੀਂ ਅਖੌਤੀ ਖ਼ਾਨਦਾਨੀ ਲੋਕਾਂ ਨੇ ਪੰਜਾਬ ਦਾ ਕੀ ਹਾਲ ਕੀਤਾ ਹੈ, ਉਹ ਸਾਰੀ ਦੁਨੀਆ ਜਾਣਦੀ ਹੈ।”

ਭਾਜਪਾ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਛੇੜਨ ਦੇ ਦਾਅਵਿਆਂ ‘ਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨਾਲ ਹੱਥ ਮਿਲਾ ਕੇ ਭਾਜਪਾ ਕਿਹੜਾ ਨਸ਼ਾ ਖ਼ਤਮ ਕਰੇਗੀ, ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦੇ ਹਿੱਤਾਂ ਜਿਵੇਂ ਕਿ ਰੁਕਿਆ ਹੋਇਆ ਆਰ.ਡੀ.ਐੱਫ. (RDF) ਫੰਡ, ਬੰਦੀ ਸਿੰਘਾਂ ਦੀ ਰਿਹਾਈ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਕੋਈ ਗੱਲ ਨਹੀਂ ਕੀਤੀ, ਸਗੋਂ ਇਨ੍ਹਾਂ ਦਾ ਇੱਕੋ-ਇੱਕ ਏਜੰਡਾ ਸਿਰਫ਼ ਸੱਤਾ ਦੀ ਕੁਰਸੀ ਹਾਸਲ ਕਰਨਾ ਹੈ। ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਅਤੇ ਹਸਪਤਾਲ ਉੱਤੇ ਬਾਜ ਉੱਡਣ ਵਾਲੀ ਘਟਨਾ ‘ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ, ਉਨ੍ਹਾਂ ਦੀ ਰਾਖੀ ਲਈ ਗੁਰੂ ਸਾਹਿਬ ਦਾ ਬਾਜ ਨਹੀਂ ਆ ਸਕਦਾ।

ਕਾਂਗਰਸ ਪਾਰਟੀ ਦੀ ਹਾਲਤ ‘ਤੇ ਤਰਸ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵਿੱਚ ਇਸ ਵੇਲੇ ਛੇ-ਸੱਤ ਮੁੱਖ ਮੰਤਰੀ ਬਣੇ ਫਿਰਦੇ ਹਨ। ਪ੍ਰਗਟ ਸਿੰਘ ਗੋਲ ਕਰਨ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਨੂੰ ਗੇਂਦ ਕੋਈ ਪਾਸ ਹੀ ਨਹੀਂ ਕਰਦਾ, ਕਿਉਂਕਿ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਆਪੋ-ਆਪਣੀ ਡੱਫਲੀ ਵਜਾ ਰਹੇ ਹਨ। ਚੰਨੀ ਦੇ 111 ਦਿਨਾਂ ਦੇ ਕਾਰਜਕਾਲ ‘ਤੇ ਸਵਾਲ ਚੁੱਕਦਿਆਂ ਮਾਨ ਨੇ ਕਿਹਾ ਕਿ 111 ਦਿਨਾਂ ਵਿੱਚ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾਂ ਰੁਪਏ ਨਕਦ ਬਰਾਮਦ ਹੋਏ ਸਨ, ਜੇਕਰ ਕਿਤੇ ਪੰਜ ਸਾਲ ਮਿਲ ਜਾਂਦੇ ਤਾਂ ਇਹ ਪੰਜਾਬ ਨੂੰ ਪੂਰੀ ਤਰ੍ਹਾਂ ਵੇਚ ਦਿੰਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਅੱਜ 25 ਬੰਦੇ ਵੀ ਪੂਰੇ ਨਹੀਂ ਹਨ ਅਤੇ ਇਹ ਲੋਕ ਸਿਰਫ਼ ਦਲ-ਬਦਲੀਆਂ ਕਰਕੇ ਡੰਗ ਸਾਰ ਰਹੇ ਹਨ।

‘ਆਪ’ ਸਰਕਾਰ ਦੀਆਂ ਪ੍ਰਾਪਤੀਆਂ: ਬਿਜਲੀ, ਸਿਹਤ, ਨੌਕਰੀਆਂ ਅਤੇ ਸ਼ਹੀਦਾਂ ਦੀ ਸੋਚ

ਵਿਰੋਧੀਆਂ ਦੀ ਆਲੋਚਨਾ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਲੋਕ-ਪੱਖੀ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੜੀ ਮੁਸ਼ਕਲ ਨਾਲ ਪੰਜਾਬ ਦੀ ਗੱਡੀ ਮੁੜ ਲੀਹ ‘ਤੇ ਚੜ੍ਹੀ ਹੈ। ਅੱਜ ਕਿਸਾਨਾਂ ਨੂੰ ਦਿਨ ਵੇਲੇ ਖੇਤੀ ਲਈ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਨਹਿਰੀ ਪਾਣੀ ਸੂਬੇ ਦੇ ਆਖ਼ਰੀ ਟੇਲਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਕਿਸਾਨਾਂ ਦੇ ਡੀਜ਼ਲ ‘ਤੇ ਹੋਣ ਵਾਲੇ ਕਰੋੜਾਂ ਰੁਪਏ ਬਚੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਤੱਕ 77,182 ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਨਿਰੋਲ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਹਿਲੀਆਂ ਸਰਕਾਰਾਂ ਵੇਲੇ ਨੌਕਰੀਆਂ ਲਈ ਨੋਟ ਗਿਣ ਕੇ ਨਹੀਂ, ਸਗੋਂ ਤੋਲ ਕੇ ਲਏ ਜਾਂਦੇ ਸਨ।

ਸਿਹਤ ਖੇਤਰ ਦੀ ਗੱਲ ਕਰਦਿਆਂ ਮਾਨ ਨੇ ਦੱਸਿਆ ਕਿ ਸੂਬੇ ਭਰ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਤੱਕ ਦੇ ਮੁਫ਼ਤ ਸਿਹਤ ਬੀਮਾ ਕਾਰਡਾਂ ਰਾਹੀਂ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਦੇ ਦਿਲ ਦੇ ਸਟੰਟ ਮੁਫ਼ਤ ਪਾਏ ਗਏ ਹਨ ਅਤੇ 35 ਹਜ਼ਾਰ ਦੇ ਕਰੀਬ ਲੋਕਾਂ ਦੇ ਗੋਡੇ ਮੁਫ਼ਤ ਬਦਲੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਈ ਵੱਖਰਾ ਖ਼ਜ਼ਾਨਾ ਨਹੀਂ ਹੈ, ਬਸ ਅਸੀਂ ਭ੍ਰਿਸ਼ਟਾਚਾਰ ਬੰਦ ਕਰਕੇ ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਖ਼ਰਚ ਕਰ ਰਹੇ ਹਾਂ।

ਸ਼ਹੀਦ-ਏ-ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਰਾਜਗੁਰੂ, ਸੁਖਦੇਵ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ’20 ਰੁਪਏ ਦੇ ਸੱਚੇ ਸੌਦੇ’ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਇਤਿਹਾਸ ਹਮੇਸ਼ਾ ਲੋਕ-ਸੇਵਾ ਕਰਨ ਵਾਲਿਆਂ ਨੂੰ ਯਾਦ ਰੱਖਦਾ ਹੈ, ਨਾ ਕਿ ਸੱਤਾ ਦੇ ਭੁੱਖੇ ਔਰੰਗਜ਼ੇਬ ਵਰਗੇ ਹਾਕਮਾਂ ਨੂੰ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਵੀ ਜ਼ਿਕਰ ਕੀਤਾ, ਜਿਸ ਤਹਿਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

ਰੈਲੀ ਦੇ ਅਖ਼ੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਵੱਲੋਂ ਕਰਵਾਏ ਜਾਂਦੇ ਸਿਆਸੀ ਸਰਵਿਆਂ ਦਾ ਮਜ਼ਾਕ ਉਡਾਉਂਦਿਆਂ ਪੰਡਾਲ ਵਿੱਚ ਬੈਠੇ ਹਜ਼ਾਰਾਂ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਸਿੱਧਾ ‘ਲਾਈਵ ਸਰਵੇ’ ਕੀਤਾ। ਪਹਿਲੇ ਸਵਾਲ ਵਿੱਚ ਜਦੋਂ ਉਨ੍ਹਾਂ ਪੁੱਛਿਆ ਕਿ ਜਿਨ੍ਹਾਂ ਦੇ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਉਂਦਾ ਹੈ, ਉਹ ਹੱਥ ਖੜ੍ਹੇ ਕਰਨ, ਤਾਂ ਪੰਡਾਲ ਵਿੱਚ ਬੈਠੇ ਲਗਭਗ 90 ਫ਼ੀਸਦੀ ਤੋਂ ਵੱਧ ਲੋਕਾਂ ਨੇ ਹੱਥ ਖੜ੍ਹੇ ਕਰਕੇ ਇਸ ਦੀ ਪੁਸ਼ਟੀ ਕੀਤੀ। ਦੂਜੇ ਸਵਾਲ ਵਿੱਚ 10 ਲੱਖ ਰੁਪਏ ਵਾਲੇ ਸਿਹਤ ਬੀਮਾ ਕਾਰਡਾਂ ਬਾਰੇ ਪੁੱਛਦਿਆਂ ਉਨ੍ਹਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਪਰਿਵਾਰਾਂ ਦੇ ਕਾਰਡ ਵੀ ਪਿੰਡਾਂ ਵਿੱਚ ਕੈਂਪ ਲਾ ਕੇ ਜਲਦ ਬਣਾਏ ਜਾਣ।

ਤੀਜੇ ਅਤੇ ਆਖ਼ਰੀ ਸਵਾਲ ਵਿੱਚ ਜਦੋਂ ਮੁੱਖ ਮੰਤਰੀ ਨੇ ਪੁੱਛਿਆ ਕਿ ਕੌਣ-ਕੌਣ ਚਾਹੁੰਦਾ ਹੈ ਕਿ 2027 ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ, ਤਾਂ ਪੂਰਾ ਪੰਡਾਲ ਤਾੜੀਆਂ ਅਤੇ ਨਾਅਰਿਆਂ ਨਾਲ ਗੂੰਜ ਉੱਠਿਆ। ਵੋਟਾਂ ਵੇਲੇ ਵਿਰੋਧੀਆਂ ਵੱਲੋਂ ਵੰਡੇ ਜਾਣ ਵਾਲੇ ਪੈਸਿਆਂ ਪ੍ਰਤੀ ਸੁਚੇਤ ਕਰਦਿਆਂ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪੈਸੇ ਦੇਣ ਆਵੇ ਤਾਂ ਨਾਂਹ ਨਾ ਕਰਿਓ, ਕਿਉਂਕਿ ਉਹ ਤੁਹਾਡਾ ਹੀ ਲੁੱਟਿਆ ਹੋਇਆ ਪੈਸਾ ਹੈ, ਪਰ ਵੋਟ ਵਾਲੇ ਦਿਨ ਝਾੜੂ ਵਾਲਾ ਬਟਨ ਦੱਬ ਕੇ ਪੰਜਾਬ ਦੇ ਭਵਿੱਖ ਨੂੰ ਚੁਣਿਓ।

 

Leave a Comment