Punjab News: ਜਿਉਂਦ ਜ਼ਬਰ ਖਿਲਾਫ ਬਠਿੰਡਾ ਦੀਆਂ ਸੜਕਾਂ ‘ਤੇ ਉਮੜਿਆ ਜਨ ਸੈਲਾਬ

 

ਜਿਉਂਦ ਜ਼ਬਰ ਖਿਲਾਫ ਬਠਿੰਡਾ ਦੀਆਂ ਸੜਕਾਂ ‘ਤੇ ਉਮੜਿਆ ਜਨ ਸੈਲਾਬ

ਬਠਿੰਡਾ ਦੀ ਐਸ ਐਸ ਪੀ ਸਮੇਤ ਜ਼ਬਰ ਦੇ ਦੋਸ਼ੀ ਪੁਲਿਸ ਅਧਿਕਾਰੀਆਂ ‘ਤੇ ਕੇਸ ਦਰਜ ਕਰਨ ਅਤੇ ਸੰਘਰਸ਼ ਕਰਨ ਦੇ ਹੱਕ ਤੇ ਮੜੀਆਂ ਰੋਕਾਂ ਹਟਾਉਣ ਦੀ ਮੰਗ

ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਦੇ ਜਾਂਚ ਸਬੰਧੀ ਮਤਾ ਪਾਸ

Punjab Network

ਬਠਿੰਡਾ,6 ਮਾਰਚ 2026- ਪਿਛਲੇ ਮਹੀਨੇ ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਚ ਇਕੱਠੇ ਹੋਏ ਮਜ਼ਦੂਰਾਂ ਕਿਸਾਨਾਂ ‘ਤੇ ਪੁਲਿਸ ਵੱਲੋਂ ਢਾਹੇ ਅੰਨ੍ਹੇ ਜਬਰ ਤੇ ਸੰਘਰਸ਼ ਕਰਨ ਦੇ ਹੱਕ ‘ਤੇ ਮੜ੍ਹੀਆਂ ਰੋਕਾਂ ਖਿਲਾਫ ਅੱਜ਼ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ,ਮਜ਼ਦੂਰਾਂ, ਮੁਲਾਜ਼ਮਾਂ ਵੱਲੋਂ ਅਣਮਿਉਂਦੇ ਜੋਸ਼ ਨਾਲ ਬਠਿੰਡਾ ਦੀਆਂ ਸੜਕਾਂ ‘ਤੇ ਰੋਹ ਭਰਪੂਰ ਮੁਜ਼ਾਹਰਾ ਕਰਕੇ ਪੁਲਿਸ ਵੱਲੋਂ ਲੋਕ ਮਨਾਂ ਤੇ ਦਹਿਸ਼ਤ ਪਾਉਣ ਦੇ ਮਨਸੂਬਿਆਂ ਨੂੰ ਚਕਨਾਚੂਰ ਕਰ ਦਿੱਤਾ। ਇਸ ਮੁਜ਼ਾਹਰੇ ਤੋਂ ਪਹਿਲਾਂ ਪੁੱਡਾ ਗਰਾਊਂਂਂਡ ਵਿਖੇ ਜੁੜੇ ਵਿਸ਼ਾਲ ਇਕੱਠ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜਿਉਂਦ ਵਿਖੇ ਨੌਜਵਾਨ ਚਰਨਜੀਤ ਸਿੰਘ ਦੀ ਲੱਤ ਨੂੰ ਚਕਨਾਚੂਰ ਕਰਨ ਤੇ ਨੌਜਵਾਨ ਪ੍ਰਨੀਤ ਸਿੰਘ ਦਾ ਹੱਥ ਦੋਫਾੜ ਕਰਨ ਅਤੇ ਮਜ਼ਦੂਰਾਂ ਕਿਸਾਨਾਂ ‘ਤੇ ਜ਼ਬਰ ਢਾਹੁਣ ਦੇ ਦੋਸ਼ੀ ਐਸ ਐਸ ਪੀ ਜੋਯਤੀ ਯਾਦਵ ਸਮੇਤ ਸਾਰੇ ਅਧਿਕਾਰੀਆਂ ਤੇ ਪਰਚੇ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।

ਉਹਨਾਂ ਜਿਉਂਦ ਵਿਖੇ ਕੀਤੇ ਜ਼ੁਲਮੀ ਕਾਰੇ ਲਈ ਪੰਜਾਬ ਸਰਕਾਰ ਵੱਲੋਂ ਜਨਤਕ ਮੁਆਫ਼ੀ ਮੰਗਣ, ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਮੜੀਆਂ ਰੋਕਾਂ ਖ਼ਤਮ ਕਰਨ, ਜ਼ਖਮੀਆਂ ਦੇ ਇਲਾਜ ਤੇ ਹੋਰ ਨੁਕਸਾਨ ਦੀ ਭਰਪਾਈ ਕਰਨ ਅਤੇ ਅੰਦੋਲਨਾਂ ਦੌਰਾਨ ਸੰਘਰਸ਼ਸ਼ੀਲ ਲੋਕਾਂ ‘ਤੇ ਬਣੇ ਕੇਸ ਵਾਪਸ ਲੈਣ ਦੀ ਵੀ ਜ਼ੋਰਦਾਰ ਮੰਗ ਕੀਤੀ । ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਹੁਕਮਾਂ ‘ਤੇ ਜਿਉਂਦ ਵਿਖੇ ਜ਼ਮੀਨ ਮਾਲਕੀ ਦੇ ਹੱਕ ਲਈ ਸੰਘਰਸ਼ ਕਰਦੇ ਕਿਸਾਨਾਂ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ ।

ਉਹਨਾਂ ਆਖਿਆ ਕਿ ਕੇਂਦਰ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਵੀ ਸਾਮਰਾਜ ਪੱਖੀ ਨੀਤੀਆਂ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਤੇ ਬਿਜਲੀ ਪਾਣੀ ਦੀ ਸਹੂਲਤ ਖੋਹਣ, ਕਿਰਤੀ ਮਜ਼ਦੂਰਾਂ ਤੋਂ ਰੁਜ਼ਗਾਰ ਤੇ ਅੱਠ ਘੰਟੇ ਦੀ ਕੰਮ ਦਿਹਾੜੀ ਦਾ ਹੱਕ ਖੋਹਣ, ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਲਾਗੂ ਕਰਨ ਤੋਂ ਇਲਾਵਾ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਰਾਹ ‘ਚ ਅੜਿੱਕਾ ਬਣ ਰਹੀ ਪੰਜਾਬ ਦੀ ਕਿਸਾਨ ਤੇ ਲੋਕ ਲਹਿਰ ਨੂੰ ਕੁਚਲਣ ਦੇ ਲਈ ਹੀ ਜਾਬਰ ਪੁਲਿਸ ਮਸ਼ਨੀਰੀ ਦੇ ਦੰਦੇ ਆਏ ਦਿਨ ਤਿੱਖੇ ਕਰ ਰਹੀ ਹੈ। ਉਹਨਾਂ ਆਖਿਆ ਕਿ ਆਪ ਸਰਕਾਰ ਨਿੱਤ ਦਿਹਾੜੇ ਥਾਂ – ਥਾਂ ਉੱਤੇ ਸੰਘਰਸ਼ ਕਰਦੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਔਰਤਾਂ ਉੱਪਰ ਤਸ਼ੱਦਦ ਢਾਹ ਕੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਨਾਂਅ ਹੇਠ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਨੌਜਵਾਨਾਂ ਦੇ ਕਤਲ ਕਰਨ ਤੇ ਲੱਤਾਂ ਚ ਗੋਲੀਆਂ ਮਾਰਨ ਵਰਗੇ ਕਾਂਡ ਰਚਾਏ ਜਾ ਰਹੇ ਹਨ।

ਅੱਜ਼ ਦੇ ਇਕੱਠ ਵੱਲੋਂ ਬੀਤੇ ਦਿਨੀਂ ਗੁਰਦਾਸਪੁਰ ਪੁਲਿਸ ਵੱਲੋਂ ਨੌਜਵਾਨ ਰਣਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕਰਨ ਦੀ ਨਿਖੇਧੀ ਦਾ ਮਤਾ ਪਾਸ ਕਰਕੇ ਇਸਦੀ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਤਲ ਦਾ ਪਰਚਾ ਦਰਜ ਕਰਕੇ ਗਿਰਫ਼ਤਾਰ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ ਗਈ।

ਅੱਜ਼ ਦੇ ਇਕੱਠ ਨੂੰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ , ਹਰਿੰਦਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ, ਬੀ ਕੇ ਯੂ ਕ੍ਰਾਂਤੀਕਾਰੀ ਦੀ ਆਗੂ ਸੁਖਵਿੰਦਰ ਕੌਰ , ਬੀਕੇਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ ਨੰਦਗੜ੍ਹ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਆਲ ਇੰਡੀਆ ਕਿਸਾਨ ਸਭਾ ਦੇ ਕਿਰਨਜੀਤ ਸਿੰਘ ਸੇਖੋਂ, ਉੱਘੇ ਸਮਾਜਿਕ ਕਾਰਕੁੰਨ ਹਿਮਾਂਸ਼ੂ ਕੁਮਾਰ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿਤਪਾਲ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਕਿਸ਼ਨ ਸਿੰਘ ਸਿੰਘ, ਪੀ ਐਸ ਯੂ ਲਲਕਾਰ ਦੀ ਆਗੂ ਪਰਮਿੰਦਰ ਕੌਰ, ਪਾਵਰਕਾਮ ਐਂਡ ਟਰਾਸਕੋ ਯੂਨੀਅਨ ਦੇ ਆਗੂ ਬਲਿਹਾਰ ਸਿੰਘ ਕਟਾਰੀਆ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਵਰਿੰਦਰ ਸਿੰਘ ਮੋਮੀ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਚੰਦ ਸਿੰਘ , ਜਮਹੂਰੀ ਕਿਸਾਨ ਸਭਾ ਦੇ ਆਗੂ ਜਗਜੀਤ ਸਿੰਘ ਘੁੰਮਣ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ ਬੁੱਟਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਰਾਜਿੰਦਰ ਸਿੰਘ ਭਦੌੜ, ਬੀਕੇਯੂ ਏਕਤਾ ਡਕੌਂਦਾ ( ਬੁਰਜ ਗਿੱਲ) ਦੇ ਬਲਦੇਵ ਸਿੰਘ ਭਾਈਰੂਪਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਿੰਦਰ ਸਿੰਘ ਚਨਾਰਥਲ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਪਲਸ ਮੰਚ ਦੇ ਆਗੂ ਅਮੋਲਕ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ, ਸੀਟੂ ਦੇ ਆਗੂ ਸ਼ੇਰ ਸਿੰਘ ਫਰਵਾਹੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਗੋਬਿੰਦ ਸਿੰਘ ਛਾਜਲੀ, ਬੀਕੇਯੂ ਏਕਤਾ ਅਜ਼ਾਦ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਬੀਕੇਯੂ ਮਾਲਵਾ ਦੇ ਨਛੱਤਰ ਸਿੰਘ ਜੈਤੋ, ਬੀ ਕੇ ਯੂ ਭਟੇਰੀ ਦੇ ਗੁਰਧਿਆਨ ਸਿੰਘ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਧੰਨਾ ਮੱਲ ਗੋਇਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ, ਬੀਕੇਯੂ ਰਾਜੇਵਾਲ ਦੇ ਆਗੂ ਗੋਰਾ ਸਿੰਘ , ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ , ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜੁਗਰਾਜ ਸਿੰਘ ਟੱਲੇਵਾਲ, ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਦੇ ਆਗੂ ਬਲਕਾਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਜਿਉਂਦ ਜ਼ਬਰ ‘ਚ ਗੰਭੀਰ ਜਖਮੀ ਹੋਏ ਚਰਨਜੀਤ ਸਿੰਘ ਤੇ ਪ੍ਰਨੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਜ਼ਬਰ ਨੂੰ ਖਿੜੇ ਮੱਥੇ ਝੱਲ ਕੇ ਲੋਕ ਸੰਘਰਸ਼ਾਂ ਚ ਹੋਰ ਵੀ ਜੋਰ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ।