Himachal Dress Code: ਸਰਕਾਰੀ ਮੁਲਾਜ਼ਮਾਂ ਲਈ ਡਰੈੱਸ ਕੋਡ ਲਾਗੂ, ਜੀਨਸ-ਟੀਸ਼ਰਟ ‘ਤੇ ਲੱਗੀ ਪਾਬੰਦੀ

 

Himachal Dress Code: ਸਰਕਾਰੀ ਮੁਲਾਜ਼ਮਾਂ ਲਈ ਡਰੈੱਸ ਕੋਡ ਲਾਗੂ, ਜੀਨਸ-ਟੀਸ਼ਰਟ ‘ਤੇ ਲੱਗੀ ਪਾਬੰਦੀ

Punjab Network

ਸ਼ਿਮਲਾ, 18 ਮਾਰਚ 2026:

ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਰੈੱਸ ਕੋਡ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕਾਰਮਿਕ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦਫ਼ਤਰਾਂ ਵਿੱਚ ਅਨੁਸ਼ਾਸਨ ਅਤੇ ਪੇਸ਼ੇਵਰ ਮਰਿਆਦਾ ਨੂੰ ਬਣਾਈ ਰੱਖਣਾ ਲਾਜ਼ਮੀ ਹੋਵੇਗਾ।

ਕੀ ਪਹਿਨਣਾ ਹੋਵੇਗਾ ਅਤੇ ਕਿਸ ‘ਤੇ ਲੱਗੀ ਪਾਬੰਦੀ?

ਸਰਕਾਰ ਨੇ ਆਪਣੇ ਆਦੇਸ਼ਾਂ ਵਿੱਚ 3 ਅਗਸਤ 2017 ਦੇ ਪੁਰਾਣੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕਰਮਚਾਰੀ ਹਮੇਸ਼ਾ ਸਾਫ਼-ਸੁਥਰੇ ਅਤੇ ਰਸਮੀ (Formal) ਕੱਪੜੇ ਪਹਿਨਣ। ਪੁਰਸ਼ ਕਰਮਚਾਰੀਆਂ ਨੂੰ ਪੈਂਟ-ਸ਼ਰਟ ਪਹਿਨਣ ਅਤੇ ਮਹਿਲਾ ਕਰਮਚਾਰੀਆਂ ਨੂੰ ਸਾੜੀ, ਸੂਟ ਜਾਂ ਹੋਰ ਰਸਮੀ ਪਹਿਰਾਵਾ ਪਹਿਨਣ ਦੀ ਹਦਾਇਤ।

ਜੀਨਸ, ਟੀ-ਸ਼ਰਟ, ਕੈਜ਼ੂਅਲ (Casual) ਕੱਪੜੇ ਜਾਂ ਪਾਰਟੀ ਵੇਅਰ ਪਹਿਨਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਅਦਾਲਤ ਵਿੱਚ ਪੇਸ਼ੀ ਜਾਂ ਦਫ਼ਤਰ ਵਿੱਚ ਹਾਜ਼ਰੀ ਦੌਰਾਨ ਸਾਦੇ ਰੰਗ ਦੇ ਕੱਪੜਿਆਂ ਨੂੰ ਪਹਿਲ ਦੇਣ ਲਈ ਕਿਹਾ ਗਿਆ ਹੈ।

ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਨਵੀਂ ਨੀਤੀ

ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ ਗਿਆ ਹੈ। ਕੋਈ ਵੀ ਕਰਮਚਾਰੀ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੋਂ ਸਰਕਾਰੀ ਨੀਤੀਆਂ, ਫੈਸਲਿਆਂ ਜਾਂ ਰਾਜਨੀਤਿਕ/ਧਾਰਮਿਕ ਵਿਸ਼ਿਆਂ ‘ਤੇ ਕੋਈ ਟਿੱਪਣੀ ਨਹੀਂ ਕਰ ਸਕੇਗਾ।

ਬਿਨਾਂ ਇਜਾਜ਼ਤ ਕਿਸੇ ਵੀ ਅਧਿਕਾਰਤ ਦਸਤਾਵੇਜ਼ ਜਾਂ ਜਾਣਕਾਰੀ ਨੂੰ ਜਨਤਕ ਕਰਨ ‘ਤੇ ਸਖ਼ਤ ਰੋਕ ਲਗਾਈ ਗਈ ਹੈ। ਜੇਕਰ ਕੋਈ ਕਰਮਚਾਰੀ ਕਿਸੇ ਜਨਤਕ ਮੰਚ ‘ਤੇ ਆਪਣੀ ਰਾਏ ਰੱਖਦਾ ਹੈ, ਤਾਂ ਉਸ ਨੂੰ ਸਪੱਸ਼ਟ ਕਰਨਾ ਹੋਵੇਗਾ ਕਿ ਇਹ ਉਸ ਦੇ ਨਿੱਜੀ ਵਿਚਾਰ ਹਨ, ਸਰਕਾਰ ਦੇ ਨਹੀਂ।

ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ

ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਕੇਂਦਰੀ ਸਿਵਲ ਸੇਵਾ (ਆਚਰਣ) ਨਿਯਮ, 1964 ਦੇ ਤਹਿਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕਰਮਚਾਰੀਆਂ ਤੋਂ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।