Opium Cultivation: ਪੰਜਾਬ ‘ਚ ਅਫੀਮ-ਭੁੱਕੀ ਦੀ ਖੇਤੀ ਦੀ ਮੰਗ ਨੇ ਫੜਿਆ ਜ਼ੋਰ! ਪੜ੍ਹੋ ਕਿਸਾਨ ਲੀਡਰਾਂ ਦੇ ਬਿਆਨਾਂ ‘ਤੇ Mann ਸਰਕਾਰ ਦਾ ਜਵਾਬ
“ਕੁਦਰਤੀ ਨਸ਼ਾ ਸਿੰਥੈਟਿਕ ਨਾਲੋਂ ਬਿਹਤਰ”- ਹਰਮੀਤ ਸਿੰਘ ਕਾਦੀਆਂ
ਨਸ਼ਾ ਚਾਹੇ ਕੋਈ ਵੀ ਹੋਵੇ, ਉਹ ਸਮਾਜ-ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ- ਡੱਲੇਵਾਲ/ ਸਿਰਸਾ ਦਾ ਇਤਰਾਜ਼
ਜੋ ਲੋਕ ਅਫ਼ੀਮ ਦੀ ਖੇਤੀ ਦੀ ਮੰਗ ਕਰ ਰਹੇ ਹਨ, ਸ਼ਾਇਦ ਉਨ੍ਹਾਂ ਨੇ ਇਤਿਹਾਸ ਨਹੀਂ ਪੜ੍ਹਿਆ- ਸਿਹਤ ਮੰਤਰੀ ਡਾ. ਬਲਵੀਰ ਸਿੰਘ
ਪੰਜਾਬ ਨੈੱਟਵਰਕ (Punjab Network)
ਚੰਡੀਗੜ੍ਹ/ਲੁਧਿਆਣਾ, 20 ਮਾਰਚ 2026: ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ (ਚਿੱਟੇ) ਕਾਰਨ ਹੋ ਰਹੀਆਂ ਮੌਤਾਂ ਦੇ ਹੱਲ ਵਜੋਂ ਹੁਣ ਕੁਦਰਤੀ ਨਸ਼ਿਆਂ (ਅਫੀਮ ਅਤੇ ਭੁੱਕੀ Opium Cultivation) ਦੀ ਖੇਤੀ/ਵਿਕਰੀ ਦੀ ਮੰਗ ਉੱਠਣ ਲੱਗੀ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵੱਲੋਂ ਅਫੀਮ ਅਤੇ ਭੁੱਕੀ ਦੇ ਠੇਕੇ ਖੋਲ੍ਹਣ ਦੀ ਕੀਤੀ ਹਮਾਇਤ ਨੇ ਕਿਸਾਨ ਜਥੇਬੰਦੀਆਂ ਨੂੰ ਦੋਫਾੜ ਕਰ ਦਿੱਤਾ ਹੈ।
“ਕੁਦਰਤੀ ਨਸ਼ਾ ਸਿੰਥੈਟਿਕ ਨਾਲੋਂ ਬਿਹਤਰ”- ਹਰਮੀਤ ਸਿੰਘ ਕਾਦੀਆਂ
ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦਲੀਲ ਦਿੱਤੀ ਹੈ ਕਿ, ਜੇਕਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਅਫੀਮ ਦੀ ਖੇਤੀ ਲਈ ਲਾਇਸੈਂਸ ਮਿਲ ਸਕਦੇ ਹਨ, ਤਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ? ਉਨ੍ਹਾਂ ਮੁਤਾਬਕ, ਅਫੀਮ ਅਤੇ ਭੁੱਕੀ ਦੀ ਕਾਨੂੰਨੀ ਵਿਕਰੀ ਨਾਲ ਨੌਜਵਾਨਾਂ ਨੂੰ ਮਾਰੂ ‘ਚਿੱਟੇ’ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਰ ਸਕਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਅਫ਼ੀਮ ਅਤੇ ਡੋਡਿਆਂ ਦੀ ਖੇਤੀ ਨੂੰ ਪ੍ਰਵਾਨਗੀ ਦੇ ਕੇ ਇਨ੍ਹਾਂ ਦੇ ਸਰਕਾਰੀ ਠੇਕੇ ਖੋਲ੍ਹੇ ਜਾਣੇ ਚਾਹੀਦੇ ਹਨ। ਹਰਮੀਤ ਕਾਦੀਆਂ ਨੇ ਕਿਹਾ ਕਿ ਪਿਛਲੇ 15-20 ਸਾਲਾਂ ਤੋਂ ਖੇਤੀ ਵਿਭਿੰਨਤਾ ਦੀਆਂ ਗੱਲਾਂ ਹੋ ਰਹੀਆਂ ਹਨ। ਅਫ਼ੀਮ ਦੀ ਖੇਤੀ ਇੱਕ ਵਧੀਆ ਬਦਲ ਹੋ ਸਕਦੀ ਹੈ ਕਿਉਂਕਿ ਇਸ ਦੀ ਵਿਸ਼ਵ ਪੱਧਰ ‘ਤੇ ਮੈਡੀਕਲ ਵੈਲਿਊ (ਦਵਾਈਆਂ ਲਈ ਵਰਤੋਂ) ਬਹੁਤ ਜ਼ਿਆਦਾ ਹੈ ਅਤੇ ਵੱਡੀਆਂ ਕੰਪਨੀਆਂ ਨੂੰ ਇਸ ਦੀ ਲੋੜ ਰਹਿੰਦੀ ਹੈ।
ਉਨ੍ਹਾਂ ਚਿੰਤਾ ਜਤਾਈ ਕਿ ਅੱਜ ਪੰਜਾਬ ਦੇ ਹਰ ਘਰ ਵਿੱਚ ਘਾਤਕ ਨਸ਼ੇ (ਚਿੱਟਾ/ਟੀਕੇ) ਪਹੁੰਚ ਚੁੱਕੇ ਹਨ, ਜਿਸ ਨਾਲ ਰੋਜ਼ਾਨਾ ਨੌਜਵਾਨ ਮਰ ਰਹੇ ਹਨ। ਉਨ੍ਹਾਂ ਮੁਤਾਬਕ ਜੇਕਰ ਕੁਦਰਤੀ ਨਸ਼ਾ (ਅਫ਼ੀਮ/ਡੋਡੇ) ਉਪਲਬਧ ਹੋਵੇਗਾ, ਤਾਂ ਨੌਜਵਾਨ ਇਨ੍ਹਾਂ ਮਾਰੂ ਟੀਕਿਆਂ ਤੋਂ ਬਚ ਸਕਣਗੇ। ਕਾਦੀਆਂ ਨੇ ਸਵਾਲ ਉਠਾਇਆ ਕਿ ਜੇਕਰ ਸਰਕਾਰ ਸ਼ਰਾਬ ਵੇਚ ਕੇ ਮੁਨਾਫ਼ਾ ਕਮਾ ਸਕਦੀ ਹੈ, ਤਾਂ ਅਫ਼ੀਮ ਅਤੇ ਡੋਡਿਆਂ ਨੂੰ ਟੈਕਸੇਸ਼ਨ ਅਤੇ ਐਕਸਾਈਜ਼ ਵਿਭਾਗ ਦੇ ਘੇਰੇ ਵਿੱਚ ਲਿਆ ਕੇ ਠੇਕੇ ਕਿਉਂ ਨਹੀਂ ਖੋਲ੍ਹੇ ਜਾ ਸਕਦੇ? ਇਸ ਨਾਲ ਸਰਕਾਰ ਦੇ ਖ਼ਜ਼ਾਨੇ ਵਿੱਚ ਵੱਡਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੂਰੇ ਸਿਸਟਮ ਨੂੰ ਸਰਕਾਰੀ ਨਿਗਰਾਨੀ ਹੇਠ ਲਿਆਂਦਾ ਜਾਵੇ ਤਾਂ ਜੋ ਨਸ਼ੇ ਦੀ ਦੁਰਵਰਤੋਂ ਰੁਕ ਸਕੇ ਅਤੇ ਇਹ ਸਿਰਫ਼ ਨਿਯਮਾਂ ਅਨੁਸਾਰ ਹੀ ਮਿਲੇ।
ਨਸ਼ਾ ਚਾਹੇ ਕੋਈ ਵੀ ਹੋਵੇ, ਉਹ ਸਮਾਜ-ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ- ਡੱਲੇਵਾਲ/ ਸਿਰਸਾ ਦਾ ਇਤਰਾਜ਼
ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਮੰਗ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ, ਉਹ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਹੈ। ਡੱਲੇਵਾਲ ਨੇ ਇੱਕ ਪਰਿਵਾਰਕ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਖ਼ੁਦ ਨਸ਼ਾ ਤਿਆਗਾਂਗੇ, ਤਾਂ ਹੀ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਹਿ ਸਕਾਂਗੇ। ਉਨ੍ਹਾਂ ਕਿਹਾ, “ਸਾਨੂੰ ਨਸ਼ੇ ਤੋਂ ਤੋਬਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਤੀਜੀ ਪੀੜ੍ਹੀ ਨੂੰ ਬਰਬਾਦ ਹੋਣ ਤੋਂ ਬਚਾ ਸਕੀਏ।”
ਅਫ਼ੀਮ ਅਤੇ ਭੁੱਕੀ ਦੀ ਵਕਾਲਤ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਚੀਜ਼ ਦੀ ਲਤ ਲੱਗ ਜਾਵੇ ਅਤੇ ਜਿਸ ਨੂੰ ਛੱਡਣ ਲਈ ‘ਨਸ਼ਾ ਮੁਕਤੀ ਕੇਂਦਰ’ (ਵੈਕਸੀਨ) ਜਾਣਾ ਪਵੇ, ਉਹ ਨਸ਼ਾ ਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜਾ ਨਸ਼ਾ ਪਹਿਲਾਂ ਹੀ ਜ਼ਿੰਦਗੀਆਂ ਤਬਾਹ ਕਰ ਰਿਹਾ ਹੈ, ਉਸ ਨੂੰ ਵਧਾਵਾ ਕਿਉਂ ਦਿੱਤਾ ਜਾਵੇ? ਡੱਲੇਵਾਲ ਨੇ ਇੱਕ ਬਹੁਤ ਹੀ ਅਹਿਮ ਨੁਕਤਾ ਚੁੱਕਦਿਆਂ ਕਿਹਾ ਕਿ ਜਿਹੜਾ ਵਿਅਕਤੀ ਨਸ਼ੇ ਦਾ ਆਦੀ ਹੁੰਦਾ ਹੈ, ਉਹ ਕਦੇ ਵੀ ਕਿਸੇ ਵੱਡੇ ਸੰਘਰਸ਼ ਜਾਂ ਅੰਦੋਲਨ ਦਾ ਹਿੱਸਾ ਨਹੀਂ ਬਣ ਸਕਦਾ।
ਉਨ੍ਹਾਂ ਕਿਹਾ, “ਨਸ਼ੇੜੀ ਬੰਦੇ ਨੂੰ ਜੇਲ੍ਹ ਜਾਣ ਤੋਂ ਡਰ ਲੱਗਦਾ ਹੈ। ਉਹ ਘਬਰਾ ਜਾਂਦਾ ਹੈ ਕਿ ਜੇ ਜੇਲ੍ਹ ਜਾਣਾ ਪਿਆ ਤਾਂ ਉਸ ਨੂੰ ਨਸ਼ਾ ਕਿੱਥੋਂ ਮਿਲੇਗਾ? ਅਜਿਹਾ ਵਿਅਕਤੀ ਅੰਦੋਲਨਾਂ ਵਿੱਚ ਸ਼ਾਮਲ ਹੋਣ ਦੀ ਹਿੰਮਤ ਨਹੀਂ ਕਰਦਾ।” ਨਸ਼ੇ ਦਾ ਵਿਕਲਪ ਨਸ਼ਾ ਨਹੀਂ ਹੋ ਸਕਦਾ। ਅਫੀਮ ਜਾਂ ਭੁੱਕੀ ਨੂੰ ਉਤਸ਼ਾਹਿਤ ਕਰਨਾ ਸਮਾਜ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਬਰਾਬਰ ਹੈ। ਅਸੀਂ ਅਜਿਹੀ ਕਿਸੇ ਵੀ ਮੰਗ ਦੇ ਹੱਕ ਵਿੱਚ ਨਹੀਂ ਹਾਂ ਜੋ ਨੌਜਵਾਨੀ ਨੂੰ ਕੁਰਾਹੇ ਪਾਵੇ।” ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੀ ਕਾਦੀਆਂ ਦੇ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਦਾ ਕੰਮ ਅੰਨ ਪੈਦਾ ਕਰਨਾ ਹੈ, ਨਸ਼ਾ ਵੇਚਣਾ ਨਹੀਂ।
ਜੋ ਲੋਕ ਅਫ਼ੀਮ ਦੀ ਖੇਤੀ ਦੀ ਮੰਗ ਕਰ ਰਹੇ ਹਨ, ਸ਼ਾਇਦ ਉਨ੍ਹਾਂ ਨੇ ਇਤਿਹਾਸ ਨਹੀਂ ਪੜ੍ਹਿਆ- ਸਿਹਤ ਮੰਤਰੀ ਡਾ. ਬਲਵੀਰ ਸਿੰਘ
ਪੰਜਾਬ ਵਿੱਚ ਅਫ਼ੀਮ ਅਤੇ ਭੁੱਕੀ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਦੀ ਉੱਠ ਰਹੀ ਮੰਗ ‘ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਸਾਨ ਆਗੂਆਂ ਦੇ ਇਸ ਸੁਝਾਅ ਨੂੰ ਗ਼ੈਰ-ਵਿਵਹਾਰਕ ਦੱਸਦਿਆਂ ਇਤਿਹਾਸ ਅਤੇ ਹੋਰਨਾਂ ਸੂਬਿਆਂ ਦੀਆਂ ਮਿਸਾਲਾਂ ਪੇਸ਼ ਕੀਤੀਆਂ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਜੋ ਲੋਕ ਅਫ਼ੀਮ ਦੀ ਖੇਤੀ ਦੀ ਮੰਗ ਕਰ ਰਹੇ ਹਨ, ਸ਼ਾਇਦ ਉਨ੍ਹਾਂ ਨੇ ਇਤਿਹਾਸ ਨਹੀਂ ਪੜ੍ਹਿਆ। ਉਨ੍ਹਾਂ ਕਿਸਾਨ ਆਗੂਆਂ ਨੂੰ ‘ਓਪੀਅਮ ਵਾਰ’ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹਾ।
ਮੰਤਰੀ ਨੇ ਦੱਸਿਆ ਕਿ ਰਾਜਸਥਾਨ ਵਿੱਚ ਪਹਿਲਾਂ ਭੁੱਕੀ ਦੇ ਠੇਕੇ ਹੁੰਦੇ ਸੀ, ਪਰ ਉਨ੍ਹਾਂ ਨੂੰ ਬੰਦ ਕਰਨਾ ਪਿਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਪ੍ਰੀਖਿਆਵਾਂ ਦੌਰਾਨ ਬੱਚੇ ਅਤੇ ਨੌਜਵਾਨ ਭੁੱਕੀ ਦੀ ਲਤ ਦਾ ਸ਼ਿਕਾਰ ਹੋਣ ਲੱਗ ਪਏ ਸਨ। ਡਾ. ਬਲਵੀਰ ਨੇ ਇੱਕ ਤਕਨੀਕੀ ਨੁਕਤਾ ਸਾਂਝਾ ਕਰਦਿਆਂ ਕਿਹਾ ਕਿ ਅਫ਼ੀਮ ਦੀ ਖੇਤੀ ਵਿੱਚ ਸਰਕਾਰ ਵੱਲੋਂ ਪੈਦਾਵਾਰ ਦੀ ਇੱਕ ਨਿਸ਼ਚਿਤ ਮਾਤਰਾ (Quantity) ਤੈਅ ਕੀਤੀ ਜਾਂਦੀ ਹੈ। ਜੇਕਰ ਮੌਸਮ ਖ਼ਰਾਬ ਹੋਣ ਕਾਰਨ ਝਾੜ ਘੱਟ ਜਾਵੇ, ਤਾਂ ਕਿਸਾਨਾਂ ‘ਤੇ ਐਫ.ਆਈ.ਆਰ. (FIR) ਦਰਜ ਹੁੰਦੀ ਸੀ। ਇਸੇ ਮੁਸੀਬਤ ਕਾਰਨ ਰਾਜਸਥਾਨ ਦੇ ਕਿਸਾਨਾਂ ਨੇ ਇਹ ਖੇਤੀ ਬੰਦ ਕੀਤੀ ਸੀ।
ਉਨ੍ਹਾਂ ਕਿਹਾ ਕਿ ਅਫ਼ੀਮ ਦੀ ਖੇਤੀ ਨੂੰ ਇੰਨਾ ਸੌਖਾ ਸਮਝਣਾ ਗਲਤ ਫਹਿਮੀ ਹੈ। ਇਸ ਨਾਲ ਨਸ਼ੇ ਦੀ ਉਪਲਬਧਤਾ ਵਧੇਗੀ, ਜੋ ਸਮਾਜ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਅਫ਼ੀਮ ਜਾਂ ਭੁੱਕੀ ਨੂੰ ‘ਸੁਰੱਖਿਅਤ ਨਸ਼ੇ’ ਵਜੋਂ ਪੇਸ਼ ਕਰਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਮੁਤਾਬਕ ਕਿਸਾਨਾਂ ਨੂੰ ਇਸ ਖੇਤੀ ਵਿੱਚ ਹੋਣ ਵਾਲੀਆਂ ਕਾਨੂੰਨੀ ਪੇਚੀਦਗੀਆਂ ਅਤੇ ਸਮਾਜਿਕ ਬੁਰਾਈਆਂ ਬਾਰੇ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ।
NDPS ਐਕਟ ਅਤੇ ਦੂਜੇ ਰਾਜ
ਭਾਰਤ ਵਿੱਚ ਕੇਂਦਰੀ ਨਾਰਕੋਟਿਕਸ ਬਿਊਰੋ (CBN) ਸਿਰਫ਼ ਮੈਡੀਕਲ ਅਤੇ ਵਿਗਿਆਨਕ ਖੋਜ ਲਈ ਚੋਣਵੇਂ ਰਾਜਾਂ (MP, UP, Rajasthan) ਵਿੱਚ ਅਫੀਮ ਦੀ ਖੇਤੀ ਦੇ ਲਾਇਸੈਂਸ ਜਾਰੀ ਕਰਦਾ ਹੈ। ਪੰਜਾਬ ਵਿੱਚ ਇਹ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ ਅਤੇ ਕਿਸੇ ਵੀ ਕਿਸਮ ਦੀ ਤਸਕਰੀ ‘ਤੇ ਤੁਰੰਤ ਗ੍ਰਿਫ਼ਤਾਰੀ ਹੁੰਦੀ ਹੈ।






