ਇਤਿਹਾਸਕ ਪਹਿਲ: 31 ਜੁਲਾਈ ਤੋਂ ਸ਼ੁਰੂ ਹੋਵੇਗਾ ਸ਼ਹੀਦ ਊਧਮ ਸਿੰਘ ਸਕਿਲ ਯੂਨੀਵਰਸਿਟੀ ਦਾ ਪਹਿਲਾ ਵਿਦਿਅਕ ਸੈਸ਼ਨ- ਡਾ. ਸੰਦੀਪ ਸਿੰਘ ਕੌੜਾ
31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਇੰਟਰਪਰਨਰਸ਼ਿਪ ਯੂਨੀਵਰਸਿਟੀ ਸ਼ੁਰੂ ਕਰੇਗੀ ਆਪਣਾ ਵਿਦਿਅਕ ਸੈਸ਼ਨ: ਡਾ. ਸੰਦੀਪ ਸਿੰਘ ਕੌੜਾ
ਕੰਬੋਜ ਫਾਉਂਡੇਸ਼ਨ ਦੇ ਅਹੁਦੇਦਾਰਾਂ ਦਾ ਕੀਤਾ ਵਿਸਥਾਰ
ਕਿੱਤਾ ਮੁਖੀ ਕੋਰਸਾਂ ਕਰਕੇ ਦੇਸ਼ ਵਿੱਚ ਨੰਬਰ ਇੱਕ ਪ੍ਰਾਪਤ ਕਰੇਗੀ ਇਹ ਯੂਨੀਵਰਸਿਟੀ: ਜਗਦੀਪ ਸਿੰਘ ਮਰੋਕ
ਕੁਝ ਤਾਕਤਾਂ ਅਟਕਾ ਰਹੀਆਂ ਹਨ ਇਸ ਵੱਡੇ ਪ੍ਰੋਜੈਕਟ ਵਿੱਚ ਰੋੜੇ: ਡਾ ਮੰਗਲ ਸਿੰਘ
ਜਸਬੀਰ ਸਿੰਘ ਕੰਬੋਜ
ਚੰਡੀਗੜ੍ਹ 17 ਮਾਰਚ 2026- ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਇੰਟਰਪਰਨਿਊਰਸ਼ਿਪ ਯੂਨੀਵਰਸਿਟੀ ਪੰਜਾਬ ਆਪਣੇ ਵਿਦਿਅਕ ਸੈਸ਼ਨ ਨੂੰ 31 ਜੁਲਾਈ 2026 ਨੂੰ ਬਕਾਇਦਾ ਸ਼ੁਰੂ ਕਰੇਗੀ। ਇਹ ਟੀਚਾ ਅੱਜ ਕੰਬੋਜ ਫਾਉਂਡੇਸ਼ਨ ਦੀ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ ਵਿੱਚ ਮਿੱਥਿਆ ਗਿਆ। ਕੰਬੋਜ ਫਾਉਂਡੇਸ਼ਨ ਦੀ ਗਵਰਨਰ ਕੌਂਸਲ ਦੇ ਅੱਜ ਦੇਸ਼ ਭਰ ਵਿੱਚੋਂ ਨੁਮਾਇੰਦੇ ਪੁੱਜੇ। ਇਸ ਮੌਕੇ ਕੰਬੋਜ ਫਾਉਂਡੇਸ਼ਨ ਦੇ ਨਵੇਂ ਅਹੁਦੇਦਾਰ ਚੁਣੇ ਗਏ। ਇਸ ਮੌਕੇ ਮਤਾ ਪਾਸ ਕਰਕੇ ਪੈਟਰਨ ਡਾਕਟਰ ਸੰਦੀਪ ਸਿੰਘ ਕੌੜਾ, ਚੇਅਰਮੈਨ ਡਾ ਮੰਗਲ ਸਿੰਘ, ਡਾ ਸੂਬਾ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਹਾਂਡਾ ਅਤੇ ਹਰਦਿਆਲ ਸਿੰਘ ਕੰਬੋਜ ਮੀਤ ਪ੍ਰਧਾਨ ਚੁਣੇ ਗਏ।
ਮਾਨ ਸਿੰਘ ਧੰਮ ਸੀਨੀਅਰ ਵਾਈਸ ਚੇਅਰਮੈਨ, ਹਰਪਾਲ ਸਿੰਘ, ਜਰਨੈਲ ਸਿੰਘ ਵਾਈਸ ਚੇਅਰਮੈਨ, ਬੀ ਐਸ ਧੰਜੂ ਸਕੱਤਰ, ਹਰਦੀਪ ਸਿੰਘ ਸਨੌਰ ਖਜਾਨਚੀ, ਮਨਮਿੰਦਰ ਸਿੰਘ ਜੁਆਇੰਟ ਸਕੱਤਰ ਚੁਣੇ ਗਏ। ਇਸ ਮੌਕੇ ਮਤਾ ਪਾਸ ਕਰਕੇ ਫਾਊਂਡੇਸ਼ਨ ਨਾਲ ਜੁੜੇ ਕੁਝ ਮੈਂਬਰਾਂ ਵੱਲੋਂ ਯੂਨੀਵਰਸਿਟੀ ਅਤੇ ਫਾਊਂਡੇਸ਼ਨ ਸਬੰਧੀ ਕੀਤੇ ਗਏ ਗਲਤ ਪ੍ਰਚਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਉਸ ਨੂੰ ਰੱਦ ਕੀਤਾ ਗਿਆ।
ਇਸ ਮੌਕੇ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਹਸਤੀਆਂ ਨੇ ਹਲਫ਼ ਲਿਆ ਕਿ ਕੌਮੀ ਅਣਖ ਦੇ ਪ੍ਰਤੀਕ ਸਰਦਾਰ ਊਧਮ ਸਿੰਘ ਦੇ ਨਾਮ ‘ਤੇ ਸਥਾਪਿਤ ਹੋਣ ਜਾ ਰਹੀ ਨਵੇਕਲੀ ਕਿਸਮ ਦੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਖੁਦ ਰੁਜ਼ਗਾਰ ਪ੍ਰਾਪਤ ਕਰਕੇ ਅਤੇ ਖੁਦ ਰੁਜ਼ਗਾਰ ਦੇਣ ਦੇ ਯੋਗ ਹੋ ਕੇ ਯੂਨੀਵਰਸਿਟੀ ਤੋਂ ਨਿਕਲਣਗੇ।
ਇਸ ਮੌਕੇ ਡਾਕਟਰ ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਟੀਚੇ ਮਿੱਥੇ ਗਏ ਸਨ, ਉਹਨਾਂ ‘ਤੇ ਲਗਾਤਾਰ ਕਾਮਯਾਬੀ ਨਾਲ ਕੰਮ ਜਾਰੀ ਹੈ। 31 ਜੁਲਾਈ ਤੱਕ ਯੂਨੀਵਰਸਿਟੀ ਦਾ ਮਿਥਿਆ ਕੰਮ ਸ਼ੁਰੂ ਕਰਵਾਉਣ ਦੇ ਨਾਲ ਹੀ ਸਾਡਾ ਮਨੋਰਥ ਇਹ ਹੈ ਕਿ ਪੰਜਾਬ ਸਰਕਾਰ ਇੱਕ ਵਿਸ਼ੇਸ਼ ਸੈਸ਼ਨ ਸ਼ਹੀਦ ਦੀ ਜਨਮ ਭੂਮੀ ਸੁਨਾਮ ਜਾਂ ਫਿਰ ਯੂਨੀਵਰਸਿਟੀ ਕੈਂਪਸ ਕਪੂਰਥਲਾ ਵਿਖੇ ਕਰਕੇ ਇਸ ਦੀ ਬਕਾਇਦਾ ਸ਼ੁਰੂਆਤ ਕਰੇਗੀ। ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਫੀਸਾਂ ਨਹੀਂ ਲਈਆਂ ਜਾਣਗੀਆਂ।
ਇੱਕ ਵਰਗ ਦੇ ਵਿਦਿਆਰਥੀਆਂ ਦੀਆਂ ਫੀਸਾਂ ਇੰਡਸਟਰੀ ਭਰੇਗੀ, ਕੁਝ ਵਿਦਿਆਰਥੀਆਂ ਦੀਆਂ ਫੀਸਾਂ ਦਾ ਭੁਗਤਾਨ ਸਰਕਾਰੀ ਤੌਰ ‘ਤੇ ਹੋਵੇਗਾ ਅਤੇ ਕੁਝ ਨੂੰ ਵਿਦਿਅਕ ਲੋਨ ਦੇ ਆਧਾਰ ‘ਤੇ ਹੁਨਰ ਦੇ ਪਰਪੱਕ ਹੋਣ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਜਗਦੀਪ ਸਿੰਘ ਮਰੋਕ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਭਾਈਚਾਰਾ ਉਸ ਸ਼ਹੀਦ ਦੇ ਨਾਮ ‘ਤੇ ਵੱਡਾ ਵਿੱਦਿਆ ਦਾ ਚਾਨਣ ਮੁਨਾਰਾ ਸਥਾਪਿਤ ਕਰਨ ਜਾ ਰਿਹਾ ਹੈ, ਜਿਸ ਨੇ ਜਿੱਥੇ ਆਪਣੇ ਮਿਥੇ ਟੀਚੇ ਨੂੰ ਕਈ ਸਾਲਾਂ ਬਾਅਦ ਹਾਸਿਲ ਕੀਤਾ, ਉੱਥੇ ਉਸ ਨੇ ਜਾਤ-ਪਾਤ ਦਾ ਉਨ੍ਹਾਂ ਵੇਲਿਆਂ ਵਿੱਚ ਖੰਡਨ ਕੀਤਾ, ਜਦੋਂ ਕਿ ਸਾਰੇ ਸਮਾਜ ਵਿੱਚ ਜਾਤੀਵਾਦ ਦਾ ਵੱਡਾ ਬੋਲਬਾਲਾ ਸੀ।
ਇਸ ਮੌਕੇ ਡਾਕਟਰ ਮੰਗਲ ਸਿੰਘ ਨੇ ਕਿਹਾ ਕਿ ਕੁਝ ਤਾਕਤਾਂ ਇਸ ਵੱਡੇ ਪ੍ਰੋਜੈਕਟ ਨੂੰ ਰੋਕਣ ਲਈ ਕਾਰਜਸ਼ੀਲ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸਾਡਾ ਮਿਥਿਆ ਮਿਸ਼ਨ ਅਸੀਂ ਪ੍ਰਾਪਤ ਕਰਕੇ ਰਹਾਂਗੇ। ਇਸ ਮੌਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਗਈ।






