ਪੰਜਾਬ ਦੇ ਅਧਿਆਪਕ ਹੁਣ ਬਣਾਉਣਗੇ ਸਿਹਤ ਬੀਮਾ ਕਾਰਡ! ‘ਅਖੌਤੀ ਸਿੱਖਿਆ ਕ੍ਰਾਂਤੀ’ ਦਾ ਭਾਂਡਾ ਭੱਜਿਆ

 

ਸਿਹਤ ਬੀਮਾ ਕਾਰਡ ਬਣਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਦਾ ਡੀ.ਟੀ.ਐੱਫ. ਵੱਲੋਂ ਵਿਰੋਧ

ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿੱਖਿਆ ਨੂੰ ਸਮਝ ਰਿਹਾ ਗੌਣ- ਡੀ.ਟੀ.ਐੱਫ.

ਸੰਗਰੂਰ, 11 ਮਾਰਚ 2026-

ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਸਿਹਤ ਬੀਮਾ ਕਾਰਡ ਬਣਾਉਣ ਲਈ ਲਾਉਣ ਦੇ ਵਿਰੋਧ ਵਿੱਚ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਡੀਸੀ ਸੰਗਰੂਰ ਨੂੰ ਮਿਲਿਆ ਤੇ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ।

ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਵਫ਼ਦ ਨੇ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਾਉਣ ਦਾ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕੱਢਣ ਤੋਂ ਸਪੱਸ਼ਟ ਹੈ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਕਿੰਨੀ ਕੁ ਗੰਭੀਰ ਹੈ ਅਤੇ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਹਕੀਕੀ ਰੂਪ ਦੇਣ ਲਈ ਕਿੰਨਾ ਕੁ ਸੁਹਿਰਦ ਹੈ। ਸਿੱਖਿਆ ਨੂੰ ਗੌਣ ਸਮਝਿਆ ਜਾ ਰਿਹਾ ਹੈ ਅਤੇ ਬਾਕੀ ਸਾਰੇ ਕੰਮਾਂ ਨੂੰ ਇਸ ਤੋਂ ਉੱਪਰ ਰੱਖਿਆ ਜਾ ਰਿਹਾ ਹੈ।

ਇਹੀ ਕਾਰਨ ਹੈ ਕਿ ਰੁਟੀਨ ਦੇ ਪ੍ਰਸ਼ਾਸਨਿਕ ਕੰਮਾਂ ਲਈ ਅਧਿਆਪਕਾਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਜਦੋਂ ਕਿ ਸਿੱਖਿਆ ਮੰਤਰੀ ਪੰਜਾਬ ਨੇ ਅਧਿਕਾਰੀਆਂ ਨੂੰ ਪਿਛਲੇ ਚਾਰ ਸਾਲਾਂ ਵਿੱਚ ਦੋ ਵਾਰ ਪੱਤਰ ਕੱਢ ਕੇ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਨਾ ਲੈਣ ਅਤੇ ਸਿਰਫ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਲੈਣ ਦੀਆਂ ਹਿਦਾਇਤਾਂ ਕੀਤੀਆਂ ਹਨ।

ਇਹਨਾਂ ਹਿਦਾਇਤਾਂ ਨੂੰ ਹਾਲੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ। ਡੀਸੀ ਸੰਗਰੂਰ ਦਾ ਸਮੁੱਚਾ ਰਵੱਈਆ ਆਪਣੇ ਪ੍ਰਸ਼ਾਸ਼ਨ ਨੂੰ ਚਲਾਉਣ ਨੂੰ ਮੁੱਖ ਰੱਖਣ ਵਾਲਾ ਸੀ ਅਤੇ ਵਫ਼ਦ ਨੇ ਇਹ ਪ੍ਰਭਾਵ ਲਿਆ ਕਿ ਅਧਿਕਾਰੀ ਵੱਲੋਂ ਨਾ ਤਾਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਿਆ ਗਿਆ ਤੇ ਨਾ ਹੀ ਹੱਲ ਕਰਨ ਦਾ ਕੋਈ ਪੱਕਾ ਭਰੋਸਾ ਦਿੱਤਾ ਗਿਆ।

ਸਿਰਫ ਇਸ ਮਸਲੇ ਵਿੱਚ ‘ਹਾਂ ਪੱਖੀ ਦਖ਼ਲ’ ਦੇਣ ਦੀ ਗੱਲ ਕਹੀ ਗਈ ਜੋ ਕਿ ਕਿਸੇ ਵੀ ਹਾਲਤ ਵਿੱਚ ਸੰਤੁਸ਼ਟੀਜਨਕ ਨਹੀਂ ਹੈ। ਇਸ ਦੇ ਸਨਮੁੱਖ ਜਥੇਬੰਦੀ ਵੱਲੋਂ ਆਉਂਦੇ ਦਿਨਾਂ ਵਿੱਚ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਸਬੰਧੀ ਅਗਲਾ ਜਥੇਬੰਦਕ ਐਕਸ਼ਨ ਉਲੀਕਣ ਦਾ ਫ਼ੈਸਲਾ ਕੀਤਾ ਗਿਆ।

ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਬਲਾਕਾਂ ਦੇ ਆਗੂ ਤੇ ਕਾਰਕੁਨ ਚੰਦਰ ਸ਼ੇਖਰ, ਜਗਤਾਰ ਲੌਂਗੋਵਾਲ, ਭਿੰਦਰ ਸਿੰਘ ਸਤੌਜ, ਹਰਪ੍ਰੀਤ ਸਿੰਘ, ਅਸ਼ੋਕ ਦੀਨ ਤੇ ਪਰਮਜੀਤ ਸਿੰਘ ਸ਼ਾਮਿਲ ਸਨ।