‘ਦੇਸ਼ ਦੇ ਮੌਜੂਦਾ ਹਾਲਾਤ 1975 ਦੀ ਐਮਰਜੈਂਸੀ ਨਾਲੋਂ ਵੀ ਵੱਧ ਖ਼ਤਰਨਾਕ’: ਜਮਹੂਰੀ ਅਧਿਕਾਰ ਸਭਾ ਦੇ ਸੂਬਾ ਇਜਲਾਸ ‘ਚ ਗੂੰਜਿਆ ਤਾਨਾਸ਼ਾਹੀ ਖ਼ਿਲਾਫ਼ ਇਕਜੁੱਟਤਾ ਦਾ ਸੱਦਾ
ਬਰਨਾਲਾ/ਚੰਡੀਗੜ੍ਹ
ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਰੋਜ਼ਾ ਸੂਬਾ ਪੱਧਰੀ ਇਜਲਾਸ ਅੱਜ ਇੱਥੋਂ ਦੇ ਸਥਾਨਕ ਤਰਕਸ਼ੀਲ ਭਵਨ ਵਿਖੇ ਪੂਰੇ ਉਤਸ਼ਾਹ ਨਾਲ ਆਰੰਭ ਹੋਇਆ। ਇਸ ਅਹਿਮ ਇਜਲਾਸ ਵਿੱਚ ਸੂਬੇ ਦੇ 12 ਜ਼ਿਲ੍ਹਿਆਂ ਤੋਂ 100 ਤੋਂ ਵੱਧ ਚੁਣੇ ਹੋਏ ਡੈਲੀਗੇਟਾਂ, ਬੁੱਧੀਜੀਵੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਜਲਾਸ ਦੇ ਸ਼ੁਰੂਆਤੀ ਸੈਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੌਂਜ਼ਾਲਵੇਜ਼ ਨੇ ਦੇਸ਼ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਮੁਲਕ ਅੰਦਰ 1975 ਦੀ ਐਮਰਜੈਂਸੀ ਦੇ ਮੁਕਾਬਲੇ ਕਿਤੇ ਜ਼ਿਆਦਾ ਤਾਨਾਸ਼ਾਹੀ ਵਾਲਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਜਮਹੂਰੀ ਅਧਿਕਾਰਾਂ ਦਾ ਨਾ ਸਿਰਫ਼ ਵਿਅਕਤੀਗਤ, ਸਗੋਂ ਸੰਸਥਾਗਤ ਪੱਧਰ ‘ਤੇ ਵੀ ਵੱਡੇ ਪੱਧਰ ‘ਤੇ ਘਾਣ ਹੋ ਰਿਹਾ ਹੈ। ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਬਣਾਈਆਂ ਗਈਆਂ ਸੰਵਿਧਾਨਕ ਸੰਸਥਾਵਾਂ ‘ਤੇ ਹਕੂਮਤੀ ਜਕੜ ਲਗਾਤਾਰ ਮਜ਼ਬੂਤ ਕੀਤੀ ਜਾ ਰਹੀ ਹੈ।
ਐਡਵੋਕੇਟ ਗੌਂਜ਼ਾਲਵੇਜ਼ ਨੇ ਅੱਗੇ ਕਿਹਾ ਕਿ ਸਰਕਾਰ, ਅਫਸਰਸ਼ਾਹੀ ਅਤੇ ਇੱਥੋਂ ਤੱਕ ਕਿ ਨਿਆਂ ਪ੍ਰਣਾਲੀ ਅੰਦਰ ਵੀ ਤਾਨਾਸ਼ਾਹੀ ਰੁਝਾਨ ਭਾਰੂ ਹੋ ਰਹੇ ਹਨ ਅਤੇ ਸਰਕਾਰੀ ਦਖ਼ਲ ਸੁਪਰੀਮ ਕੋਰਟ ਤੱਕ ਪੁੱਜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਦੇਸ਼ਧ੍ਰੋਹ ਅਤੇ ਅਤਿਵਾਦ ਵਰਗੇ ਗੰਭੀਰ ਦੋਸ਼ਾਂ ਹੇਠ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਸੋਧਾਂ, ਜੰਗਲ ਕਾਨੂੰਨਾਂ ਦੀ ਭੰਨ-ਤੋੜ ਅਤੇ ਬੋਲਣ ਦੀ ਆਜ਼ਾਦੀ ‘ਤੇ ਥੋਪੀਆਂ ਜਾ ਰਹੀਆਂ ਅਣਐਲਾਨੀਆਂ ਪਾਬੰਦੀਆਂ ਲੋਕਤੰਤਰ ਲਈ ਗੰਭੀਰ ਖ਼ਤਰਾ ਹਨ। ਉਨ੍ਹਾਂ ਸੱਦਾ ਦਿੱਤਾ ਕਿ ਇਸ ਹਕੂਮਤੀ ਜਬਰ ਖ਼ਿਲਾਫ਼ ਸਮੂਹ ਲੋਕਾਂ ਦਾ ਇੱਕਜੁੱਟ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਇਸ ਮੌਕੇ ਉਨ੍ਹਾਂ ਦੇ ਸਹਿਯੋਗੀ ਐਡਵੋਕੇਟ ਮਾਨਿਕ ਗੁਪਤਾ ਨੇ ‘ਭਾਰਤ ਅੰਦਰ ਜਮਹੂਰੀ ਹੱਕ ਅਤੇ ਸੁਪਰੀਮ ਕੋਰਟ ਦੀ ਪਹੁੰਚ’ ਵਿਸ਼ੇ ‘ਤੇ ਆਪਣੇ ਅਹਿਮ ਵਿਚਾਰ ਪੇਸ਼ ਕੀਤੇ। ਇਜਲਾਸ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਸੋਹਣ ਸਿੰਘ ਮਾਝੀ, ਐਡਵੋਕੇਟ ਅਮਨਦੀਪ ਕੌਰ ਅਤੇ ਗੁਰਮੀਤ ਸੁਖਪੁਰ ਸ਼ਾਮਲ ਸਨ।
ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਜਲਾਸ ਨੂੰ ਤਿੰਨ ਵੱਖ-ਵੱਖ ਸੈਸ਼ਨਾਂ ਵਿੱਚ ਵੰਡਿਆ ਗਿਆ। ਪਹਿਲਾ ਸੈਸ਼ਨ ਖੁੱਲ੍ਹੇ ਸੈਸ਼ਨ ਵਜੋਂ ਹੋਇਆ, ਜਿਸ ਵਿੱਚ ਡੈਲੀਗੇਟਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਦਰਸ਼ਕਾਂ ਨੇ ਵੀ ਹਿੱਸਾ ਲਿਆ। ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਪਰਮਿੰਦਰ, ਤਰਸੇਮ ਧੂਰੀ ਅਤੇ ਜਸਵੰਤ ਜੀਰਖ ਨੇ ਕੀਤੀ, ਜਿਸ ਦੌਰਾਨ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਵੱਲੋਂ ਪੇਸ਼ ਕੀਤੀ ਗਈ ਜਥੇਬੰਦਕ ਕਾਰਗੁਜ਼ਾਰੀ ਰਿਪੋਰਟ ‘ਤੇ ਭਖਵੀਂ ਚਰਚਾ ਹੋਈ। ਦਿਨ ਦੇ ਤੀਜੇ ਅਤੇ ਆਖ਼ਰੀ ਸੈਸ਼ਨ ਵਿੱਚ ਸਭਾ ਦੇ ਸੰਵਿਧਾਨਕ ਸੋਧਾਂ ਅਤੇ ਤਰਮੀਮਾਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
















