PM Kisan Yojana: ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਜਲਦ ਮਿਲਣ ਵਾਲੀ ਹੈ ਖੁਸ਼ਖ਼ਬਰੀ

16

ਨਵੀਂ ਦਿੱਲੀ :

ਪੀਐੱਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਦੀ ਦੇਸ਼ ਭਰ ਦੇ ਕਰੋੜਾਂ ਕਿਸਾਨ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਇੰਤਜ਼ਾਰ ਹੁਣ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲ ਹੀ ’ਚ ਦੱਸਿਆ ਕਿ ਪੀਐੱਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ 24 ਫਰਵਰੀ 2025 ਨੂੰ ਜਾਰੀ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਬਿਹਾਰ ਤੋਂ ਜਾਰੀ ਕਰਨਗੇ। ਇਹ ਰਕਮ ਸਿੱਧੇ ਲਾਭ ਟ੍ਰਾਂਸਫਰ (DBT) ਮੋਡ ਰਾਹੀਂ ਕਿਸਾਨਾਂ ਦੇ ਖਾਤੇ ਵਿਚ ਸਿੱਧੀ ਪਹੁੰਚ ਜਾਵੇਗੀ। ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ।

ਪੀਐੱਮ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਈਸੀ ਕਰਨਾ ਜ਼ਰੂਰੀ ਹੈ। ਜਿਨ੍ਹਾਂ ਕਿਸਾਨਾਂ ਨੇ ਜਲਦੀ ਹੀ ਈ-ਕੇਵਾਈਸੀ ਨਹੀਂ ਕਰਵਾਇਆ, ਉਨ੍ਹਾਂ ਦੀ ਅਗਲੀ ਕਿਸ਼ਤ ਦੇ ਪੈਸੇ ਫਸ ਸਕਦੇ ਹਨ। ਕਿਸਾਨ ਤਿੰਨ ਤਰੀਕਿਆਂ ਨਾਲ ਈ-ਕੇਵਾਈਸੀ ਕਰਵਾ ਸਕਦੇ ਹਨ।

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੀ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ 2018 ਨੂੰ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਦੀ ਸ਼ੁਰੂਆਤ ਕੀਤੀ। ਇਸ ਵਿਚ ਲਾਭਪਾਤਰੀ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਮਿਲਦੀ ਹੈ। ਇਹ ਰਕਮ ਹਰ ਚਾਰ ਮਹੀਨਿਆਂ ਵਿਚ ਤਿੰਨ ਕਿਸ਼ਤਾਂ ’ਚ ਪ੍ਰਾਪਤ ਹੁੰਦੀ ਹੈ। ਹਰ ਕਿਸ਼ਤ ਵਿਚ 2000 ਰੁਪਏ ਸਿੱਧੇ ਲਾਭ ਟ੍ਰਾਂਸਫਰ (DBT) ਰਾਹੀਂ ਕਿਸਾਨਾਂ ਦੇ ਖਾਤੇ ਵਿਚ ਆਉਂਦੇ ਹਨ।