ਦੇਸ਼ ਭਗਤਾਂ ਦੀ ਧਰਤੀ ‘ਤੇ ਕਿਸਾਨਾਂ ਉੱਪਰ ਕਹਿਰ ਢਾਹੁਣਾ ਇਤਿਹਾਸਿਕ ਕੁਰਬਾਨੀਆਂ ਦੀ ਤੌਹੀਨ: ਦੇਸ਼ ਭਗਤ ਯਾਦਗਾਰ ਕਮੇਟੀ
ਰਾਮਪੁਰਾ, 19 ਫਰਵਰੀ 2026-
ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਗ਼ਦਰ ਪਾਰਟੀ ਤੋਂ ਸ਼ੁਰੂ ਕਰਕੇ ਕਿਰਤੀ ਪਾਰਟੀ ਕਿਸਾਨ ਸਭਾ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਅਤੇ ਸਰਗਰਮੀਆਂ ਕਰਨ ਵਾਲੇ ਦੇਸ਼ ਭਗਤਾਂ ਦੀ ਧਰਤੀ ‘ਤੇ ਅੱਜ ਜਿਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਹਕੂਮਤੀ ਹੱਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਗਿਆ, ਇਸ ਨੇ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਕਿਸਾਨ ਮੋਰਚੇ, ਜਲ੍ਹਿਆਂਵਾਲਾ ਬਾਗ ਅਤੇ ਕਿਸਾਨ ਸਭਾ ਦੀਆਂ ਸਭਨਾਂ ਸਰਗਰਮੀਆਂ ਉੱਪਰ ਢਾਹੇ ਜਾਂਦੇ ਰਹੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ, ਆਪਣੇ ਕਿਸਾਨ ਕਾਰਕੁਨਾਂ ਉੱਪਰ ਮੜ੍ਹੇ ਝੂਠੇ ਕੇਸ ਰੱਦ ਕਰਕੇ ਰਿਹਾ ਕਰਨ ਦੀ ਮੰਗ ਲਈ ਅੱਜ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੁਰ ਅਮਨ ਰੋਸ ਧਰਨਾ ਰੱਖਿਆ ਸੀ, ਜਿਸਨੂੰ ਨਕਾਮ ਕਰਨ ਲਈ ਅੱਜ ਸਰਘੀ ਵੇਲੇ ਤੋਂ ਹੀ ਪਿੰਡ-ਪਿੰਡ ਛਾਪੇਮਾਰੀ, ਨਾਕੇਬੰਦੀ, ਪਿੰਡਾਂ ਦੀਆਂ ਸੱਥਾਂ ਵਿੱਚ ਜੁੜਦੇ ਲੋਕਾਂ ਉੱਪਰ ਅਥਰੂ ਗੈਸ ਅਤੇ ਡਾਂਗਾਂ ਦੀ ਵਰਖਾ ਕਰਕੇ ਵੱਡੀ ਪੱਧਰ ‘ਤੇ ਪੁਲਿਸ ਲਾਮ ਲਸਕਰ ਨਾਲ ਹੱਲੇ ਬੋਲਣ ਦੀ ਸਖ਼ਤ ਨਿੰਦਾ ਕਰਦਿਆਂ ਜੋਰਦਾਰ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਮਰਦਾਂ ਔਰਤਾਂ ਨੂੰ ਤੁਰੰਤ ਰਿਹਾ ਕੀਤਾ ਜਾਏ।
ਕਮੇਟੀ ਦਾ ਵਿਚਾਰ ਹੈ ਕਿ ਭਗਵੰਤ ਮਾਨ ਹਕੂਮਤ ਅਸਲ ‘ਚ ਮੋਦੀ ਹਕੂਮਤ ਦੀਆਂ ਨੀਤੀਆਂ ਲਾਗੂ ਕਰਨ ਲਈ ਰਾਹ ਮੋਕਲਾ ਕਰਨ ਦਾ ਕੰਮ ਕਰਨ ਲੱਗੀ ਹੋਈ ਹੈ, ਕਿਉਂਕਿ ਤਾਜ਼ਾ ਅਮਰੀਕੀ ਸੰਧੀ ਜੋ ਕਿ ਮੁਲਕ ਦੇ ਖੇਤੀ, ਬਾਗਬਾਨੀ ਅਤੇ ਹੋਰ ਸਭਨਾਂ ਖੇਤਰਾਂ ਅੰਦਰ ਵੱਡੀ ਪੱਧਰ ‘ਤੇ ਤਬਾਹੀ ਲੈ ਕੇ ਆਏਗੀ, ਉਸ ਖ਼ਿਲਾਫ਼ ਕਿਸਾਨ ਲਹਿਰ ਦਾ ਉੱਠਣਾ ਸੁਭਾਵਕ ਹੈ, ਉਹਨਾਂ ਜਵਾਰ ਭਾਟਿਆਂ ਨੂੰ ਰੋਕਣ ਲਈ ਹਕੂਮਤ ਪਹਿਲਾਂ ਹੀ ਰੱਸੇ ਪੈੜੇ ਵੱਟ ਰਹੀ ਹੈ। ਅੱਜ ਦਾ ਕਿਸਾਨਾਂ ਦੇ ਉੱਤੇ ਬੋਲਿਆ ਬੇਕਿਰਕ ਹੱਲਾ ਉਸ ਲੜੀ ਦਾ ਹੀ ਇੱਕ ਹਿੱਸਾ ਹੈ।
ਕਮੇਟੀ ਨੇ ਸਭਨਾਂ ਜਮਹੂਰੀ ਅਤੇ ਲੋਕ ਪੱਖੀ ਸ਼ਕਤੀਆਂ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਉਹ 27 ਫਰਵਰੀ ਨੂੰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਮੁਹਿੰਮ ਦੇ ਅਗਾਜ਼ ਮੌਕੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋ ਰਹੀ ਵਿਚਾਰ ਚਰਚਾ ਵਿੱਚ ਜਰੂਰ ਹੁਮ-ਹੁਮਾ ਕੇ ਪੁੱਜਣ, ਜਿੱਥੇ ਇਹਨਾਂ ਸਭਨਾਂ ਸਵਾਲਾਂ ਨੂੰ ਬੱਬਰ ਅਕਾਲੀ ਲਹਿਰ ਦੀ ਪ੍ਰਸੰਗਿਕਤਾ ਨਾਲ ਜੋੜ ਕੇ ਵਿਚਾਰਿਆ ਜਾਏਗਾ।
ਗ਼ਦਰੀ ਦੇਸ਼ ਭਗਤਾਂ ਕਿਸਾਨ ਸਭਾ ਦੀਆਂ ਕੁਰਬਾਨੀਆਂ ਨੂੰ ਰੋਲਣ ਵਾਲੇ, ਭਗਤ ਸਿੰਘ ਦੀਆਂ ਕਸਮਾਂ, ਪੱਗ ਬੰਨ੍ਹਣ ਅਤੇ ਦਫ਼ਤਰਾਂ ਵਿੱਚ ਫੋਟੋਆਂ ਲਾਉਣ ਦਾ ਖੇਖਣ ਕਰਨ ਵਾਲਿਆਂ ਨੇ ਵਹਿਸ਼ੀਆਨਾ ਕਹਿਰ ਢਾਹ ਕੇ ਅੱਜ ਪੂਰੀ ਬੇਸ਼ਰਮੀ ਨਾਲ ਦੇਸ਼ ਭਗਤਾਂ ਦੀ ਧਰਤੀ ਦੀ ਤੌਹੀਨ ਕੀਤੀ।






